Punjab: ਜ਼ਮੀਨ ਮਾਲਕ ਦੇਣ ਧਿਆਨ! ਨਿੱਕੀ ਜਿਹੀ ਗਲਤੀ ਨਾਲ ਹੋ ਜਾਵੇਗੀ Red Entry
Wednesday, Oct 01, 2025 - 06:44 PM (IST)

ਭਵਾਨੀਗੜ੍ਹ (ਵਿਕਾਸ ਮਿੱਤਲ)- ਡਿਪਟੀ ਕਮਿਸ਼ਨਰ ਸੰਗਰੂਰ ਰਾਹੁਲ ਚਾਬਾ ਦੇ ਨਿਰਦੇਸ਼ਾਂ ਅਨੁਸਾਰ ਮਨਜੀਤ ਕੌਰ ਪੀ.ਸੀ.ਐੱਸ. ਉਪ ਮੰਡਲ ਮੈਜਿਸਟ੍ਰੇਟ ਭਵਾਨੀਗੜ੍ਹ ਵੱਲੋਂ ਬਲਾਕ ਵਿਚ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਦੇ ਉਪਰਾਲੇ ਲਗਾਤਾਰ ਜਾਰੀ ਹਨ। ਇਸ ਮੁਹਿੰਮ ਤਹਿਤ ਬੁੱਧਵਾਰ ਨੂੰ ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਨਿਯੁਕਤ ਕੀਤੇ ਗਏ ਕਲਸਟਰ ਅਫ਼ਸਰ ਤੇ ਨੋਡਲ ਅਫ਼ਸਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਐੱਸ.ਡੀ.ਐੱਮ ਭਵਾਨੀਗੜ੍ਹ ਵੱਲੋਂ ਸਪੱਸ਼ਟ ਨਿਰਦੇਸ਼ ਦਿੱਤੇ ਗਏ ਕਿ ਸਮੂਹ ਅਧਿਕਾਰੀ ਆਪਣੀ ਡਿਊਟੀ ਨੂੰ ਗੰਭੀਰਤਾ ਨਾਲ ਨਿਭਾਉਂਦੇ ਹੋਏ ਹਰ ਸਮੇਂ ਡਿਊਟੀ ਵਾਲੇ ਪਿੰਡਾਂ ਵਿਚ ਤਾਇਨਾਤ ਰਹਿਣਾ ਯਕੀਨੀ ਬਣਾਉਣਗੇ। ਉਨ੍ਹਾਂ ਨਾਲ ਹੀ ਨਿਰਦੇਸ਼ ਦਿੱਤੇ ਕਿ ਫੀਲਡ 'ਚ ਰਹਿ ਕੇ ਪਰਾਲੀ ਸਾੜਨ ਦੀ ਹਰ ਇਕ ਘਟਨਾ 'ਤੇ ਤੁਰੰਤ ਕਾਰਵਾਈ ਕਰਨ ਤੇ ਕਿਸਾਨਾਂ ਨੂੰ ਬਦਲਵੇਂ ਪ੍ਰਬੰਧਾਂ ਜਿਵੇਂ ਕਿ ਸੀ.ਆਰ.ਐੱਮ. ਮਸੀਨਾਂ ਦੀ ਵਰਤੋਂ ਲਈ ਪ੍ਰੇਰਿਤ ਕੀਤਾ ਜਾਵੇ। ਐੱਸ.ਡੀ.ਐੱਮ. ਵੱਲੋਂ ਤਹਿਸੀਲਦਾਰ ਭਵਾਨੀਗੜ੍ਹ ਨੂੰ ਸੀ.ਏ.ਕਿਯੂ.ਐੱਮ. ਦੀਆਂ ਗਾਈਡਲਾਈਨਜ਼ ਅਨੁਸਾਰ ਪਰਾਲੀ ਨੂੰ ਅੱਗ ਲਗਾਉਣ ਵਾਲੇ ਵਿਅਕਤੀਆਂ ਦੇ ਜ਼ਮੀਨ ਦੇ ਰਿਕਾਰਡ ਵਿਚ ਰੈੱਡ ਐਂਟਰੀ ਦਰਜ ਕਰਨ ਦੇ ਆਦੇਸ਼ ਦਿੱਤੇ ਗਏ। ਮੀਟਿੰਗ ਵਿਚ ਹਾਜ਼ਰ ਰਾਹੁਲ ਕੌਸ਼ਲ ਡੀ.ਐੱਸ.ਪੀ ਭਵਾਨੀਗੜ੍ਹ ਤੇ ਥਾਣਾ ਇੰਚਾਰਜ ਇੰਸਪੈਕਟਰ ਮਲਵਿੰਦਰ ਸਿੰਘ ਨੇ ਕਿਹਾ ਕਿ ਖੇਤਾਂ 'ਚ ਪਰਾਲੀ ਨੂੰ ਸਾੜ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਹਾਏ ਓਏ... ਆਹ ਕੀ ਹੋਈ ਜਾਂਦਾ ਪੰਜਾਬ 'ਚ! ਹੁਸ਼ਿਆਰਪੁਰ ਵਰਗਾ ਘਿਨੌਣਾ ਕਾਂਡ ਕਰ ਚੱਲਿਆ ਸੀ ਪ੍ਰਵਾਸੀ
ਕੰਬਾਈਨ ਮਾਲਕਾਂ ਨੂੰ ਵੀ ਸਖ਼ਤ ਆਦੇਸ਼ ਜਾਰੀ
ਇਸ ਮੌਕੇ ਅਨਮੋਲਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਭਵਾਨੀਗੜ੍ਹ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਲਈ ਵਿਭਾਗ ਕੋਲ ਮੌਜੂਦ ਮਸ਼ੀਨਾਂ ਦੀ ਜਾਣਕਾਰੀ ਦਿੱਤੀ ਗਈ ਤਾਂ ਜੋ ਇਨ੍ਹਾਂ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ। ਇਸ ਉਪਰੰਤ ਐੱਸ.ਡੀ.ਐੱਮ. ਮਨਜੀਤ ਕੌਰ ਵੱਲੋਂ ਕੰਬਾਈਨ ਯੂਨੀਅਨ ਸਮੇਤ ਹੋਰ ਕੰਬਾਈਨ ਮਾਲਕਾਂ ਨੂੰ ਸਖ਼ਤ ਆਦੇਸ਼ ਜਾਰੀ ਕਰਦਿਆਂ ਆਖਿਆ ਕਿ ਝੋਨੇ ਦੀ ਵਾਢੀ ਸਿਰਫ਼ ਐੱਸ.ਐੱਮ.ਐੱਸ ਵਾਲੀਆਂ ਕੰਬਾਇਨਾਂ ਨਾਲ ਹੀ ਕੀਤੀ ਜਾਵੇ। ਮੀਟਿੰਗ 'ਚ ਬੀ.ਡੀ.ਪੀ.ਓ. ਭਵਾਨੀਗੜ੍ਹ ਲੈਨਿਨ ਗਰਗ ਸਮੇਤ ਸਮੂਹ ਕਲੱਸਟਰ ਅਫ਼ਸਰ ਤੇ ਨੋਡਲ ਅਫ਼ਸਰ ਮੌਜੂਦ ਰਹੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8