ਕਿਸਾਨ ਸਭਾ ਤੇ ਭ੍ਰਿਸ਼ਟਾਚਾਰ ਵਿਰੋਧੀ ਸੰਘਰਸ਼ ਕਮੇਟੀ ਵੱਲੋਂ ਰੋਸ ਧਰਨਾ
Wednesday, Feb 07, 2018 - 01:24 AM (IST)
ਮੁਕੇਰੀਆਂ, (ਨਾਗਲਾ)- ਕੁੱਲ ਹਿੰਦ ਕਿਸਾਨ ਸਭਾ ਤੇ ਭ੍ਰਿਸ਼ਟਾਚਾਰ ਵਿਰੋਧੀ ਸੰਘਰਸ਼ ਕਮੇਟੀ ਵੱਲੋਂ ਇਲਾਕੇ ਦੇ ਗੰਨਾ ਕਾਸ਼ਤਕਾਰਾਂ ਦੀ ਥਾਂ ਬਾਹਰੀ ਖੇਤਰ ਦੇ ਕਿਸਾਨਾਂ ਨੂੰ ਪਰਚੀਆਂ ਦੇਣ ਖਿਲਾਫ਼ ਅਤੇ ਸਬਜ਼ੀ ਮੰਡੀ ਦੇ ਪਖਾਨੇ ਢਾਹੁਣ ਵਾਲਿਆਂ ਵਿਰੁੱਧ ਕਾਰਵਾਈ 'ਚ ਢਿੱਲਮੱਠ ਵਰਤਣ ਦੇ ਵਿਰੋਧ ਵਿਚ ਐੱਸ. ਡੀ. ਐੱਮ. ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਸਭਾ ਦੇ ਸਕੱਤਰ ਅਸ਼ੋਕ ਮਹਾਜਨ ਤੇ ਪ੍ਰਧਾਨ ਧਿਆਨ ਸਿੰਘ ਦੀ ਅਗਵਾਈ 'ਚ ਦਿੱਤੇ ਇਸ ਰੋਸ ਧਰਨੇ ਵਿਚ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਆਸ਼ਾ ਨੰਦ ਨੇ ਵੀ ਸ਼ਿਰਕਤ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਖੰਡ ਮਿੱਲ ਵੱਲੋਂ ਇਲਾਕੇ ਦੇ ਗੰਨਾ ਕਾਸ਼ਤਕਾਰਾਂ ਨੂੰ ਗੰਨਾ ਖਰੀਦਣ 'ਚ ਖੱਜਲ ਖੁਆਰ ਕੀਤਾ ਜਾ ਰਿਹਾ ਹੈ, ਜਦੋਂ ਕਿ ਬਾਹਰੀ ਖੇਤਰ ਨੂੰ ਤਰਜੀਹੀ ਤੌਰ 'ਤੇ ਪਰਚੀਆਂ ਦਿੱਤੀਆਂ ਜਾ ਰਹੀਆਂ ਹਨ। ਸ਼ੂਗਰ ਕੇਨ ਕੰਟਰੋਲ ਐਕਟ ਮੁਤਾਬਿਕ ਗੇਟ ਖੇਤਰ ਦਾ ਗੰਨਾ ਪਹਿਲ ਦੇ ਅਧਾਰ 'ਤੇ ਪੀੜਿਆ ਜਾਣਾ ਚਾਹੀਦਾ ਹੈ, ਇਸ ਲਈ ਗੇਟ ਏਰੀਏ ਦਾ ਕੈਲੰਡਰ ਵੱਖਰਾ ਬਣਾਉਣਾ ਚਾਹੀਦਾ ਹੈ। ਕੈਲੰਡਰ ਸਿਸਟਮ ਵਿਚ ਪਾਰਦਰਸ਼ਤਾ ਨਾ ਹੋਣ ਕਾਰਨ ਵੱਡੇ ਪੱਧਰ 'ਤੇ ਫਰਜ਼ੀ ਗੰਨਾ ਬਾਂਡੇ ਕੀਤੇ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਛੋਟੇ ਕਿਸਾਨਾਂ ਦਾ ਮੋਢਾ ਗੰਨਾ ਵੀ ਪੀੜਿਨ ਵਾਲਾ ਪਿਆ ਹੈ, ਜਦੋਂ ਕਿ ਰਸੂਖਦਾਰਾਂ ਦਾ ਲੈਰਾ ਗੰਨਾ ਵੀ ਖਤਮ ਹੋ ਚੱਲਿਆ ਹੈ।
ਆਗੂਆਂ ਨੇ ਕਿਹਾ ਕਿ ਸਬਜ਼ੀ ਮੰਡੀ ਅੰਦਰ ਪਖਾਨੇ ਢਾਹੁਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਦੀ ਥਾਂ ਪ੍ਰਸ਼ਾਸਨ ਚੁੱਪੀ ਧਾਰੀ ਬੈਠਾ ਹੈ। ਜਦੋਂ ਕਿ ਕੇਂਦਰ ਸਰਕਾਰ 'ਸਵੱਛ ਭਾਰਤ' ਮੁਹਿੰਮ ਅਧੀਨ ਕਰੋੜਾਂ ਰੁਪਏ ਖਰਚ ਕੇ ਘਰ-ਘਰ ਪਖਾਨੇ ਬਣਾਉਣ ਦਾ ਯਤਨ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਗੰਨੇ ਦਾ ਕੈਲੰਡਰ ਸਿਸਟਮ ਵੱਖਰਾ ਬਣਾਇਆ ਜਾਵੇ ਅਤੇ ਇਸ ਨੂੰ ਜ਼ਮੀਨ ਦੇ ਖਸਰਾ ਨੰਬਰ ਮੁਤਾਬਕ ਬਾਂਡ ਕਰਕੇ ਲਿਸਟਾਂ ਜਨਤਕ ਕੀਤੀਆਂ ਜਾਣ। ਮਿੱਲ ਖੇਤਰ ਅਤੇ ਛੋਟੇ ਗੰਨਾ ਕਿਸਾਨਾਂ ਨੂੰ ਪਰਚੀਆਂ ਦੇਣ ਵਿਚ ਤਰਜੀਹ ਦਿੱਤੀ ਜਾਵੇ, ਸਬਜ਼ੀ ਮੰਡੀ ਅੰਦਰ ਢਾਹੇ ਪਖਾਨੇ ਮੁੜ ਉਸਾਰ ਕੇ ਢਾਹੁਣ ਵਾਲਿਆਂ ਖਿਲਾਫ਼ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਕੇਸ ਦਰਜ ਕੀਤਾ ਜਾਵੇ, ਪੁਰਾਣਾ ਭੰਗਾਲਾ 'ਚ ਇਕ ਬਿਲਡਰ ਵੱਲੋਂ ਕੌਮੀ ਮਾਰਗ 'ਤੇ ਡਰੇਨੇਜ਼ ਦੀ ਜ਼ਮੀਨ 'ਤੇ ਕੀਤੇ ਜਾ ਰਹੇ ਕਬਜ਼ੇ ਨੂੰ ਤੁਰੰਤ ਹਟਾਇਆ ਜਾਵੇ। ਆਵਾਰਾ ਪਸ਼ੂਆਂ ਵੱਲੋਂ ਕੀਤੇ ਜਾਂਦੇ ਫਸਲਾਂ ਦੇ ਨੁਕਸਾਨ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ, ਕਿਸਾਨਾਂ ਦੇ ਸਮੁੱਚੇ ਕਰਜ਼ੇ ਬਿਨਾਂ ਸ਼ਰਤ ਮੁਆਫ ਕੀਤੇ ਜਾਣ, ਟਿਊਬਵੈਲਾਂ 'ਤੇ ਲਾਏ ਜਾ ਰਹੇ ਮੀਟਰ ਰੋਕੇ ਜਾਣ, ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਕੇ ਉਨ੍ਹਾਂ ਨੂੰ ਘਰ ਬਣਾਉਣ ਲਈ ਪਲਾਟ ਤੇ ਉਸਾਰੀ ਲਈ ਗ੍ਰਾਂਟ ਦਿੱਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਰੋਸ ਧਰਨਾ ਮੰਗਾਂ ਦੀ ਪ੍ਰਾਪਤੀ ਤੱਕ ਲਗਾਤਾਰ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਉਂਕਾਰ ਸਿੰਘ ਪੁਰਾਣਾ ਭੰਗਾਲਾ, ਜਸਵੰਤ ਸਿੰਘ, ਰਘੁਵੀਰ ਸਿੰਘ, ਵਿਜੇ ਸਿੰਘ ਪੋਤਾ, ਮਨੋਹਰ ਸਿੰਘ, ਸੁਰਜੀਤ ਸਿੰਘ ਬਾੜੀ, ਮੋਹਣ ਸਿੰਘ, ਤਜਿੰਦਰ ਸਿੰਘ, ਤਾਰਾ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ, ਓਮ ਪ੍ਰਕਾਸ਼ ਪੁਰਾਣਾ ਭੰਗਾਲਾ ਅਤੇ ਰਾਮ ਲੁਭਾਇਆ ਆਦਿ ਵੀ ਹਾਜ਼ਰ ਸਨ।
