ਰੰਜਿਸ਼ ਦੇ ਚੱਲਦੇ ਖ਼ੌਫਨਾਕ ਵਾਰਦਾਤ, ਸੜਕ ''ਤੇ ਜਾ ਰਹੇ ਨੌਜਵਾਨ ''ਤੇ ਚੜ੍ਹਾ ਦਿੱਤੀ ਕਾਰ
Thursday, Sep 18, 2025 - 03:54 PM (IST)

ਅਬੋਹਰ (ਸੁਨੀਲ) : ਸਥਾਨਕ ਮੁਹੱਲਾ ਧਰਮਨਗਰੀ ਵਾਸੀ ਇਕ ਨੌਜਵਾਨ ਨੂੰ ਅੱਜ ਪੁਰਾਣੀ ਰੰਜਿਸ਼ ਦੇ ਚੱਲਦੇ ਉਸ ਦੇ ਗੁਆਂਢ ’ਚ ਰਹਿਣ ਵਾਲੇ ਇਕ ਨੌਜਵਾਨ ਨੇ ਕਾਰ ਨਾਲ ਦਰੜਣ ਦੀ ਕੋਸ਼ਿਸ਼ ਕੀਤੀ। ਟੱਕਰ ਨਾਲ ਨੌਜਵਾਨ ਕਾਫ਼ੀ ਦੂਰ ਡਿੱਗ ਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਸੀ. ਸੀ. ਟੀ. ਵੀ. ’ਚ ਕੈਦ ਹੋ ਗਈ ਹੈ। ਇਸ ਘਟਨਾ ਦੇ ਸਬੰਧ ’ਚ ਦੂਜੇ ਧਿਰ ਦੇ ਇਕ ਨੌਜਵਾਨ ਨੂੰ ਵੀ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਚ ਜੇਰੇ ਇਲਾਜ ਵਿਸ਼ਾਲ ਬਿਸ਼ਨੋਈ ਪੁੱਤਰ ਸੁਧੀਰ ਕੁਮਾਰ (21) ਸਾਲ ਵਾਸੀ ਧਰਮਨਗਰੀ ਗਲੀ ਨੰ. 5 ਨੇ ਕਿਹਾ ਕਿ ਉਸ ਦੇ ਗੁਆਂਢ ’ਚ ਰਹਿਣ ਵਾਲਾ ਇਕ ਨੌਜਵਾਨ ਅਕਸਰ ਹੰਗਾਮਾ ਕਰਦਾ ਹੈ।
ਵਿਸ਼ਾਲ ਨੇ ਕਿਹਾ ਕਿ ਤਿੰਨ ਦਿਨ ਪਹਿਲਾਂ, ਜਦੋਂ ਉਸ ਨੇ ਉਸ ਨੂੰ ਹੰਗਾਮਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਨੇ ਉਸ ’ਤੇ ਹਮਲਾ ਕੀਤਾ। ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਅਤੇ ਪੁਲਸ ਨੇ ਉਸ ਦਾ ਬਿਆਨ ਦਰਜ ਕੀਤਾ। ਇਸ ਦੇ ਬਾਵਜੂਦ, ਪੁਲਸ ਨੇ ਨੌਜਵਾਨ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਅੱਜ ਜਦੋਂ ਉਹ ਧਰਮਨਗਰੀ ਗਲੀ ਨੰਬਰ 9 ’ਚ ਦੁੱਧ ਖਰੀਦਣ ਲਈ ਆਪਣੇ ਮੋਟਰਸਾਈਕਲ ’ਤੇ ਖੜ੍ਹਾ ਸੀ ਤਾਂ ਉਕਤ ਨੌਜਵਾਨ ਆਪਣੀ ਕਾਰ ’ਚ ਆਇਆ ਅਤੇ ਉਸ ਨੂੰ ਦਰੜਣ ਦੇ ਇਰਾਦੇ ਨਾਲ ਪਿੱਛੇ ਤੋਂ ਤੇਜ਼ ਰਫ਼ਤਾਰ ਨਾਲ ਟੱਕਰ ਮਾਰ ਦਿੱਤੀ। ਉਹ ਸੜਕ ’ਤੇ ਬਹੁਤ ਦੂਰ ਡਿੱਗ ਪਿਆ ਅਤੇ ਜ਼ਖਮੀ ਹੋ ਗਿਆ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਇਸੇ ਮਾਮਲੇ ਵਿਚ ਦੂਜੀ ਧਿਰ ਤੋਂ ਸੁਨੀਲ ਕੁਮਾਰ ਵੀ ਹਸਪਤਾਲ ’ਚ ਦਾਖਲ ਹੋਇਆ ਹੈ। ਉਸ ਨੇ ਦੱਸਿਆ ਕਿ ਵਿਸ਼ਾਲ ਨੇ ਪਿਛਲੇ ਦਿਨ ਕਿਸੇ ਰੰਜਿਸ਼ ਕਾਰਨ ਉਸ ਨੂੰ ਕੁੱਟਿਆ ਸੀ ਅਤੇ ਉਸ ਦੀ ਕਾਰ ਨੂੰ ਵੀ ਨੁਕਸਾਨ ਪਹੁੰਚਾਇਆ ਸੀ।