ਨਕੋਦਰ ਬੱਸ ਸਟੈਂਡ ’ਚ ਗੋਲੀ ਚਲਾ ਕੇ ਲੁਟੇਰੇ ਮੋਟਰਸਾਈਕਲ ਖੋਹ ਕੇ ਫਰਾਰ, ਇਲਾਕੇ ’ਚ ਦਹਿਸ਼ਤ

Thursday, Feb 26, 2026 - 10:51 PM (IST)

ਨਕੋਦਰ ਬੱਸ ਸਟੈਂਡ ’ਚ ਗੋਲੀ ਚਲਾ ਕੇ ਲੁਟੇਰੇ ਮੋਟਰਸਾਈਕਲ ਖੋਹ ਕੇ ਫਰਾਰ, ਇਲਾਕੇ ’ਚ ਦਹਿਸ਼ਤ

ਨਕੋਦਰ (ਪਾਲੀ) – ਸ਼ਹਿਰ ਵਿਚ ਕਾਨੂੰਨ-ਵਿਵਸਥਾ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਬੇਖੌਫ਼ ਲੁਟੇਰੇ ਅੱਜ ਸ਼ਾਮ ਨਕੋਦਰ ਬੱਸ ਸਟੈਂਡ ਅੰਦਰ ਗੋਲੀ ਚਲਾ ਕੇ ਇਕ ਨੌਜਵਾਨ ਤੋਂ ਮੋਟਰਸਾਈਕਲ ਖੋਹ ਕੇ ਸ਼ਰੇਆਮ ਫਰਾਰ ਹੋ ਗਏ। ਉਕਤ ਗੋਲੀ ਦੀ ਵਾਰਦਾਤ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਬੱਸ ਸਟੈਂਡ ਅੰਦਰ ਸਵਾਰੀਆਂ ’ਚ ਹਫੜਾ-ਦਫੜੀ ਮੱਚ ਗਈ। ਉਧਰ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਨਕੋਦਰ ਓਂਕਾਰ ਸਿੰਘ ਬਰਾੜ, ਸਿਟੀ ਥਾਣਾ ਮੁਖੀ ਹਰਮਿੰਦਰ ਸਿੰਘ, ਸਦਰ ਥਾਣਾ ਮੁਖੀ ਦਿਲਬਾਗ ਸਿੰਘ ਸਮੇਤ ਪੁਲਸ ਪਾਰਟੀ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।

ਜਾਣਕਾਰੀ ਦਿੰਦੇ ਹੋਏ ਪੀੜਤ ਨੌਜਵਾਨ ਯੁਸ਼ਾਂਤ ਗੋਇਲ ਪੁੱਤਰ ਨਰਿੰਦਰ ਗੋਇਲ ਵਾਸੀ ਸਬਜ਼ੀ ਮੰਡੀ ਨਕੋਦਰ ਨੇ ਦੱਸਿਆ ਕਿ ਉਹ ਅੱਜ ਸ਼ਾਮ ਕਰੀਬ 7 ਵਜੇ ਆਪਣੇ ਦੋਸਤ ਪ੍ਰਿੰਸ ਨਾਲ ਮੋਟਰਸਾਈਕਲ ਨੰਬਰ ਪੀ ਬੀ-24ਸੀ ਸੀ-8701 ਸਪਲੈਂਡਰ ਤੇ ਬੱਸ ਸਟੈਂਡ ਤੋਂ ਸਾਮਾਨ ਲੈਣ ਆਏ ਸਨ। ਇਸ ਦੌਰਾਨ ਜਦੋਂ ਉਹ ਬੱਸ ਦੀ ਉਡੀਕ ਕਰ ਰਹੇ ਸਨ ਤਾਂ ਦੋ ਅਣਪਛਾਤੇ ਨੌਜਵਾਨ ਆਏ ਤੇ ਪਿਸਤੌਲ ਦੀ ਨੋਕ ਤੇ ਮੋਟਰਸਾਈਕਲ ਖੋਹਣ ਲੱਗੇ। ਜਦੋਂ ਵਿਰੋਧ ਕੀਤਾ ਤਾਂ ਇਕ ਨੌਜਵਾਨ ਨੇ ਅਚਾਨਕ ਥੱਲੇ ਜ਼ਮੀਨ ਤੇ ਫਾਇਰ ਕਰ ਦਿੱਤਾ। ਉਪਰੰਤ ਲੁਟੇਰੇ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ। ਗੋਲੀ ਚੱਲਣ ਕਾਰਨ ਬੱਸ ਸਟੈਂਡ ’ਚ ਭਗਦੜ ਮਚ ਗਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਗੋਲੀ ਚੱਲੀ ਉਸ ਸਮੇਂ ਬੱਸ ਸਟੈਂਡ ਅੰਦਰ ਕਾਫੀ ਸਵਾਰੀਆਂ ਦੀ ਭੀੜ ਸੀ।

‘ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਰਹੀ ਹੈ : ਡੀ. ਐੱਸ. ਪੀ. ਬਰਾੜ
ਇਸ ਸਬੰਧੀ ਮੌਕੇ ਤੇ ਪਹੁੰਚੇ ਡੀ. ਐੱਸ. ਪੀ. ਨਕੋਦਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਜਾਵੇਗਾ। ਘਟਨਾ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਕੇ ਦੋਸ਼ੀਆਂ ਦੀ ਪਛਾਣ ਕੀਤੀ ਜਾਵੇਗੀ।


author

Inder Prajapati

Content Editor

Related News