ਪੰਜਾਬ ''ਚ BLACKOUT ਤੋਂ ਪਹਿਲਾਂ ਬੰਬ ਧਮਾਕਿਆਂ ਦੀ ਧਮਕੀ! ਕਈ ਸਕੂਲਾਂ ਨੂੰ ਆਈ E-MAIL

Thursday, Apr 23, 2026 - 11:47 AM (IST)

ਪੰਜਾਬ ''ਚ BLACKOUT ਤੋਂ ਪਹਿਲਾਂ ਬੰਬ ਧਮਾਕਿਆਂ ਦੀ ਧਮਕੀ! ਕਈ ਸਕੂਲਾਂ ਨੂੰ ਆਈ E-MAIL

ਲੁਧਿਆਣਾ (ਮਹਿੰਦਰੂ): ਪੰਜਾਬ ਵਿਚ ਸਿਵਲ ਡਿਫੈਂਸ ਸਬੰਧੀ ਤਿਆਰੀ ਦੀ ਅਜ਼ਮਾਇਸ਼ ਕਰਨ ਦੇ ਮਕਸਦ ਨਾਲ 24 ਅਪ੍ਰੈਲ ਨੂੰ ਸ਼ਾਮ 8 ਵਜੇ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼ ਕਰਵਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਲੁਧਿਆਣਾ ਵਿਚ ਕਈ ਸਕੂਲਾਂ ਤੇ ਰੇਲਵੇ ਟਰੈਕ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ, ਇਸ ਸਬੰਧੀ ਆਈ ਈ-ਮੇਲ ਵਿਚ ਕਿਹਾ ਗਿਆ ਹੈ ਕਿ ਬਲੈਕਆਊਟ ਦੌਰਾਨ 23 ਅਤੇ 24 ਨੂੰ ਧਮਾਕੇ ਹੋ ਸਕਦੇ ਹਨ। ਇਸ ਧਮਕੀ ਮਗਰੋਂ ਪੁਲਸ ਪ੍ਰਸ਼ਾਸਨ ਅਲਰਟ ਮੌਡ 'ਤੇ ਆ ਗਿਆ ਹੈ ਤੇ ਸਕੂਲਾਂ ਵਿਚ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਰੇਲਵੇ ਟ੍ਰੈਕਸ 'ਤੇ ਵੀ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਇਸ ਈ-ਮੇਲ ਬਾਰੇ ਪਤਾ ਲਗਾਉਣ ਲਈ ਵੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ।  

PunjabKesari

ਇੱਥੇ ਦੱਸ ਦਈਏ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਦੇ ਸਾਰੇ ਜ਼ਿਲ੍ਹਿਆਂ ’ਚ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼ ਕਰਵਾਈ ਜਾ ਰਹੀ ਹੈ। ਇਹ ਮੌਕ ਐਕਸਰਸਾਈਜ਼ ਇਕ ਏਅਰ ਰੇਡ ਚਿਤਾਵਨੀ ਸਿਗਨਲ ਨਾਲ ਸ਼ੁਰੂ ਹੋਵੇਗੀ, ਜਿਸ ਦੌਰਾਨ ਦੋ ਮਿੰਟ ਦੀ ਮਿਆਦ ਲਈ ਹਾਈ-ਲੋਅ ਪਿੱਚ ਸਾਇਰਨ ਵਜਾਏ ਜਾਣਗੇ। ਇਸ ਦੌਰਾਨ ਸਬੰਧਿਤ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ, ਸਿਵਲ ਡਿਫੈਂਸ ਵੱਲੋਂ ਪਛਾਣੇ ਗਏ ਖ਼ਾਸ ਖੇਤਰਾਂ ’ਚ ਇਕ ਸਿਮੂਲੇਟਿਡ ਬਲੈਕਆਊਟ ਲਾਗੂ ਕੀਤਾ ਜਾਵੇਗਾ। ਇਨ੍ਹਾਂ ਪਛਾਣੇ ਗਏ ਖੇਤਰਾਂ ’ਚ ਆਮ ਲੋਕਾਂ ਨੂੰ ਬਲੈਕਆਊਟ ਪੀਰੀਅਡ ਦੌਰਾਨ ਸਾਰੀਆਂ ਗ਼ੈਰ-ਜ਼ਰੂਰੀ ਲਾਈਟਾਂ ਬੰਦ ਕਰਨ ਦੀ ਹਦਾਇਤ ਹੋਵੇਗੀ, ਜਦੋਂ ਕਿ ਡਰਿੱਲ ਦੌਰਾਨ ਸਾਰੀਆਂ ਜ਼ਰੂਰੀ ਸੇਵਾਵਾਂ ਪੂਰੀ ਤਰ੍ਹਾਂ ਕਾਰਜਸ਼ੀਲ ਰਹਿਣਗੀਆਂ।

ਇਸ ਦੌਰਾਨ ਵੱਖ-ਵੱਖ ਐਮਰਜੈਂਸੀ ਕਾਰਜਾਂ ਜਿਵੇਂ ਫਾਇਰ ਰਿਸਪਾਂਸ ਆਪ੍ਰੇਸ਼ਨ, ਖੋਜ ਤੇ ਬਚਾਅ ਕਾਰਜ, ਫਸਟ-ਏਡ ਤੇ ਡਾਕਟਰੀ ਸਹਾਇਤਾ, ਜ਼ਖ਼ਮੀ ਵਿਅਕਤੀਆਂ ਨੂੰ ਸੁਰੱਖਿਅਤ ਕੱਢਣ ਦੇ ਨਾਲ-ਨਾਲ ਟ੍ਰੈਫਿਕ ਤੇ ਭੀੜ ਕੰਟਰੋਲ ਉਪਾਵਾਂ ਰਾਹੀਂ ਫੀਲਡ ਤਾਲਮੇਲ ਦੀ ਜਾਂਚ ਕੀਤੀ ਜਾਵੇਗੀ। ਸਰਕਾਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਦੌਰਾਨ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਕਿਉਂਕਿ ਇਹ ਇਕ ਰੂਟੀਨ ਪ੍ਰਕਿਰਿਆਤਮਕ ਅਭਿਆਸ ਹੈ, ਜੋ ਸੂਬੇ ’ਚ ਸਿਵਲ ਡਿਫੈਂਸ ਤਿਆਰੀ ਦਾ ਮੁੱਲਾਂਕਣ ਕਰਨ ਅਤੇ ਵਧਾਉਣ ਲਈ ਤਿਆਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਵਾਲੇ ਹਾਲਾਤ ਬਣੇ ਸਨ ਤਾਂ ਉਸ ਵੇਲੇ ਵੀ ਪੰਜਾਬ ਸਣੇ ਪੂਰੇ ਦੇਸ਼ 'ਚ ਬਲੈਕਆਊਟ ਕੀਤਾ ਜਾਂਦਾ ਸੀ ਅਤੇ ਖ਼ਤਰੇ ਦੇ ਘੁੱਗੂ ਵੱਜਦੇ ਸਨ।


author

Anmol Tagra

Content Editor

Related News