ਡੇਰਾਬੱਸੀ ਦੇ ਹੋਟਲ ''ਚ ਕਰਾਟੇ ਖਿਡਾਰਣ ਦੀ ਇੱਜ਼ਤ ਤਾਰ-ਤਾਰ, ਨੌਜਵਾਨ ਫਰਾਰ

Saturday, Dec 14, 2019 - 12:35 PM (IST)

ਡੇਰਾਬੱਸੀ ਦੇ ਹੋਟਲ ''ਚ ਕਰਾਟੇ ਖਿਡਾਰਣ ਦੀ ਇੱਜ਼ਤ ਤਾਰ-ਤਾਰ, ਨੌਜਵਾਨ ਫਰਾਰ

ਡੇਰਾਬੱਸੀ (ਅਨਿਲ) : ਪੱਛਮੀ ਬੰਗਾਲ ਤੋਂ ਟਰੇਨ 'ਚ ਆ ਰਹੀ 20 ਸਾਲਾ ਲੜਕੀ ਦੇ ਸਫਰ ਦੌਰਾਨ ਦੋਸਤ ਬਣੇ ਨੌਜਵਾਨ ਨੇ ਉਸ ਨੂੰ ਅਗਵਾ ਕਰਕੇ ਡੇਰਾਬੱਸੀ ਦੇ ਹੋਟਲ 'ਚ ਬਲਾਤਕਾਰ ਕੀਤਾ ਅਤੇ ਉਸ ਨੂੰ ਇਕੱਲੀ ਛੱਡ ਕੇ ਫਰਾਰ ਹੋ ਗਿਆ। ਪੀੜਤ ਲੜਕੀ ਨੂੰ ਪੰਚਕੂਲਾ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਪੀੜਤਾ ਪੱਛਮੀ ਬੰਗਾਲ ਤੋਂ ਦਿਹਾਣਾ ਵਿਖੇ ਕਰਾਟੇ ਮੁਕਾਬਲੇ 'ਚ ਹਿੱਸਾ ਲੈ ਕੇ ਆਈ ਸੀ। ਟਰੇਨ 'ਚ ਉਸ ਨੂੰ ਕੁਲਵਿੰਦਰ ਨਾਂ ਦਾ ਇਕ ਨੌਜਵਾਨ ਮਿਲਿਆ, ਜਿਸ ਨਾਲ ਜਾਣ-ਪਛਾਣ ਤੋਂ ਬਾਅਦ ਦੋਵੇਂ ਕਾਫੀ ਘੁਲ-ਮਿਲ ਗਏ।

ਅੰਬਾਲਾ ਰੇਲਵੇ ਸਟੇਸ਼ਨ 'ਤੇ ਉਤਰਨ ਤੋਂ ਬਾਅਦ ਕੁਲਵਿੰਦਰ ਨਾਲ ਉਹ ਇਕ ਆਟੋ 'ਚ ਚੰਡੀਗੜ੍ਹ ਲਈ ਰਵਾਨਾ ਹੋਈ ਪਰ ਲੜਕੀ ਮੁਤਾਬਕ ਆਟੋ ਵਾਲੇ ਨੇ ਦੋਹਾਂ ਨੂੰ ਡੇਰਾਬੱਸੀ 'ਚ ਹੀ ਉਤਾਰ ਦਿੱਤਾ, ਜਿੱਥੇ ਉਹ ਇਕ ਹੋਟਲ 'ਚ ਰੁਕ ਗਏ। ਇਸ ਦੌਰਾਨ ਕੁਲਵਿੰਦਰ ਨੇ ਪੀੜਤਾ ਦੀ ਇੱਜ਼ਤ ਤਾਰ-ਤਾਰ ਕੀਤੀ ਅਤੇ ਫਿਰ ਉਸ ਨੂੰ ਇਕੱਲੀ ਛੱਡ ਕੇ ਫਰਾਰ ਹੋ ਗਿਆ। ਸ਼ੁੱਕਰਵਾਰ ਤੜਕੇ ਸਵੇਰੇ 4 ਵਜੇ ਕੁੜੀ ਨੇ 112 ਨੰਬਰ ਡਾਇਲ ਕਰਕੇ ਪੁਲਸ ਤੋਂ ਮਦਦ ਮੰਗੀ। ਇਸ ਤੋਂ ਪਹਿਲਾਂ ਕਿ ਪੁਲਸ ਪੁੱਜਦੀ, ਲੜਕੀ ਭਟਕਦੀ ਹੋਈ ਪੰਚਕੂਲਾ ਦੇ ਇੰਡਸਟਰੀਅਲ ਏਰੀਆ 'ਚ ਪੁੱਜ ਗਈ। ਪੁਲਸ ਨੇ ਉਸ ਨੂੰ ਉੱਥੇ ਟਰੇਸ ਕੀਤਾ।

ਪੀੜਤਾ ਦੇ ਪੈਰ 'ਤੇ ਸੱਟ ਲੱਗੀ ਹੋਈ ਸੀ, ਜਿਸ 'ਤੇ ਉਸ ਨੂੰ ਪੰਚਕੂਲਾ ਦੇ ਸੈਕਟਰ-6 ਸਰਕਾਰੀ ਹਸਪਤਾਲ 'ਚ ਭਰਤੀ ਕਰਾਇਆ ਗਿਆ। ਡੇਰਾਬੱਸੀ ਥਾਣਾ ਮੁਖੀ ਸਬ ਇੰਸਪੈਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਉਹ ਲੜਕੀ ਦਾ ਪਤਾ ਲੈਣ ਲਈ ਹਸਪਤਾਲ ਪੁੱਜੇ। ਪਹਿਲਾਂ ਲੜਕੀ ਨੇ ਆਪਣੇ ਨਾਲ ਕੁਝ ਵੀ ਗਲਤ ਨਾ ਹੋਣ ਦਾ ਬਿਆਨ ਦਿੱਤਾ ਪਰ ਬਾਅਦ 'ਚ ਦਰਜ ਹੋਏ ਬਿਆਨ 'ਚ ਉਸ ਨੇ ਦੋਸ਼ ਲਾਇਆ ਕਿ ਕੁਲਵਿੰਦਰ ਨਾਂ ਦਾ ਨੌਜਵਾਨ ਧੋਖੇ ਨਾਲ ਉਸ ਨੂੰ ਡੇਰਾਬੱਸੀ ਲੈ ਆਇਆ, ਜਿੱਥੇ ਕੁਝ ਦੇਰ ਇਕ ਹੋਟਲ 'ਚ ਰੁਕਣ ਦੇ ਬਹਾਨੇ ਉਸ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਫਰਾਰ ਹੋ ਗਿਆ। ਪੁਲਸ ਮੁਤਾਬਕ ਪੀੜਤਾ ਦੇ ਬਿਆਨਾਂ 'ਤੇ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਕੇਸ ਦੀ ਜਾਂਚ ਗੰਭੀਰਤਾ ਨਾਲ ਸ਼ੁਰੂ ਕਰ ਦਿੱਤੀ ਗਈ ਹੈ।


author

Babita

Content Editor

Related News