ਕਿਸ਼ਤ ਟੁੱਟਣ ''ਤੇ ਨੌਜਵਾਨ ਨੂੰ ਬੰਧਕ ਬਣਾ ਕੇ 3 ਘੰਟੇ ਤੱਕ ਕੁੱਟਿਆ

Saturday, Feb 14, 2026 - 05:29 PM (IST)

ਕਿਸ਼ਤ ਟੁੱਟਣ ''ਤੇ ਨੌਜਵਾਨ ਨੂੰ ਬੰਧਕ ਬਣਾ ਕੇ 3 ਘੰਟੇ ਤੱਕ ਕੁੱਟਿਆ

ਲੁਧਿਆਣਾ (ਰਾਜ): ਸ਼ਹਿਰ ਵਿਚ ਫਾਈਨਾਂਸ ਕੰਪਨੀਆਂ ਦੀ ਗੁੰਡਾਗਰਦੀ ਦਾ ਇਕ ਭਿਆਨਕ ਚਿਹਰਾ ਸਾਹਮਣੇ ਆਇਆ ਹੈ, ਜਿੱਥੇ ਮਹਿਜ਼ ਦੋ ਕਿਸ਼ਤਾਂ ਸਮੇਂ ਸਿਰ ਨਾ ਭਰਨ ਕਾਰਨ ਇਕ ਨੌਜਵਾਨ ਦੀ ਨਾ ਸਿਰਫ਼ ਬੇਇੱਜ਼ਤੀ ਕੀਤੀ ਗਈ, ਸਗੋਂ ਉਸ ਨੂੰ ਘੰਟਿਆਂ ਬੱਧੀ ਬੰਧਕ ਬਣਾ ਕੇ ਬੇਰਹਿਮੀ ਨਾਲ ਕੁੱਟਿਆ ਗਿਆ। ਇਹ ਸਨਸਨੀਖੇਜ਼ ਵਾਰਦਾਤ ਭਾਈਵਾਲਾ ਚੌਂਕ ਨੇੜੇ ਸਥਿਤ ਸੂਰਿਆ ਕੰਪਲੈਕਸ ਦੀ ਹੈ, ਜਿੱਥੇ ਫਾਈਨਾਂਸ ਕੰਪਨੀ ਦੇ ਕਰਿੰਦਿਆਂ ਨੇ ਕਾਨੂੰਨ ਨੂੰ ਛਿੱਕੇ ਟੰਗ ਕੇ ਇਕ ਵਿਅਕਤੀ ਨੂੰ ਬੰਧਕ ਬਣਾ ਲਿਆ। ਪੀੜਤ ਨੇ ਪੁਲਸ ਕੋਲ ਪਹੁੰਚ ਕੇ ਆਪਣੀ ਹੱਡਬੀਤੀ ਸੁਣਾਈ, ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 8 ਨੇ ਕੰਪਨੀ ਦੇ ਵਿਪਨ ਕੁਮਾਰ, ਨਵੀਨ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਸ਼ਿਕਾਇਤਕਰਤਾ ਹਰੀਸ਼ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਦੱਸਿਆ ਕਿ ਉਸ ਨੇ IDFC ਬੈਂਕ ਤੋਂ ਆਪਣਾ TVS Radeon ਮੋਟਰਸਾਈਕਲ ਫਾਈਨੈਂਸ ਕਰਵਾਇਆ ਸੀ। ਆਰਥਿਕ ਤੰਗੀ ਕਾਰਨ ਉਸ ਦੀਆਂ ਦੋ ਕਿਸ਼ਤਾਂ ਸਮੇਂ ਸਿਰ ਜਮ੍ਹਾਂ ਨਹੀਂ ਹੋ ਸਕੀਆਂ ਸਨ। ਇਸੇ ਗੱਲ ਨੂੰ ਲੈ ਕੇ 9 ਫਰਵਰੀ ਨੂੰ ਉਸ ਨੂੰ ਫ਼ੋਨ ਕਰਕੇ ਭਾਈਵਾਲਾ ਚੌਂਕ ਸਥਿਤ ਸੂਰਿਆ ਕੰਪਲੈਕਸ ਦੀ ਦੂਜੀ ਮੰਜ਼ਿਲ 'ਤੇ ਬੁਲਾਇਆ ਗਿਆ। ਜਿਵੇਂ ਹੀ ਪੀੜਤ ਉੱਥੇ ਪਹੁੰਚਿਆ ਤਾਂ ਮੁਲਜ਼ਮਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਨਾਲ ਗਾਲੀ-ਗਲੋਚ ਕਰਦਿਆਂ ਕੁੱਟਮਾਰ ਸ਼ੁਰੂ ਕਰ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਕੰਪਨੀ ਦੇ ਮੁਲਾਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਆਪਣੇ ਕੈਬਿਨ ਅੰਦਰ ਕਰੀਬ 3 ਘੰਟੇ ਤੱਕ ਨਾਜਾਇਜ਼ ਤੌਰ 'ਤੇ ਬੰਧਕ ਬਣਾ ਕੇ ਰੱਖਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ। 

ਪੁਲਸ ਨੇ ਦਿੱਤਾ ਕਾਨੂੰਨੀ ਕਰਵਾਈ ਦਾ ਭਰੋਸਾ

ਪੀੜਤ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਕਾਨੂੰਨ ਦੀ ਪਰਵਾਹ ਕੀਤੇ ਬਿਨਾਂ ਉਸ ਨੂੰ ਬੰਧਕ ਬਣਾਇਆ ਅਤੇ ਸਰੀਰਕ ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ। ਪੁਲਸ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਸੀ.ਸੀ.ਟੀ.ਵੀ ਫੁਟੇਜ ਖੰਗਾਲ ਕੇ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
 


author

Anmol Tagra

Content Editor

Related News