ਕੁਵੈਤੀ ਕਫੀਲ ਦੇ ਫਰਾਡ ਕਾਰਨ ਡੇਢ ਮਹੀਨੇ ਤੋਂ ਕੁਵੈਤ ਦੀ ਜੇਲ ''ਚ ਬੰਦ ਹੈ ਪੰਜਾਬੀ ਨੌਜਵਾਨ

08/12/2019 9:12:18 PM

ਨੂਰਪੁਰਬੇਦੀ (ਸ਼ਮਸ਼ੇਰ ਸਿੰਘ ਡੂਮੇਵਾਲ)- ਬੀਤੇ ਕਰੀਬ 5 ਵਰ੍ਹਿਆਂ ਤੋਂ ਰੋਜ਼ੀ-ਰੋਟੀ ਲਈ ਕੁਵੈਤ 'ਚ ਟਿੱਪਰ ਚਲਾ ਕੇ ਗੁਜ਼ਾਰਾ ਕਰਨ ਵਾਲਾ ਬਲਾਕ ਨੂਰਪੁਰ ਬੇਦੀ ਦੇ ਪਿੰਡ ਹੀਰਪੁਰ ਦਾ 32 ਸਾਲਾ ਨੌਜਵਾਨ ਦਰਸ਼ਨ ਸਿੰਘ ਪੁੱਤਰ ਗੁਰਦਿਆਲ ਸਿੰਘ ਕੁਵੈਤ ਦੀ ਛਪਰਾ ਜੇਲ 'ਚ ਬੰਦ ਮੰਦੇ ਮੁਕਦਰਾਂ ਦੀ ਲੜਾਈ ਲੜ ਰਿਹਾ ਹੈ। ਜਿਸ ਕਾਰਣ ਉਸ ਦੇ ਮਾਤਾ-ਪਿਤਾ, ਮਾਸੂਮ ਬੱਚੇ ਤੇ ਪਤਨੀ ਪ੍ਰੇਸ਼ਾਨ ਹੈ। ਉਨ੍ਹਾਂ ਦਰਸ਼ਨ ਸਿੰਘ ਨੂੰ ਕੁਵੈਤ ਦੀ ਜੇਲ 'ਚੋਂ ਰਿਹਾਅ ਕਰਵਾਉਣ ਲਈ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ।

PunjabKesari

ਦਰਸ਼ਨ ਸਿੰਘ ਦੇ ਪਿਤਾ ਗੁਰਦਿਆਲ ਸਿੰਘ ਨੇ ਦੱਸਿਆ ਹੈ ਕਿ ਸੰਨ 2012 ਤੋਂ ਬਤੌਰ ਡਰਾਈਵਰ ਕੁਵੈਤ 'ਚ ਰਹਿੰਦੇ ਦਰਸ਼ਨ ਸਿੰਘ ਨੇ ਆਜ਼ਾਦ ਵੀਜ਼ੇ 'ਤੇ ਅੱਜ ਤੋਂ ਡੇਢ ਵਰ੍ਹੇ ਪਹਿਲਾਂ ਰੁਟੀਨ 'ਚ ਛੁੱਟੀ ਕੱਟ ਕੇ ਪੰਜਾਬ ਤੋਂ ਜਾਣ ਉਪਰੰਤ ਕੁਵੈਤੀ ਕਫੀਲ (ਔਨਰ) ਕੋਲ ਬਤੌਰ ਡਰਾਈਵਰ ਡਿਊਟੀ ਸਾਂਭੀ ਸੀ। ਬੀਤੇ 30 ਅਪ੍ਰੈਲ ਨੂੰ ਉਸ ਦੇ ਵੀਜ਼ੇ ਦੀ ਮਿਆਦ ਖਤਮ ਹੋਣੀ ਸੀ ਜਿਸ ਨੂੰ ਲੈ ਕੇ ਉਸ ਨੇ ਕੁਵੈਤੀ ਕਫੀਲ ਨਾਲ ਗੱਲ ਕੀਤੀ ਸੀ ਅਤੇ ਉਸ ਨੇ ਦਰਸ਼ਨ ਸਿੰਘ ਦਾ ਵੀਜ਼ਾ ਵਧਾਉਣ ਦਾ ਵਿਸ਼ਵਾਸ ਦਿਵਾਇਆ ਸੀ ਪਰ ਉਹ ਆਪਣੇ 'ਤੇ ਕੋਈ ਕੇਸ ਦਰਜ ਹੋਣ ਕਾਰਣ ਉਸ ਦਾ ਵੀਜ਼ਾ ਵਧਾਉਣ ਦੀ ਥਾਂ ਫਰਾਰ ਹੋ ਗਿਆ। ਦਰਸ਼ਨ ਸਿੰਘ ਨੇ ਕਿਸੇ ਹੋਰ ਥਾਂ ਤੋਂ ਵੀਜ਼ਾ ਪ੍ਰਾਪਤ ਕਰਨ ਦਾ ਯਤਨ ਕੀਤਾ ਪਰ ਉਹ ਅਸਫਲ ਰਿਹਾ।

ਅੰਤ 25 ਜੂਨ ਨੂੰ ਉਸ ਨੇ ਮੁੜ ਇੰਡੀਆ ਆਉਣ ਲਈ ਫਲਾਈਟ ਲੈਣ ਦੀ ਕੋਸ਼ਿਸ਼ ਕੀਤੀ ਜਿੱਥੋਂ ਕਿ ਕੁਵੈਤ ਪੁਲਸ ਨੇ ਏਅਰਪੋਰਟ ਤੋਂ ਉਸ ਨੂੰ ਫੜ ਲਿਆ ਅਤੇ ਉਹ ਉਦੋਂ ਤੋਂ ਹੀ ਕੁਵੈਤ ਦੀ ਛਪਰਾ ਜੇਲ 'ਚ ਨਜ਼ਰਬੰਦ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਦਰਸ਼ਨ ਸਿੰਘ ਨੂੰ ਕੁਵੈਤ ਸਰਕਾਰ ਨੇ ਨਾਂ ਤਾਂ ਕੋਈ ਜੁਰਮਾਨਾ ਲਾਇਆ ਹੈ ਤੇ ਨਾ ਹੀ ਉਸ 'ਤੇ ਕੋਈ ਅਪਰਾਧਕ ਮਾਮਲਾ ਦਰਜ ਹੈ ਪਰ ਕੁਵੈਤੀ ਕਫੀਲ ਦੀ ਗਲਤੀ ਨਾਲ ਉਸ ਨੂੰ ਇਹ ਸੰਤਾਪ ਹੰਢਾਉਣਾ ਪੈ ਿਰਹਾ ਹੈ। ਪਰਿਵਾਰ ਅਨੁਸਾਰ ਉਨ੍ਹਾਂ ਦਰਸ਼ਨ ਸਿੰਘ ਨੂੰ ਘਰ ਦੀ ਗਰੀਬੀ ਤੋਂ ਤੰਗ ਆ ਕੇ ਆਰਥਿਕ ਦੁਰਦਸ਼ਾ ਸੁਧਾਰਨ ਲਈ ਕੁਵੈਤ ਭੇਜਿਆ ਸੀ ਪਰ ਅੱਜ ਉਨ੍ਹਾਂ ਨੂੰ ਕਿਸੇ ਪਾਸਿਓਂ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦੇ ਰਹੀ।


Karan Kumar

Content Editor

Related News