ਲੁਧਿਆਣੇ ਦੇ 4,40,473 ਰਾਸ਼ਨ ਕਾਰਡ ਹੋਲਡਰਾਂ ਨੂੰ 3 ਮਹੀਨੇ ਦੀ ਕਣਕ ਦਾ ਲਾਭ ਮਿਲਣਾ ਸ਼ੁਰੂ
Friday, Nov 07, 2025 - 04:24 PM (IST)
ਲੁਧਿਆਣਾ (ਖੁਰਾਣਾ)- ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਲੋਂ ਲੁਧਿਆਣਾ ਜ਼ਿਲੇ ਨਾਲ ਸਬੰਧਤ 440473 ਰਾਸ਼ਨ ਕਾਰਡ ਹੋਲਡਰ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਮੁਫਤ ਕਣਕ ਵੰਡਣ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਖੁਰਾਕ ਸਪਲਾਈ ਵਿਭਾਗ ਦੀ ਈਸਟ ਟੀਮ ਵਲੋਂ 55.37 ਫੀਸਦੀ ਕੰਮ ਨਜਿੱਠ ਲਿਆ ਗਿਆ ਹੈ, ਜਦੋਂਕਿ ਵੈਸਟ ਸਰਕਲ ਦੀ ਟੀਮ ਹਾਲ ਦੀ ਫੜੀ 11.82 ਫੀਸਦੀ ਤੱਕ ਹੀ ਕੰਮ ਮੁਕੰਮਲ ਕਰ ਸਕੀ ਹੈ।
ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੀ ਈਸਟ ਟੀਮ ਵਲੋਂ ਕੰਟ੍ਰੋਲਰ ਸ਼ਿਫਾਲੀ ਚੋਪੜਾ ਦੀ ਅਗਵਾਈ ਵਿਚ ਹਮੇਸ਼ਾਂ ਵਾਂਗ ਇਕ ਵਾਰ ਫਿਰ ਵੱਡੇ ਪੱਧਰ ’ਤੇ ਕਣਕ ਵੰਡਣ ਦਾ ਕੰਮ ਨਜਿੱਠ ਕੇ ਪਹਿਲੇ ਨੰਬਰ ’ਤੇ ਮੋਰਚਾ ਸੰਭਾਲਿਆ ਹੋਇਆ ਹੈ। ਜਾਣਕਾਰੀ ਮੁਤਾਬਕ ਸਰਕਾਰ ਵੱਲੋਂ ਯੋਜਨਾ ਨਾਲ ਜੁੜੇ ਰਾਸ਼ਨ ਕਾਰਡ ਹੋਲਡਰਾਂ ਨੂੰ 1 ਅਕਤੂਬਰ ਤੋਂ ਲੈ ਕੇ 31 ਦਸੰਬਰ ਤੱਕ ਦੇ 3 ਮਹੀਨਿਆਂ ਦੀ ਕਣਕ ਦਾ ਲਾਭ ਦਿੱਤਾ ਜਾ ਰਿਹਾ ਹੈ, ਜਿਸ ਵਿਚ ਰਾਸ਼ਨ ਕਾਰਡ ਵਿਚ ਦਰਜ ਹਰ ਮੈਂਬਰ ਨੂੰ 5 ਕਿਲੋ ਪ੍ਰਤੀ ਮਹੀਨੇ ਦੇ ਹਿਸਾਬ ਨਾਲ 15 ਕਿਲੋ ਮੁਫਤ ਕਣਕ ਦਿੱਤੀ ਜਾਵੇਗੀ।
ਕੰਟ੍ਰੋਲਰ ਸ਼ਿਫਾਲੀ ਚੋਪੜਾ ਅਤੇ ਸਰਤਾਜ ਸਿੰਘ ਚੀਮਾ ਨੇ ਦੱਸਿਆ ਕਿ ਸਰਕਾਰ ਵਲੋਂ ਮੌਜੂਦਾ ਫੇਸ ਵਿਚ ਲੁਧਿਆਣਾ ਜ਼ਿਲੇ ਦੇ 440473 ਰਾਸ਼ਨ ਕਾਰਡਧਾਰਕਾਂ ਨਾਲ ਸਬੰਧਤ ਸਾਢੇ 17 ਲੱਖ ਦੇ ਕਰੀਬ ਮੈਂਬਰਾਂ ਲਈ 252884 ਮੀਟ੍ਰਿਕ ਟਨ ਅਨਾਜ ਦਾ ਕੋਟਾ ਜਾਰੀ ਕੀਤਾ ਗਿਆ ਹੈ, ਜਿਸ ’ਚੋਂ 151667 ਪਰਿਵਾਰਾਂ ਨੂੰ 81335 ਮੀਟ੍ਰਿਕ ਟਨ ਕਣਕ ਵੰਡੀ ਜਾ ਚੁੱਕੀ ਹੈ।
