ਪੰਜਾਬ ''ਚ ਬੇਖ਼ੌਫ਼ ਘੁੰਮ ਰਿਹੈ ''ਜੱਲਾਦ''! ਜਵਾਕਾਂ ਨੂੰ ਬਣਾਉਂਦੈ ਨਿਸ਼ਾਨਾ, ਕਰ ਚੁੱਕਿਐ 2 ਵੱਡੇ ਕਾਂਡ; ਪੁਲਸ ਵੀ ਹੋਈ ''ਫ਼ੇਲ੍ਹ''
Tuesday, Feb 10, 2026 - 12:21 PM (IST)
ਲੁਧਿਆਣਾ (ਅਨਿਲ): ਪੰਜਾਬ ਵਿਚ ਇਕ ਅਜਿਹਾ 'ਜੱਲਾਦ' ਬੇਖ਼ੌਫ਼ ਘੁੰਮ ਰਿਹਾ ਹੈ, ਜਿਸ ਨੇ ਮਾਸੂਮ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਮੁਲਜ਼ਮ ਨੇ ਪਹਿਲਾਂ ਇਕ 7 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਕੀਤਾ ਤੇ ਪੁਲਸ ਦੀ ਗ੍ਰਿਫ਼ਤ 'ਚੋਂ ਫ਼ਰਾਰ ਹੋ ਕੇ ਇਕ 9 ਸਾਲਾ ਬੱਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਸ ਦੀ ਕਥਿਤ ਲਾਪਰਵਾਹੀ ਕਾਰਨ ਇਹ ਖ਼ਤਰਨਾਕ ਅਪਰਾਧੀ ਖੁੱਲ੍ਹੇਆਮ ਘੁੰਮ ਰਿਹਾ ਹੈ ਅਤੇ ਪੁਲਸ ਉਸ ਨੂੰ ਫੜਨ ਵਿਚ 'ਫ਼ੇਲ੍ਹ' ਸਾਬਤ ਹੋ ਰਹੀ ਹੈ।
ਇਸ 'ਜੱਲਾਦ' ਨੇ ਪਹਿਲਾਂ ਸਾਲ 2020 ਵਿਚ ਇਕ 7 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਕੀਤਾ ਸੀ, ਜਿਸ ਵਿਚ ਉਸ ਨੂੰ 20 ਸਾਲ ਦੀ ਸਜ਼ਾ ਹੋਈ ਸੀ। ਦੂਜਾ ਵੱਡਾ ਕਾਂਡ ਉਸ ਨੇ ਹੁਣ ਕੀਤਾ ਹੈ, ਜਿੱਥੇ ਉਸ ਨੇ ਲੁਧਿਆਣਾ ਦੇ ਪਿੰਡ ਬਹਾਦਰ ਕੇ ਦੇ ਰਹਿਣ ਵਾਲੇ 9 ਸਾਲਾ ਮਾਸੂਮ ਅਮਨ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਮੈਡੀਕਲ ਰਿਪੋਰਟ ਮੁਤਾਬਕ ਬੱਚੇ ਦੇ ਗਲੇ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ, ਜਿਸ ਕਾਰਨ ਉਸ ਦੀ ਸਾਹ ਦੀ ਨਲੀ ਕੱਟ ਗਈ ਅਤੇ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਸ ਦੀ ਕਸਟਡੀ 'ਚੋਂ ਫ਼ਰਾਰ ਹੋ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਇਹ ਮਾਮਲਾ ਪੁਲਸ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਇਹ ਮੁਲਜ਼ਮ 2 ਫ਼ਰਵਰੀ ਨੂੰ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਉਣ ਦੌਰਾਨ ਪੁਲਸ ਨੂੰ ਚਕਮਾ ਦੇ ਕੇ ਹੱਥਕੜੀ ਖੋਲ੍ਹ ਕੇ ਫ਼ਰਾਰ ਹੋ ਗਿਆ ਸੀ। ਫ਼ਰਾਰ ਹੋਣ ਦੇ ਮਹਿਜ਼ ਤਿੰਨ ਦਿਨਾਂ ਬਾਅਦ ਹੀ ਉਸ ਨੇ 5 ਫ਼ਰਵਰੀ ਨੂੰ ਅਮਨ ਨੂੰ ਅਗਵਾ ਕਰ ਲਿਆ ਅਤੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਬੱਚੇ ਦੇ ਪਰਿਵਾਰ ਨੇ ਪੁਲਸ 'ਤੇ ਗੰਭੀਰ ਦੋਸ਼ ਲਾਏ ਹਨ ਕਿ ਜੇਕਰ ਪੁਲਸ ਸਮੇਂ ਸਿਰ ਕਾਰਵਾਈ ਕਰਦੀ ਤਾਂ ਉਨ੍ਹਾਂ ਦਾ ਬੱਚਾ ਜ਼ਿੰਦਾ ਹੁੰਦਾ। ਪਰਿਵਾਰ ਮੁਤਾਬਕ ਜਦੋਂ ਉਹ ਸ਼ਿਕਾਇਤ ਕਰਨ ਗਏ ਤਾਂ ਪੁਲਸ ਉਨ੍ਹਾਂ ਨੂੰ ਹੱਦਬੰਦੀ ਵਿਚ ਉਲਝਾ ਕੇ ਚਾਰ ਵੱਖ-ਵੱਖ ਥਾਣਿਆਂ (ਸਲੇਮ ਟਾਬਰੀ, ਬਸਤੀ ਜੋਧੇਵਾਲ, ਮੇਹਰਬਾਨ ਅਤੇ ਲਾਡੋਵਾਲ) ਦੇ ਚੱਕਰ ਕਟਵਾਉਂਦੀ ਰਹੀ। ਅਖੀਰ ਜਦੋਂ ਪਰਿਵਾਰ ਨੇ ਧਰਨਾ ਦਿੱਤਾ, ਤਾਂ ਪੁਲਸ ਨੇ ਕੇਸ ਦਰਜ ਕੀਤਾ। ਹੱਦ ਤਾਂ ਉਦੋਂ ਹੋ ਗਈ ਜਦੋਂ ਕਾਤਲ ਨੂੰ ਲੱਭਣ ਲਈ ਵੀ ਪਰਿਵਾਰ ਨੂੰ ਖ਼ੁਦ ਮਿਹਨਤ ਕਰਨੀ ਪਈ। ਪਰਿਵਾਰ ਨੇ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਅਤੇ ਮੁਲਜ਼ਮ ਦਾ ਹੁਲੀਆ ਪਛਾਣ ਕੇ ਇਲਾਕੇ ਵਿਚ ਉਸ ਦੀ ਭਾਲ ਕੀਤੀ। ਜਦੋਂ ਪਰਿਵਾਰ ਨੇ ਮੁਲਜ਼ਮ ਬਾਰੇ ਪੁਲਸ ਨੂੰ ਸੂਚਨਾ ਦਿੱਤੀ, ਉਦੋਂ ਜਾ ਕੇ ਪੁਲਸ ਹਰਕਤ ਵਿਚ ਆਈ। ਪੁਲਸ ਮੁਲਜ਼ਮ ਦੀ ਗ੍ਰਿਫ਼ਤਾਰੀ ਲੀ ਛਾਪੇਮਾਰੀ ਕਰ ਰਹੀ ਹੈ, ਪਰ ਫ਼ਿਲਹਾਲ ਮੁਲਜ਼ਮ ਫ਼ਰਾਰ ਚੱਲ ਰਿਹਾ ਹੈ।
