ਪੰਜਾਬ: ਢਾਡੀ ਜੱਥੇ ਦੇ ਮੈਂਬਰ ਵੱਲੋਂ ਖ਼ੌਫ਼ਨਾਕ ਕਦਮ ਚੁੱਕਣ ਦੇ ਮਾਮਲੇ ''ਚ ਵੱਡੇ ਖ਼ੁਲਾਸੇ
Sunday, May 03, 2026 - 06:37 PM (IST)
ਪਾਇਲ (ਵਿਨਾਇਕ): ਥਾਣਾ ਪਾਇਲ ਅਧੀਨ ਪੈਂਦੇ ਪਿੰਡ ਮਕਸੂਦੜਾ ਵਿਚ ਪਿਛਲੇ ਦਿਨੀਂ ਵਾਪਰੀ ਇਕ ਦਿਲ ਦਹਲਾ ਦੇਣ ਵਾਲੀ ਘਟਨਾ ਵਿਚ ਢਾਡੀ ਜੱਥੇ ਨਾਲ ਜੁੜੇ ਲੇਖਕ ਹਰਪ੍ਰੀਤ ਸਿੰਘ ਉਰਫ ਪ੍ਰੀਤ ਸੰਦਲ (ਉਮਰ ਕਰੀਬ 45 ਸਾਲ) ਵੱਲੋਂ ਕਥਿਤ ਤੌਰ ‘ਤੇ ਲੜਕੀ ਦੇ ਸਹੁਰਿਆਂ ਦੀ 22 ਲੱਖ ਰੁਪਏ ਦੀ ਮੰਗ ਪੂਰੀ ਨਾ ਕਰ ਸਕਣ ਕਰਕੇ, ਲਗਾਤਾਰ ਗੈਂਗਸਟਰ ਧਮਕੀਆਂ, ਆਰਥਿਕ ਦਬਾਅ ਅਤੇ ਪਰਿਵਾਰਕ ਤਣਾਅ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਉਪਰੰਤ ਮੌਕੇ ਤੋਂ ਪੁਲਸ ਨੂੰ ਮਿਲੇ 2 ਪੰਨਿਆਂ ਦੇ ਸੁਸਾਇਡ ਨੋਟ ਨੇ ਇਸ ਮਾਮਲੇ ਨੂੰ ਹੋਰ ਵੀ ਗੰਭੀਰ ਅਤੇ ਸੰਵੇਦਨਸ਼ੀਲ ਬਣਾ ਦਿੱਤਾ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ ਹਰਪ੍ਰੀਤ ਸਿੰਘ 29 ਅਪ੍ਰੈਲ ਦੀ ਸਵੇਰ ਕਰੀਬ 6:30 ਵਜੇ ਘਰੋਂ ਨਿਕਲੇ ਸਨ ਪਰ ਵਾਪਸ ਨਹੀਂ ਪੁੱਜੇ। ਬਾਅਦ ਵਿੱਚ ਸ਼ਾਮ ਸਮੇਂ ਪਿੰਡ ਦੇ ਬਾਹਰੀ ਇਲਾਕੇ ਵਿੱਚ ਇਕ ਧਾਰਮਿਕ ਸਥਾਨ ਨੇੜੇ ਉਨ੍ਹਾਂ ਦੀ ਲਾਸ਼ ਮਿਲੀ। ਪ੍ਰਾਰੰਭਿਕ ਅਨੁਮਾਨ ਅਨੁਸਾਰ ਉਨ੍ਹਾਂ ਵੱਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮਹਤਿਆ ਕੀਤੀ ਗਈ। ਦੱਸਿਆ ਗਿਆ ਹੈ ਕਿ ਇਹ ਓਹੀ ਸਥਾਨ ਸੀ ਜਿੱਥੋਂ ਉਨ੍ਹਾਂ ਨੇ ਆਪਣੇ ਕਲਾ-ਜੀਵਨ ਦੀ ਸ਼ੁਰੂਆਤ ਕੀਤੀ ਸੀ, ਜਿਸ ਕਾਰਨ ਇਹ ਘਟਨਾ ਹੋਰ ਵੀ ਭਾਵੁਕ ਬਣ ਚੁੱਕੀ ਹੈ।
ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ, ਉਨ੍ਹਾਂ ਦੀ ਧੀ ਅਨਮੋਲਪ੍ਰੀਤ ਕੌਰ ਦੀ 3 ਅਪ੍ਰੈਲ 2023 ਨੂੰ ਜਸਕਰਨ ਸਿੰਘ ਵਾਸੀ ਪਿੰਡ ਜੱਥੇਬਾਲ (ਜ਼ਿਲਾ ਅੰਮ੍ਰਿਤਸਰ) ਨਾਲ ਕਥਿਤ “ਕਨਟ੍ਰੈਕਟ ਮੈਰਿਜ” ਕਰਵਾਈ ਗਈ ਸੀ, ਜਿਸਦਾ ਮਕਸਦ ਉਸਨੂੰ ਕੈਨੇਡਾ ਭੇਜਣਾ ਸੀ। ਲੜਕੇ ਪਰਿਵਾਰ ਵੱਲੋਂ ਕਰੀਬ 22 ਲੱਖ ਰੁਪਏ ਖਰਚ ਕਰਕੇ ਉਸਦੀ ਲੜਕੀ ਨੂੰ ਵਿਦੇਸ਼ ਭੇਜਿਆ ਗਿਆ ਅਤੇ ਅਗਸਤ 2023 ਵਿੱਚ ਉਹ ਕੈਨੇਡਾ ਚਲੀ ਗਈ।
ਪਰੰਤੂ ਬਾਅਦ ਵਿਚ ਜਸਕਰਨ ਸਿੰਘ ਦਾ ਵੀਜ਼ਾ ਨਾ ਲੱਗਣ ਕਾਰਨ ਉਸ ਦੇ ਪਰਿਵਾਰ ਵੱਲੋਂ ਖਰਚ ਕੀਤੀ ਰਕਮ ਵਾਪਸ ਮੰਗੀ ਜਾਣ ਲੱਗੀ। ਦੋਸ਼ ਹੈ ਕਿ ਇਹ ਮਾਮਲਾ ਹੌਲੀ-ਹੌਲੀ ਧਮਕੀਆਂ ਵਿੱਚ ਤਬਦੀਲ ਹੋ ਗਿਆ। ਪਰਿਵਾਰ ਦੇ ਅਨੁਸਾਰ ਪਿਛਲੇ ਕਰੀਬ 15 ਦਿਨਾਂ ਤੋਂ ਮੁਲਜ਼ਮ ਪੱਖ ਵੱਲੋਂ ਗੈਂਗਸਟਰਾਂ ਰਾਹੀਂ ਮ੍ਰਿਤਕ ਨੂੰ ਡਰਾਇਆ-ਧਮਕਾਇਆ ਜਾ ਰਿਹਾ ਸੀ। ਮ੍ਰਿਤਕ ਨੂੰ ਬੀਜਾ ਨੇੜੇ ਬੁਲਾ ਕੇ ਹਥਿਆਰਬੰਦ ਵਿਅਕਤੀਆਂ ਵੱਲੋਂ ਅਲਟੀਮੇਟਮ ਦਿੱਤਾ ਗਿਆ ਕਿ “ਦੋ ਦਿਨਾਂ ਵਿੱਚ ਪੈਸਿਆਂ ਦਾ ਹਿਸਾਬ ਕਰ ਦੇਵੇ, ਨਹੀਂ ਤਾਂ ਤੈਨੂੰ ਅਤੇ ਤੇਰੀ ਧੀ ਨੂੰ ਨਿਪਟਾ ਦਿੱਤਾ ਜਾਵੇਗਾ।” ਇਸ ਤੋਂ ਇਲਾਵਾ ਮੁਲਜ਼ਮਾਂ ਵੱਲੋਂ ਮ੍ਰਿਤਕ ਦੇ ਘਰ ਆ ਕੇ ਪਰਿਵਾਰ ਨੂੰ ਵੀ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਪੁਲਸ ਨੂੰ ਮਿਲੇ 2 ਪੰਨਿਆਂ ਦੇ ਸੁਸਾਇਡ ਨੋਟ ਵਿਚ ਹਰਪ੍ਰੀਤ ਸਿੰਘ ਨੇ ਲਿਖਿਆ ਕਿ ਉਹ ਜਸਕਰਨ ਸਿੰਘ ਅਤੇ ਉਸਦੇ ਫੁੱਫੜ ਸਤਿਕਾਰ ਸਿੰਘ ਤੋਂ ਤੰਗ ਆ ਕੇ ਇਹ ਕਦਮ ਚੁੱਕ ਰਿਹਾ ਹੈ। ਉਨ੍ਹਾਂ ਲਿਖਿਆ ਕਿ ਉਸਦੀ ਧੀ ਨੇ ਕਨੇਡਾ ਤੋਂ ਦੋ ਵਾਰ ਜਸਕਰਨ ਸਿੰਘ ਦੇ ਪੇਪਰ ਭੇਜੇ ਪਰ ਵੀਜ਼ਾ ਨਾ ਲੱਗਿਆ। ਇਸ ਦੌਰਾਨ ਮੁਲਜ਼ਮ ਵੱਲੋਂ ਕਨੇਡਾ ਵਿੱਚ ਕਿਸੇ ਹੋਰ ਕੁੜੀ ਨਾਲ ਵਿਆਹ ਦੀ ਗੱਲ ਕਰਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਸੁਸਾਇਡ ਨੋਟ ਵਿੱਚ ਇਹ ਵੀ ਦਰਜ ਹੈ ਕਿ 22 ਲੱਖ ਰੁਪਏ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾ ਕੇ ਖੁਦ ਹੀ ਕਢਵਾ ਲਏ ਗਏ ਅਤੇ ਚੈੱਕ ਬੁੱਕਾਂ ਵੀ ਉਨ੍ਹਾਂ ਆਪਣੇ ਕੋਲ ਹੀ ਰੱਖ ਲਈਆਂ। ਲਗਾਤਾਰ ਧਮਕੀਆਂ ਕਾਰਨ ਉਸਦੀ ਧੀ ਨੇ ਕਾਲਜ ਜਾਣਾ ਤੱਕ ਛੱਡ ਦਿੱਤਾ। ਉਨ੍ਹਾਂ ਲਿਖਿਆ ਕਿ ਉਹ ਆਪਣੀ ਧੀ ਦਾ ਨੁਕਸਾਨ ਨਹੀਂ ਦੇਖ ਸਕਦਾ, ਇਸ ਲਈ ਉਹ ਆਤਮਹਤਿਆ ਕਰਨ ਲਈ ਮਜਬੂਰ ਹੋ ਗਿਆ ਹੈ ਅਤੇ ਆਪਣੀ ਮੌਤ ਲਈ ਜਸਕਰਨ ਸਿੰਘ ਅਤੇ ਸਤਿਕਾਰ ਸਿੰਘ ਨੂੰ ਜਿੰਮੇਵਾਰ ਠਹਿਰਾਇਆ।
ਮ੍ਰਿਤਕ ਆਪਣੇ ਪਿੱਛੇ ਤਿੰਨ ਧੀਆਂ ਛੱਡ ਗਿਆ ਹੈ। ਵੱਡੀ ਧੀ ਵਿਦੇਸ਼ ਵਿਚ ਸੈਟਲ ਹੈ, ਦੂਜੀ ਕੈਨੇਡਾ ਵਿਚ ਰਹਿ ਰਹੀ ਹੈ ਅਤੇ ਸਭ ਤੋਂ ਛੋਟੀ ਧੀ ਕਾਨੂੰਨ ਦੀ ਪੜਾਈ ਕਰ ਰਹੀ ਹੈ। ਘਟਨਾ ਤੋਂ ਬਾਅਦ ਪਿੰਡ ਅਤੇ ਇਲਾਕੇ ਵਿੱਚ ਗਹਿਰਾ ਸੋਗ ਪੈਦਾ ਹੋ ਗਿਆ ਹੈ। ਪਾਇਲ ਪੁਲਸ ਵੱਲੋਂ ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਦੇ ਬਿਆਨਾਂ ਅਤੇ ਸੁਸਾਇਡ ਨੋਟ ਦੇ ਆਧਾਰ ‘ਤੇ ਜਸਕਰਨ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਜੱਬੋਵਾਲ (ਅੰਮ੍ਰਿਤਸਰ), ਉਸਦੇ ਫੁੱਫੜ ਸਤਿਕਾਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਨਵਾਂ ਚੰਦਨਕੇ (ਅੰਮ੍ਰਿਤਸਰ) ਅਤੇ ਟ੍ਰੈਵਲ ਏਜੰਟ ਕੰਵਲਜੀਤ ਸਿੰਘ ਵਾਸੀ ਅਮ੍ਰਿਤਸਰ ਖ਼ਿਲਾਫ ਭਾਰਤੀ ਨਿਆਂ ਸੰਹਿਤਾ ਦੀ ਧਾਰਾ 108 ਅਤੇ 351(2) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਪ੍ਰੀਤ ਸੰਦਲ ਇਨਸਾਫ ਪ੍ਰਾਪਤੀ ਸੰਘਰਸ਼ ਕਮੇਟੀ ਦਾ ਗਠਨ
ਇਸ ਘਟਨਾ ਤੋਂ ਬਾਅਦ ਸਾਹਿਤਕ ਅਤੇ ਸਮਾਜਿਕ ਸੰਗਠਨਾਂ ਵੱਲੋਂ “ਪ੍ਰੀਤ ਸੰਦਲ ਇਨਸਾਫ ਪ੍ਰਾਪਤੀ ਸੰਘਰਸ਼ ਕਮੇਟੀ” ਦਾ ਗਠਨ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਮ੍ਰਿਤਕ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕੀਤਾ ਜਾਵੇਗਾ ਅਤੇ ਅੰਤਿਮ ਰਸਮਾਂ ਮੌਕੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਇਸ ਕੇਸ ਦੀ ਜਾਂਚ ਏ.ਐੱਸ.ਆਈ. ਸਰਬਜੀਤ ਕੌਰ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਜਲਦ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵਾਂਗੇ।
