ਪੰਜਾਬ ''ਚ BLACKOUT ਦੌਰਾਨ 4 ਜ਼ਿਲ੍ਹਿਆਂ ''ਚ ਰੇਲਵੇ ਟ੍ਰੈਕਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Friday, Apr 24, 2026 - 12:14 PM (IST)

ਪੰਜਾਬ ''ਚ BLACKOUT ਦੌਰਾਨ 4 ਜ਼ਿਲ੍ਹਿਆਂ ''ਚ ਰੇਲਵੇ ਟ੍ਰੈਕਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਲੁਧਿਆਣਾ (ਗੌਤਮ)- ਅੱਤਵਾਦੀ ਸੰਗਠਨ ਵੱਲੋਂ ਇਕ ਈ-ਮੇਲ ਰਾਹੀਂ ਲੁਧਿਆਣਾ, ਅੰਮ੍ਰਿਤਸਰ, ਬਠਿੰਡਾ ਤੇ ਫਿਰੋਜ਼ਪੁਰ ਦੇ ਰੇਲਵੇ ਟ੍ਰੈਕਾਂ ਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਧਮਕੀ ਦਾ ਪਤਾ ਚੱਲਦਿਆਂ ਹੀ ਪੁਲਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤੇ ਰੇਲਵੇ ਸਟੇਸ਼ਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ।  

ਜਾਣਕਾਰੀ ਮੁਤਾਬਕ, ਬੀਤੇ ਦਿਨੀਂ ਲੁਧਿਆਣਾ ਤੇ ਬਠਿੰਡਾ ਦੇ ਸਕੂਲਾਂ ਦੀ ਮੇਲ ’ਤੇ ਧਮਕੀ ਭਰੀ ਈ-ਮੇਲ ਭੇਜੀ ਗਈ ਹੈ, ਜਿਸ ਦੇ ਹੇਠਾਂ ਖ਼ਾਲਿਸਤਾਨ ਨੈਸ਼ਨਲ ਆਰਮੀ ਦੇ ਇੰਜੀਨੀਅਰ ਗੁਰਅਣਖ ਸਿੰਘ ਰੁਕਨ ਸ਼ਾਹਵਾਲੇ, ਡਾਕਟਰ ਗੁਰਨੀਰਵੇਰ ਸਿੰਘ ਅਤੇ ਖਾਨ ਰਾਜਦਾ ਦੇ ਨਾਮ ਲਿਖੇ ਹੋਏ ਹਨ। ਇੱਕੋ ਈਮੇਲ ਨੂੰ ਵੱਖ-ਵੱਖ ਮੇਲ ਆਈ.ਡੀਜ਼ ’ਤੇ ਕਾਪੀ ਕੀਤਾ ਗਿਆ ਹੈ, ਜਿਸ ਵਿਚ ਲਿਖਿਆ ਗਿਆ ਹੈ ਕਿ ਬਲੈਕਆਊਟ ਵਾਲੇ ਦਿਨ ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਫਿਰੋਜ਼ਪੁਰ ਟ੍ਰੇਨ ਟ੍ਰੈਕਾਂ ਨੂੰ ਆਈ.ਈ.ਡੀ. ਨਾਲ ਬਲਾਸਟ ਕੀਤਾ ਜਾਵੇਗਾ, ਕੋਈ ਵੀ ਰੇਲ ਵਿਚ ਸਫ਼ਰ ਨਾ ਕਰੇ।

ਧਮਕੀ ਮਿਲਣ ਤੋਂ ਬਾਅਦ ਜੀ.ਆਰ.ਪੀ. ਵੱਲੋਂ ਪ੍ਰਮੁੱਖ ਰੇਲਵੇ ਸਟੇਸ਼ਨਾਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਰੇਲਵੇ ਸਟੇਸ਼ਨ 'ਤੇ ਪਹੁੰਚਣ ਵਾਲੀਆਂ ਲੰਬੀ ਦੂਰੀ ਦੀਆਂ ਟ੍ਰੇਨਾਂ ਵਿਚ ਸਫ਼ਰ ਕਰ ਰਹੇ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ ਗਈ ਅਤੇ ਪਲੇਟਫਾਰਮ 'ਤੇ ਬੈਠ ਕੇ ਟ੍ਰੇਨਾਂ ਦਾ ਇੰਤਜ਼ਾਰ ਕਰ ਰਹੇ ਯਾਤਰੀਆਂ ਦੇ ਸਾਮਾਨ ਨੂੰ ਵੀ ਚੈੱਕ ਕੀਤਾ ਗਿਆ। ਜੀ.ਆਰ.ਪੀ. ਵੱਲੋਂ ਗਠਿਤ ਵੱਖ-ਵੱਖ ਟੀਮਾਂ ਨੇ ਰੇਲਵੇ ਸਟੇਸ਼ਨ ਦੇ ਚੱਪੇ-ਚੱਪੇ ਦੀ ਜਾਂਚ ਕੀਤੀ। ਪਾਰਕਿੰਗ ਤੋਂ ਇਲਾਵਾ ਮਾਲ ਗੋਦਾਮ ਅਤੇ ਹੋਰ ਭੀੜ ਵਾਲੀਆਂ ਥਾਵਾਂ 'ਤੇ ਚੈਕਿੰਗ ਕੀਤੀ ਗਈ। ਟੀਮਾਂ ਵਿਚ ਡੌਗ ਸਕੁਐਡ ਅਤੇ ਬੰਬ ਨਿਰੋਧਕ ਦਸਤੇ ਵੀ ਸ਼ਾਮਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਧਮਕੀ ਦੇ ਚੱਲਦਿਆਂ 24 ਘੰਟੇ ਚੈਕਿੰਗ ਕੀਤੀ ਜਾ ਰਹੀ ਹੈ, ਹਾਲਾਂਕਿ ਰੁਟੀਨ ਚੈਕਿੰਗ ਪਹਿਲਾਂ ਵੀ ਚੱਲਦੀ ਰਹਿੰਦੀ ਹੈ।


author

Anmol Tagra

Content Editor

Related News