ਡਿਊਟੀ ''ਤੇ ਤਾਇਨਾਤ ਰੇਲਵੇ ਗੇਟਮੈਨ ਨਾਲ ਨੌਜਵਾਨਾਂ ਕੀਤੀ ਕੁੱਟਮਾਰ, ਤੇਜ਼ਧਾਰ ਹਥਿਆਰ ਨਾਲ ਜ਼ਖ਼ਮੀ ਕਰ ਕੇ ਲੁੱਟਿਆ
Monday, Aug 19, 2024 - 08:10 PM (IST)
![ਡਿਊਟੀ ''ਤੇ ਤਾਇਨਾਤ ਰੇਲਵੇ ਗੇਟਮੈਨ ਨਾਲ ਨੌਜਵਾਨਾਂ ਕੀਤੀ ਕੁੱਟਮਾਰ, ਤੇਜ਼ਧਾਰ ਹਥਿਆਰ ਨਾਲ ਜ਼ਖ਼ਮੀ ਕਰ ਕੇ ਲੁੱਟਿਆ](https://static.jagbani.com/multimedia/20_08_33529266001.jpg)
ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਬੁੰਗਾ ਸਾਹਿਬ-ਨੂਰਪੁਰ ਬੇਦੀ ਮਾਰਗ 'ਤੇ ਸਥਿਤ ਰੇਲਵੇ ਫਾਟਕ ਨੰਬਰ 60 ਸੀ 'ਤੇ ਤਾਇਨਾਤ ਗੇਟਮੈਨ ਦੀ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਗੁੰਮਟੀ ਅੰਦਰ ਦਾਖਲ ਹੋ ਕੇ ਉਸ ਦੀ ਕੁੱਟਮਾਰ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਹ ਹਮਲਾਵਰ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਉਸ ਨੂੰ ਗੰਭੀਰ ਜ਼ਖਮੀ ਕਰ ਕੇ ਉਸ ਦਾ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਰੇਲਵੇ ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਅਣਪਛਾਤੇ ਹਮਲਾਵਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜੀ.ਆਰ.ਪੀ. ਰੂਪਨਗਰ ਦੇ ਇੰਚਾਰਜ ਏ.ਐੱਸ.ਆਈ. ਸੁਗਰੀਵ ਚੰਦ ਨੇ ਦੱਸਿਆ ਕਿ ਪੁਲਸ ਨੂੰ ਨਰਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਗੇਟਮੈਨ ਗੇਟ ਨੰਬਰ 60 ਸੀ, ਦਰਮਿਆਨ ਰੇਲਵੇ ਸਟੇਸ਼ਨ ਭਰਤਗੜ੍ਹ-ਕੀਰਤਪੁਰ ਸਾਹਿਬ ,ਬੁੰਗਾ ਸਾਹਿਬ-ਨੂਰਪੁਰ ਬੇਦੀ ਲਿੰਕ ਰੋਡ, ਨੇੜੇ ਬੁੰਗਾ ਸਾਹਿਬ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਮਿਤੀ 17 ਅਗਸਤ ਰਾਤ 8 ਵਜੇ ਤੋਂ ਮਿਤੀ 18 ਅਗਸਤ ਸਵੇਰੇ 8 ਵਜੇ ਤੱਕ ਉਸ ਦੀ ਡਿਊਟੀ ਉਕਤ ਰੇਲਵੇ ਫਾਟਕ ਨੰਬਰ 60 ਸੀ 'ਤੇ ਲੱਗੀ ਹੋਈ ਸੀ। ਮਿਤੀ 18 ਅਗਸਤ ਰਾਤ ਕਰੀਬ 1 ਵਜੇ ਉਸ ਨੇ ਵੀਸੈਨ ਲੋਡ ਕੀਰਤਪੁਰ ਸਾਹਿਬ ਪਾਸ ਕਰ ਕੇ ਗੇਟ ਖੋਲ੍ਹਿਆ, ਜਦੋਂ ਗੇਟ ਤੋਂ ਸਾਰੀ ਟਰੈਫਿਕ ਲੰਘ ਗਈ ਤਾਂ ਤਿੰਨ ਵਿਅਕਤੀ ਗੇਟ ਤੋਂ ਪੂਰਬ ਵਾਲੀ ਸਾਈਡ 'ਤੇ ਖੜ੍ਹੇ ਸੀ ਅਤੇ ਉਨਾਂ ਵਿੱਚੋਂ ਇੱਕ ਵਿਅਕਤੀ ਨੇ ਪੁੱਛਿਆ ਕਿ ਆਨੰਦਪੁਰ ਸਾਹਿਬ ਨੂੰ ਕਿਹੜਾ ਰਸਤਾ ਜਾਂਦਾ ਹੈ।
ਇਹ ਵੀ ਪੜ੍ਹੋ- ਕੋਲਕਾਤਾ ਰੇਪ ਤੇ ਕਤਲ ਮਾਮਲੇ 'ਚ ਮਹਿਲਾ ਡਾਕਟਰ ਦੇ ਮਾਪਿਆਂ ਦਾ ਵੱਡਾ ਬਿਆਨ, ਕੀਤੇ ਕਈ ਅਹਿਮ ਖੁਲਾਸੇ
ਇਸ ਦਾ ਜਵਾਬ ਦਿੰਦੇ ਹੋਏ ਉਸ ਨੇ ਕਿਹਾ ਕਿ ਅੱਗੇ ਜਾ ਕੇ ਖੱਬੇ ਪਾਸੇ ਮੁੜ ਜਾਣਾ ਤੇ ਇਸ ਤੋਂ ਬਾਅਦ ਉਹ ਗੁੰਮਟੀ ਵਿੱਚ ਚਲਾ ਗਿਆ ਤੇ ਆਪਣੀ ਬੁੱਕ ਵਿੱਚ ਐਂਟਰੀ ਕਰਨ ਲੱਗਾ। ਇਸ ਮਗਰੋਂ ਉਹ ਵਿਅਕਤੀ ਉਸ ਦੇ ਪਿੱਛੇ ਗੁੰਮਟੀ ਅੰਦਰ ਆ ਗਿਆ ਅਤੇ ਉਸ ਦੇ ਨਾਲ ਹੀ ਦੂਸਰੇ ਦੋਵੇਂ ਵਿਅਕਤੀ ਵੀ ਗੁੰਮਟੀ ਅੰਦਰ ਆ ਗਏ। ਉਨ੍ਹਾਂ 'ਚੋਂ ਇੱਕ ਵਿਅਕਤੀ ਬੋਲਿਆ ਕਿ ਇਸ ਦੀ ਤਲਾਸ਼ੀ ਲਓ। ਇਸ 'ਤੇ ਗੇਟਮੈਨ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਕੀ ਕਰ ਰਹੇ ਹੋ ਤੇ ਇਸ ਤੋਂ ਬਾਅਦ ਉਸ ਨੇ ਇਸ ਬਾਰੇ ਸਟੇਸ਼ਨ ਮਾਸਟਰ ਕੀਰਤਪੁਰ ਸਾਹਿਬ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਇੱਕ ਤਿੱਖੀ ਚੀਜ਼ ਸਰਕਾਰੀ ਫੋਨ 'ਤੇ ਮਾਰੀ ਤੇ ਫੋਨ ਹੇਠਾਂ ਡਿੱਗ ਗਿਆ। ਦੂਸਰੇ ਵਿਅਕਤੀ ਨੇ ਤਿੱਖੀ ਚੀਜ਼ ਨਾਲ ਉਸ ਦੀ ਖੱਬੀ ਬਾਂਹ ਦੀ ਕੂਹਣੀ 'ਤੇ ਵਾਰ ਕੀਤਾ ਅਤੇ ਇਕ ਵਿਅਕਤੀ ਨੇ ਤਿੱਖੀ ਚੀਜ਼ ਨਾਲ ਉਸ ਦੇ ਖੱਬੇ ਹੱਥ 'ਤੇ ਵਾਰ ਕੀਤਾ,ਜਿਸ ਕਾਰਨ ਉਸ ਦੀਆਂ ਤਿੰਨ ਉਗਲਾਂ 'ਤੇ ਕੱਟ ਲੱਗ ਗਿਆ।
ਇਸ ਮਗਰੋਂ ਉਨ੍ਹਾਂ ਨੇ ਜ਼ਬਰਦਸਤੀ ਉਸ ਦੀ ਜੇਬ 'ਚੋਂ ਉਸ ਦਾ ਰੈਡਮੀ ਨੋਟ 13 ਪ੍ਰੋ ਫੋਨ ਕੱਢ ਲਿਆ ਅਤੇ ਕਿਸੇ ਤਿੱਖੀ ਚੀਜ਼ ਨਾਲ ਖੱਬੇ ਮੋਢੇ 'ਤੇ ਵਾਰ ਕੀਤਾ ਤੇ ਕੁੱਟਮਾਰ ਕਰ ਕੇ ਗੁੰਮਟੀ ਵਿੱਚ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਉਸ ਸਮੇਂ ਉਹ ਆਨ ਡਿਊਟੀ ਸਟੇਸ਼ਨ ਮਾਸਟਰ ਕੀਰਤਪੁਰ ਸਾਹਿਬ ਨੂੰ ਫੋਨ ਕਰ ਕੇ ਦੱਸਿਆ ਤਾਂ ਸਟੇਸ਼ਨ ਮਾਸਟਰ ਨੇ ਉੱਥੇ 108 ਐਂਬੂਲੈਂਸ ਭੇਜ ਦਿੱਤੀ, ਜਿਨ੍ਹਾਂ ਨੇ ਉਸ ਨੂੰ ਸਿਵਲ ਹਸਪਤਾਲ ਭਰਤਗੜ੍ਹ ਵਿਖੇ ਦਾਖਲ ਕਰਵਾਇਆ। ਉਸ ਦੀ ਖੱਬੀ ਬਾਂਹ ਦੀ ਕੂਹਣੀ ਅਤੇ ਖੱਬੇ ਹੱਥ ਦੀਆਂ ਉਗਲਾਂ 'ਤੇ ਟਾਂਕੇ ਲੱਗੇ ਹਨ।
ਇਹ ਵੀ ਪੜ੍ਹੋ- ਸੁਖਬੀਰ ਬਾਦਲ ਨੇ ਵਿਸ਼ਾਲ ਇਕੱਠ ਨੂੰ ਕੀਤਾ ਸੰਬੋਧਨ, ਕਿਹਾ- 'ਖਾਲਸਾ ਪੰਥ ਦੇ ਹਿੱਤਾਂ ਨਾਲ ਕਦੇ ਨਹੀਂ ਕਰਾਂਗੇ ਸਮਝੌਤਾ...'
ਉਸ ਨੇ ਦੱਸਿਆ ਕਿ ਇਹ ਤਿੰਨਾਂ ਵਿਅਕਤੀਆਂ ਦੀ ਉਮਰ ਲਗਭਗ 25-30 ਸਾਲ ਸੀ, ਜਿਨ੍ਹਾਂ ਨੂੰ ਉਹ ਸਾਹਮਣੇ ਆਉਣ 'ਤੇ ਪਹਿਚਾਣ ਸਕਦਾ ਹੈ। ਇਨ੍ਹਾਂ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕਰ ਕੇ ਜ਼ਬਰਦਸਤੀ ਮੋਬਾਈਲ ਫੋਨ ਖੋਹਿਆ ਅਤੇ ਉਸ ਦੀ ਡਿਊਟੀ ਵਿੱਚ ਵਿਘਨ ਪਾਇਆ ਹੈ, ਇਨ੍ਹਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਏ.ਐੱਸ.ਆਈ. ਸੁਗਰੀਵ ਚੰਦ ਨੇ ਦੱਸਿਆ ਗੇਟ ਮੈਨ ਨਰਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਸਰਕਾਰੀ ਰੇਲਵੇ ਪੁਲਸ ਥਾਣਾ ਜੀ.ਆਰ.ਪੀ. ਸਰਹਿੰਦ ਵਿਖੇ ਨਾਮਾਲੂਮ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਦੇ ਖਿਲਾਫ਼ ਐੱਫ.ਆਈ.ਆਰ. ਨੰਬਰ 33, ਧਾਰਾ 304, 311,331(4), 3(5), ਬੀ.ਐੱਨ.ਐੱਸ., 146 ਰੇਲਵੇ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਉਕਤ ਅਣਪਛਾਤੇ ਵਿਅਕਤੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e