65 ਸਾਲਾ ਬਜ਼ੁਰਗ 25 ਸਾਲਾ ਲੜਕੀ ਨੂੰ ਧੀ ਬਣਾ ਕੇ ਕਰਦਾ ਰਿਹਾ ਜਬਰ-ਜ਼ਨਾਹ

03/29/2019 10:12:55 AM

ਜਲੰਧਰ (ਸ਼ੋਰੀ)—ਦਕੋਹਾ ਸਥਿਤ ਇਕ ਧਾਰਮਕ ਸਥਾਨ ਵਿਚ ਸੇਵਾਦਾਰ ਦਾ ਕੰਮ ਕਰਨ ਵਾਲੇ ਕਰੀਬ 65 ਸਾਲਾ ਬਜ਼ੁਰਗ ਨੇ 25 ਸਾਲਾ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ, ਬਜ਼ੁਰਗ ਲਗਾਤਾਰ ਲੜਕੀ ਨਾਲ ਜਬਰ-ਜ਼ਨਾਹ ਕਰਦਾ ਰਿਹਾ ਤੇ ਉਸ ਨੂੰ ਧਮਕਾਉਂਦਾ ਰਿਹਾ। ਇਸ ਦੌਰਾਨ ਲੜਕੀ ਗਰਭਵਤੀ ਵੀ ਹੋ ਗਈ। ਕਿਸੇ ਤਰ੍ਹਾਂ ਉਥੋਂ ਬਚ ਕੇ ਨਿਕਲੀ ਲੜਕੀ ਨੇ ਲੁਧਿਆਣਾ ਆ ਕੇ ਆਪਣੇ ਪਰਿਵਾਰ ਨੂੰ ਪੂਰੀ ਗੱਲ ਦੱਸੀ। ਮਾਮਲੇ ਦੀ ਜਾਣਕਾਰੀ ਪੁਲਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਕੋਲ ਪਹੁੰਚੀ, ਜਿਨ੍ਹਾਂ ਤੁਰੰਤ ਕੇਸ ਦਰਜ ਕਰਨ ਦਾ ਹੁਕਮ ਦਿੱਤਾ।
ਜਾਣਕਾਰੀ ਮੁਤਾਬਕ ਲੁਧਿਆਣਾ ਦੇ ਬਸਤੀ ਜੋਧੇਵਾਲ ਵਾਸੀ 25 ਸਾਲਾ ਲੜਕੀ ਸੋਨੀਆ (ਕਾਲਪਨਿਕ ਨਾਂ) ਦੀ ਮਾਂ ਦੀ ਦਿਮਾਗੀ ਹਾਲਤ ਠੀਕ ਨਹੀਂ ਰਹਿੰਦੀ ਸੀ ਅਤੇ ਮਾਂ ਉਸ ਨਾਲ ਲੜਨ-ਝਗੜਨ ਤੋਂ ਇਲਾਵਾ ਕੁੱਟ-ਮਾਰ ਵੀ ਕਰਦੀ ਰਹਿੰਦੀ ਸੀ। ਮਾਂ ਦੀ ਕੁੱਟ-ਮਾਰ ਤੋਂ ਦੁਖੀ ਹੋ 11.3.2018 ਨੂੰ ਉਹ ਘਰੋਂ ਭੱਜ ਗਈ ਅਤੇ ਲੁਧਿਆਣਾ ਬੱਸ ਸਟੈਂਡ ਪਹੁੰਚੀ ਅਤੇ ਬੱਸ ਵਿਚ ਬੈਠ ਕੇ ਜਲੰਧਰ ਬੱਸ ਸਟੈਂਡ ਪਹੁੰਚ ਗਈ। ਉਸਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਿੱਥੇ ਜਾਵੇ। ਬੱਸ ਸਟੈਂਡ ਦੇ ਬਾਹਰ ਆਟੋ ਵਾਲਾ ਮਿਲਿਆ, ਜਿਸ ਨੂੰ ਉਸਨੇ ਝੂਠ ਹੀ ਕਿਹਾ ਕਿ ਉਹ ਅਨਾਥ ਹੈ ਤੇ ਰਹਿਣ ਲਈ ਕੋਈ ਥਾਂ ਨਹੀਂ ਹੈ।

ਆਟੋ ਚਾਲਕ ਉਸਨੂੰ ਦਕੋਹਾ ਵਿਖੇ ਇਕ ਧਾਰਮਕ ਸਥਾਨ ਵਿਚ ਲੈ ਗਿਆ ਅਤੇ ਉਥੇ ਸੇਵਾਦਾਰ ਮੰਗਲ ਕੋਹਲੀ (65) ਜੋ ਕਿ ਉਸਦੇ ਦਾਦੇ ਦੀ ਉਮਰ ਦਾ ਹੈ, ਨੇ ਉਸਨੂੰ ਕਿਹਾ ਕਿ ਉਹ ਇਥੇ ਰਹਿ ਕੇ ਉਸਦੀ ਸੇਵਾ ਕਰੇ। ਕੁਝ ਦਿਨ ਉਹ ਉਥੇ ਰਹੀ ਅਤੇ ਬਾਅਦ ਵਿਚ ਉਸਦਾ ਆਪਣੇ ਭਰਾ ਨਾਲ ਸੰਪਰਕ ਹੋਣ ਤੋਂ ਬਾਅਦ ਭਰਾ ਉਸਨੂੰ ਵਾਪਸ ਲੁਧਿਆਣਾ ਲੈ ਗਿਆ।

ਪੀੜਤ ਸੋਨੀਆ ਨੇ ਦੱਸਿਆ ਕਿ ਕੁਝ ਦਿਨਾਂ ਤੱਕ ਲੁਧਿਆਣਾ ਵਿਖੇ ਆਪਣੇ ਪਰਿਵਾਰ ਨਾਲ ਠੀਕ-ਠਾਕ ਰਹੀ ਪਰ ਬਾਅਦ ਵਿਚ ਮਾਂ ਨੇ ਦੁਬਾਰਾ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਆਖਿਰ ਦੁਖੀ ਹੋ ਉਹ ਫਿਰ ਜਲੰਧਰ ਉਸ ਸੇਵਾਦਾਰ ਕੋਲ ਆ ਗਈ ਪਰ ਇਸ ਵਾਰ ਸੇਵਾਦਾਰ ਉਸਨੂੰ ਧਾਰਮਕ ਸਥਾਨ ਵਿਚ ਰੱਖਣ ਦੀ ਥਾਂ ਕਾਲੀਆ ਕਾਲੋਨੀ ਵਿਚ ਇਕ ਕਿਰਾਏ ਦੇ ਮਕਾਨ ਵਿਚ ਲੈ ਗਿਆ। ਬਜ਼ੁਰਗ ਇਹ ਕਹਿ ਕੇ ਧਮਕਾਉਂਦਾ ਰਿਹਾ ਕਿ ਉਸਨੇ ਪਹਿਲਾਂ ਵੀ 2 ਕਤਲ ਕੀਤੇ ਹਨ ਅਤੇ ਉਹ ਉਸਨੂੰ ਵੀ ਮਾਰ ਦੇਵੇਗਾ। ਇਹ ਡਰਾਵਾ ਦੇ ਕੇ ਬਜ਼ੁਰਗ ਉਸ ਨਾਲ ਜਬਰ-ਜ਼ਨਾਹ ਕਰਨ ਲੱਗਾ। ਬਜ਼ੁਰਗ ਮੰਗਲ ਕੋਹਲੀ ਉਸਨੂੰ ਰਾਮਾਮੰਡੀ ਕ੍ਰਿਸ਼ਨਾ ਸਵੀਟਸ ਵਾਲੀ ਗਲੀ ਵਿਚ ਵੀ ਕਿਰਾਏ ਦੇ ਮਕਾਨ ਵਿਚ ਲੈ ਗਿਆ ਅਤੇ ਲੋਕਾਂ ਨੂੰ ਕਹਿੰਦਾ ਸੀ ਕਿ ਉਹ ਉਸਦੀ ਨੂੰਹ ਹੈ ਅਤੇ ਬੇਟਾ ਵਿਦੇਸ਼ ਗਿਆ ਹੋਇਆ ਹੈ। ਉਸ ਤੋਂ ਬਾਅਦ ਉਸਨੂੰ ਪਤਾ ਲੱਗਾ ਕਿ ਲੜਕੀ ਗਰਭਵਤੀ ਹੋ ਗਈ ਹੈ ਤਾਂ ਉਸਨੂੰ ਪੀ. ਏ. ਪੀ. ਸਥਿਤ ਹਸਪਤਾਲ ਲੈ ਗਿਆ, ਜਿਥੇ ਉਸਦੇ ਪਤੀ ਦਾ ਨਾਂ ਵੀ ਗਲਤ ਲਿਖਵਾ ਕੇ ਡਾਕਟਰਾਂ ਨੂੰ ਕਹਿਣ ਲੱਗਾ ਕਿ ਉਹ ਉਸਦੀ ਨੂੰਹ ਹੈ।

ਉਸਦੇ ਪੇਟ ਦੀ ਅਲਟਰਾਸਾਊਂਡ ਹੋਈ ਹੈ ਅਤੇ ਡਾਕਟਰਾਂ ਨੇ ਕਿਹਾ ਕਿ ਉਹ ਗਰਭਵਤੀ ਹੈ। ਉਸ ਨੂੰ ਕਮਰੇ ਵਿਚ ਤਾਲਾ ਲਾ ਕੇ ਬੰਦ ਕਰ ਕੇ ਰੱਖਿਆ ਜਾਣ ਲੱਗਾ। ਆਖਿਰ 7 ਮਾਰਚ ਨੂੰ ਉਹ ਕਿਸੇ ਤਰ੍ਹਾਂ ਕਮਰੇ ਵਿਚੋਂ ਨਿਕਲੀ ਅਤੇ ਮੋਟਰਸਾਈਕਲ ਸਵਾਰ ਕੋਲੋਂ ਲਿਫਟ ਲੈ ਕੇ ਬੱਸ ਸਟੈਂਡ ਪਹੁੰਚੀ ਅਤੇ ਬੱਸ ਫੜ ਕੇ ਲੁਧਿਆਣਾ ਆਪਣੇ ਘਰ ਪਹੁੰਚੀ। ਲੜਕੀ ਮੁਤਾਬਕ ਬਜ਼ੁਰਗ ਨੇ ਪਹਿਲੀ ਮੁਲਾਕਾਤ ਵਿਚ ਉਸਨੂੰ ਭਰੋਸਾ ਦਿਵਾਇਆ ਸੀ ਕਿ ਉਹ ਉਸਨੂੰ ਆਪਣੀ ਧੀ ਬਣਾ ਕੇ ਰੱਖੇਗਾ ਤੇ ਉਸਦਾ ਕੰਨਿਆਦਾਨ ਵੀ ਕਰੇਗਾ ਪਰ ਬਜ਼ੁਰਗ ਨੇ ਉਸਦੀ ਜ਼ਿੰਦਗੀ ਹੀ ਉਜਾੜ ਦਿੱਤੀ। ਲੜਕੀ ਮੁਤਾਬਕ ਬਜ਼ੁਰਗ ਨੇ ਉਸ ਕੋਲੋਂ ਖਾਲੀ ਕਾਗਜ਼ਾਂ 'ਤੇ ਸਾਈਨ ਤੱਕ ਕਰਵਾਏ ਹਨ।

ਉਥੇ ਏ. ਸੀ. ਪੀ. ਸੈਂਟਰਲ ਹਰਸਿਮਰਨ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਮੰਗਲ ਕੋਹਲੀ ਪਹਿਲਾਂ ਹੀ ਕਿਸੇ ਕੇਸ ਵਿਚ ਜੇਲ ਵਿਚ ਬੰਦ ਹੈ ਤੇ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਕੋਹਲੀ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸਨੂੰ ਪੁਲਸ ਜੇਲ ਵਿਚੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕਰੇਗੀ। ਔਰਤਾਂ 'ਤੇ ਹੋਣ ਵਾਲੇ ਅੱਤਿਆਚਾਰਾਂ ਪ੍ਰਤੀ ਪੁਲਸ ਪੂਰੀ ਤਰ੍ਹਾਂ ਗੰਭੀਰ ਹੈ।


Shyna

Content Editor

Related News