ਹੁਣ ਗੂਗਲ ''ਤੇ ਮਿਲੇਗੀ ਪਬਲਿਕ ਬਾਥਰੂਮ ਦੀ ਲੋਕੇਸ਼ਨ
Thursday, Nov 16, 2017 - 10:09 AM (IST)
ਲੁਧਿਆਣਾ (ਹਿਤੇਸ਼) : ਕੇਂਦਰ ਸਰਕਾਰ ਨੇ ਸਵੱਛ ਭਾਰਮ ਮੁਹਿੰਮ ਤਹਿਤ ਖੁੱਲ੍ਹੇ 'ਚ ਪਖਾਨੇ ਦੀ ਸਮੱਸਿਆ ਹੱਲ ਕਰਨ ਦਾ ਟਾਰਗੇਟ ਵੀ ਸ਼ਾਮਲ ਕੀਤਾ ਹੋਇਆ ਹੈ। ਉਸ ਦੇ ਤਹਿਤ ਲੋਕਾਂ ਨੂੰ ਘਰਾਂ 'ਚ ਬਾਥਰੂਮ ਬਣਾਉਣ ਲਈ ਗ੍ਰਾਂਟ ਦਿੱਤੀ ਜਾ ਰਹੀ ਹੈ ਅਤੇ ਨਗਰ ਨਿਗਮਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪਬਲਿਕ ਬਾਥਰੂਮ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਫੈਸਲਾ ਕੀਤਾ ਗਿਆ ਹੈ ਕਿ ਪੈਟਰੋਲ ਪੰਪ ਅਤੇ ਮਾਲਜ਼ ਨੂੰ ਵੀ ਆਪਣੇ ਕੈਂਪਸ 'ਚ ਬਣੇ ਬਾਥਰੂਮਾਂ 'ਚ ਹਰ ਇਕ ਲਈ ਪਬਲਿਕ ਬਾਥਰੂਮ ਦੇ ਤੌਰ 'ਤੇ ਸੁਵਿਧਾ ਦੇਣੀ ਹੋਵੇਗੀ, ਜਿਸ ਨੂੰ ਲੈ ਕੇ ਬਣਾਈ ਯੋਜਨਾ 'ਚ ਇਕ ਪਹਿਲੂ ਇਹ ਵੀ ਸ਼ਾਮਲ ਕੀਤਾ ਗਿਆ ਹੈ ਕਿ ਪਬਲਿਕ ਬਾਥਰੂਮ ਦੀ ਲੋਕੇਸ਼ਨ ਗੂਗਲ 'ਤੇ ਅਪਲੋਡ ਕੀਤੀ ਜਾਵੇ। ਇਹ ਜ਼ਿੰਮੇਵਾਰੀ ਸੈਨੇਟਰੀ ਇੰਸਪੈਕਟਰਾਂ ਨੂੰ ਸੌਂਪੀ ਗਈ ਹੈ, ਜਿਨ੍ਹਾਂ ਨੂੰ ਮੰਗਲਵਾਰ ਨੂੰ ਸਰਕਾਰ ਵਲੋਂ ਭੇਜੀ ਗਈ ਟੀਮ ਵਲੋਂ ਬਾਕਾਇਦਾ ਟ੍ਰੇਨਿੰਗ ਦਿੱਤੀ ਗਈ। ਇਸ ਦੌਰਾਨ ਮੁਲਾਜ਼ਮਾਂ ਨੂੰ ਦੱਸਿਆ ਗਿਆ ਕਿ ਪ੍ਰਾਈਵੇਟ ਅਤੇ ਸਰਕਾਰੀ ਪਬਲਿਕ ਬਾਥਰੂਮ ਦੀ ਲੋਕੇਸ਼ਨ ਫੋਟੋ ਦੇ ਨਾਲ ਅਪਲੋਡ ਕੀਤੀ ਜਾਵੇ ਅਤੇ ਉਸ 'ਚ ਇਹ ਵੀ ਜ਼ਿਕਰ ਕੀਤਾ ਜਾਵੇ ਕਿ ਸੁਵਿਧਾ ਦਾ ਪ੍ਰਯੋਗ ਕਰਨ 'ਤੇ ਕੋਈ ਚਾਰਜਿਜ਼ ਲੱਗਦੇ ਹਨ ਜਾਂ ਨਹੀਂ ਤਾਂ ਕਿ ਲੋਕਲ ਤੋਂ ਇਲਾਵਾ ਕਿਤੇ ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਖੁੱਲ੍ਹੇ 'ਚ ਪਖਾਨੇ ਦੀ ਜਗ੍ਹਾ ਪਬਲਿਕ ਬਾਥਰੂਮ ਦੀ ਸੁਵਿਧਾ ਦਾ ਪ੍ਰਯੋਗ ਕਰਨ 'ਚ ਸਮੱਸਿਆ ਨਾ ਹੋਵੇ।
ਐਡੀਸ਼ਨਲ ਕਮਿਸ਼ਨਰ ਨੇ ਕੀਤੀ ਸਫਾਈ ਅਤੇ ਮੇਨਟੀਨੈਂਸ ਸਬੰਧੀ ਚੈਕਿੰਗ
ਕੇਂਦਰ ਨੇ ਨਗਰ ਨਿਗਮ ਨੂੰ ਇਹ ਆਦੇਸ਼ ਵੀ ਦਿੱਤੇ ਹਨ ਕਿ ਅਗਲੇ ਸਾਲ ਜਨਵਰੀ ਤੱਕ ਪਬਲਿਕ ਬਾਥਰੂਮ ਦੀ ਸਫਾਈ ਅਤੇ ਮੇਨਟੀਨੈਂਸ 'ਚ ਸੁਧਾਰ ਸਬੰਧੀ ਮੁਹਿੰਮ ਚਲਾਈ ਜਾਵੇ, ਕਿਉਂਕਿ ਲੋਕਾਂ ਨੂੰ ਅਕਸਰ ਪਬਲਿਕ ਬਾਥਰੂਮ ਬੰਦ ਰਹਿਣ ਜਾਂ ਉਥੇ ਸਫਾਈ ਅਤੇ ਮੇਨਟੀਨੈਂਸ ਨਾ ਹੋਣ ਦੀ ਸ਼ਿਕਾਇਤ ਰਹਿੰਦੀ ਹੈ, ਜਿਸ ਨਾਲ ਪਬਲਿਕ ਬਾਥਰੂਮ ਦੀ ਪੂਰੀ ਵਰਤੋਂ ਨਾ ਹੋਣ ਕਾਰਨ ਉਨ੍ਹਾਂ ਨੂੰ ਬਣਾਉਣ ਦਾ ਮਕਸਦ ਸਫਲ ਨਹੀਂ ਹੋ ਸਕਿਆ। ਇਥੋਂ ਤੱਕ ਕਿ ਖੁੱਲ੍ਹੇ 'ਚ ਪਖਾਨਾ ਕਰਨ ਦੀ ਸਮੱਸਿਆ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਇਸ ਦੇ ਹੱਲ ਲਈ ਨਿਗਮ ਅਫਸਰਾਂ ਨੂੰ ਮੌਕੇ 'ਤੇ ਜਾ ਕੇ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਦੌਰਾਨ ਉਥੇ ਕੋਈ ਨਾਜਾਇਜ਼ ਕਬਜ਼ਾ ਹੋਣ ਬਾਰੇ ਵੀ ਪਤਾ ਲੱਗ ਸਕੇਗਾ। ਸਰਕਾਰ ਨੇ ਇਨ੍ਹਾਂ ਆਦੇਸ਼ਾਂ 'ਤੇ ਅਮਲ ਲਈ ਐਡੀਸ਼ਨਲ ਕਮਿਸ਼ਨਰ ਰਿਸ਼ੀਪਾਲ ਮੰਗਲਵਾਰ ਨੂੰ ਫੀਲਡ 'ਚ ਉਤਰੇ। ਉਨ੍ਹਾਂ ਨੇ ਪਬਲਿਕ ਬਾਥਰੂਮ ਦਾ ਜਾਇਜ਼ਾ ਲੈਣ ਤੋਂ ਬਾਅਦ ਉਥੇ ਸਫਾਈ ਤੋਂ ਇਲਾਵਾ ਜ਼ਰੂਰੀ ਰਿਪੇਅਰ ਕਰਨ ਦੇ ਆਦੇਸ਼ ਜਾਰੀ ਕੀਤੇ ਹਨ, ਜਿਸ 'ਚ ਰਾਤ ਦੇ ਸਮੇਂ ਲਾਈਟ ਦਾ ਪ੍ਰਬੰਧ ਕਰਨ ਨੂੰ ਵੀ ਕਿਹਾ ਗਿਆ।
ਸਟਾਫ ਨੂੰ ਲੋਕਾਂ ਪ੍ਰਤੀ ਬਦਲਣਾ ਹੋਵੇਗਾ ਰਵੱਈਆ
ਅਫਸਰਾਂ ਵਲੋਂ ਪਬਲਿਕ ਬਾਥਰੂਮ 'ਤੇ ਤਾਇਨਾਤ ਸਟਾਫ ਨੂੰ ਲੋਕਾਂ ਦੇ ਨਾਲ ਚੰਗਾ ਰਵੱਈਆ ਵਰਤਣ ਦਾ ਪਾਠ ਵੀ ਪੜ੍ਹਾਇਆ ਗਿਆ। ਉਨ੍ਹਾਂ ਦਾ ਨਾਂ ਅਤੇ ਨੰਬਰ ਪਬਲਿਕ ਬਾਥਰੂਮ ਦੇ ਬਾਹਰ ਲਿਖਿਆ ਜਾਵੇਗਾ, ਤਾਂ ਕਿ ਸਫਾਈ ਨਾ ਹੋਣ ਜਾਂ ਗਲਤ ਵਿਵਹਾਰ ਕਰਨ 'ਤੇ ਸ਼ਿਕਾਇਤ ਕਰਨ 'ਚ ਆਸਾਨੀ ਹੋਵੇ, ਜਿਸ ਨੂੰ ਲੈ ਕੇ ਅੱਗੇ ਚੱਲ ਕੇ ਪਬਲਿਕ ਫੀਡਬੈਕ ਸਿਸਟਮ ਵੀ ਲਾਗੂ ਕੀਤਾ ਜਾਵੇਗਾ।
