ਪੰਜਾਬ ''ਚ ਭਾਜਪਾ ਦੀ ਸਰਕਾਰ ਬਣਾਓ, ਹਰਿਆਣਾ ਦੀਆਂ ਯੋਜਨਾਵਾਂ ਪੰਜਾਬ ''ਚ ਵੀ ਲਾਗੂ ਕਰਾਂਗੇ: CM ਸੈਣੀ

Sunday, May 03, 2026 - 10:13 PM (IST)

ਪੰਜਾਬ ''ਚ ਭਾਜਪਾ ਦੀ ਸਰਕਾਰ ਬਣਾਓ, ਹਰਿਆਣਾ ਦੀਆਂ ਯੋਜਨਾਵਾਂ ਪੰਜਾਬ ''ਚ ਵੀ ਲਾਗੂ ਕਰਾਂਗੇ: CM ਸੈਣੀ

ਲੁਧਿਆਣਾ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਗਲੇ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਵੀ ਭਾਜਪਾ ਦੀ ਸਰਕਾਰ ਬਣਾਈ ਜਾਵੇ, ਤਾਂ ਜੋ ਹਰਿਆਣਾ ਵਿੱਚ ਚੱਲ ਰਹੀਆਂ ਸਾਰੀਆਂ ਜਨ ਕਲਿਆਣਕਾਰੀ ਯੋਜਨਾਵਾਂ ਨੂੰ ਪੰਜਾਬ ਵਿੱਚ ਵੀ ਲਾਗੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਉਨ੍ਹਾਂ ਦੇ ਯੋਗ ਕੋਈ ਕੰਮ ਹੋਵੇ ਤਾਂ “ਹਰਿਆਣਾ ਸੀਐਮ ਹਾਊਸ” ਦੇ ਦਰਵਾਜ਼ੇ ਪੰਜਾਬ ਦੇ ਲੋਕਾਂ ਲਈ ਹਮੇਸ਼ਾ ਖੁੱਲ੍ਹੇ ਹਨ ਅਤੇ ਪੂਰੀ ਮਦਦ ਕੀਤੀ ਜਾਵੇਗੀ।

ਨਾਇਬ ਸਿੰਘ ਸੈਣੀ ਅੱਜ ਲੁਧਿਆਣਾ ਵਿੱਚ “ਮਹਰਿਸ਼ੀ ਕਸ਼ਯਪ ਜਨਮੋਤਸਵ ਸਮਾਰੋਹ” ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਮਹਰਿਸ਼ੀ ਕਸ਼ਯਪ ਜੀ ਨੂੰ ਨਮਨ ਕਰਦਿਆਂ ਕਿਹਾ ਕਿ ਉਹ ਮਹਾਨ ਪਰਉਪਕਾਰੀ ਅਤੇ ਪ੍ਰਜਾਪਾਲਕ ਸਨ, ਜਿਨ੍ਹਾਂ ਨੇ ਸਮਾਜ ਨੂੰ ਨਵੀਂ ਦਿਸ਼ਾ ਦੇਣ ਲਈ ਸਮ੍ਰਿਤੀ ਗ੍ਰੰਥ ਅਤੇ ਕਸ਼ਯਪ ਸੰਹਿਤਾ ਵਰਗੇ ਮਹੱਤਵਪੂਰਨ ਗ੍ਰੰਥ ਰਚੇ।

ਉਨ੍ਹਾਂ ਕਸ਼ਯਪ ਸਮਾਜ ਦੇ ਇਤਿਹਾਸ ਨੂੰ ਗੌਰਵਮਈ ਦੱਸਦਿਆਂ ਕਿਹਾ ਕਿ ਇਸ ਸਮਾਜ ਨੇ ਰਾਮਾਇਣ ਕਾਲ ਵਿੱਚ ਨਿਸ਼ਾਦ ਵਰਗੇ ਸ਼ਕਤੀਸ਼ਾਲੀ ਰਾਜੇ ਦਿੱਤੇ, ਜਿਨ੍ਹਾਂ ਨੇ ਵਨਵਾਸ ਦੌਰਾਨ ਭਗਵਾਨ ਸ਼੍ਰੀ ਰਾਮਚੰਦਰ ਜੀ ਨੂੰ ਪਨਾਹ ਦਿੱਤੀ। ਭਗਤ ਪ੍ਰਹਿਲਾਦ ਵੀ ਇਸ ਸਮਾਜ ਨਾਲ ਸੰਬੰਧਤ ਸਨ। ਉਨ੍ਹਾਂ ਦੱਸਿਆ ਕਿ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਵਿੱਚ ਭਾਈ ਹਿੰਮਤ ਸਿੰਘ ਕਸ਼ਯਪ ਜੀ ਵੀ ਇਸੇ ਸਮਾਜ ਨਾਲ ਸੰਬੰਧਤ ਸਨ।

ਸੈਣੀ ਨੇ ਕਸ਼ਯਪ ਸਮਾਜ ਨੂੰ ਸਾਹਸੀ, ਵੀਰ, ਮਿਹਨਤੀ ਅਤੇ ਸਵਾਭਿਮਾਨੀ ਦੱਸਦਿਆਂ ਕਿਹਾ ਕਿ ਇਸ ਸਮਾਜ ਵਿੱਚ ਅਸੀਮ ਸਮਰੱਥਾ ਹੈ ਅਤੇ ਇਹ ਆਪਣੇ ਨਾਲ ਨਾਲ ਸਮੂਹ ਸਮਾਜ ਦੇ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾ ਸਕਦਾ ਹੈ।

ਉਨ੍ਹਾਂ ਹਰਿਆਣਾ ਸਰਕਾਰ ਵੱਲੋਂ ਕਸ਼ਯਪ ਸਮਾਜ ਅਤੇ ਹੋਰ ਪਿਛੜੇ ਵਰਗਾਂ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਰਕਾਰ ਦੀ ਪ੍ਰਾਥਮਿਕਤਾ ਹੈ ਕਿ ਵਿਕਾਸ ਦਾ ਲਾਭ ਸਮਾਜ ਦੇ ਆਖ਼ਰੀ ਵਿਅਕਤੀ ਤੱਕ ਪਹੁੰਚੇ। “ਸਭਕਾ ਸਾਥ, ਸਭਕਾ ਵਿਕਾਸ ਅਤੇ ਸਭਕਾ ਵਿਸ਼ਵਾਸ” ਦੇ ਮੰਤ੍ਰ ‘ਤੇ ਸਰਕਾਰ ਕੰਮ ਕਰ ਰਹੀ ਹੈ।

ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਛੜੇ ਵਰਗਾਂ ਦਾ ਵੱਡਾ ਹਿਤੈਸ਼ੀ ਦੱਸਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਕੇਂਦਰੀ ਓਬੀਸੀ ਕਮਿਸ਼ਨ ਨੂੰ ਸੰਵੈਧਾਨਕ ਦਰਜਾ ਦਿੱਤਾ ਹੈ ਅਤੇ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦਾ ਵਿਜ਼ਨ ਰੱਖਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਾਤੀ, ਖੇਤਰ ਅਤੇ ਭਾਸ਼ਾ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਦੇਸ਼ ਦੇ ਵਿਕਾਸ ਲਈ ਇਕਜੁੱਟ ਹੋਣ।

ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਅਗਲੇ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਸਰਕਾਰ ਬਣਾਈ ਜਾਵੇ ਅਤੇ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਇਆ ਜਾਵੇ। ਇਸ ਮੌਕੇ ਅਖਿਲ ਭਾਰਤੀ ਕਸ਼ਯਪ ਰਾਜਪੂਤ ਕਲਿਆਣ ਸੋਸਾਇਟੀ ਦੇ ਰਾਸ਼ਟਰੀ ਪ੍ਰਧਾਨ ਅਨੂਪ ਭਾਰਦਵਾਜ, ਬਲਦੇਵ ਰਾਜ ਕਸ਼ਯਪ, ਸੁਖਦੇਵ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਸਨ।


author

Inder Prajapati

Content Editor

Related News