ਚਾਈਨਾ ਡੋਰ ਵਿਰੁੱਧ ਕੱਢਿਆ ਰੋਸ ਮਾਰਚ, ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ

Monday, Jan 26, 2026 - 05:37 PM (IST)

ਚਾਈਨਾ ਡੋਰ ਵਿਰੁੱਧ ਕੱਢਿਆ ਰੋਸ ਮਾਰਚ, ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ

ਫਰੀਦਕੋਟ (ਜਗਤਾਰ ਸਿੰਘ): ਬੀਤੇ ਕੱਲ ਇਕ 15 ਸਾਲਾਂ ਦੇ ਬੱਚੇ ਦੀ ਸਕੂਲੋਂ ਪਰਤਣ ਸਮੇਂ ਚਾਈਨਾ ਡੋਰ ਦੀ ਚਪੇਟ ਵਿਚ ਆਉਣ ਨਾਲ ਹੋਈ ਦਰਦਨਾਕ ਮੌਤ ਤੋਂ ਬਾਅਦ ਫਰੀਦਕੋਟ ਵਿਚ ਸ਼ਹਿਰ ਨਿਵਾਸੀਆਂ ਅਤੇ ਸਮਾਜ ਸੇਵੀਆਂ ਵਿਚ ਚਾਈਨਾ ਡੋਰ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ। ਅੱਜ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਸ਼ਹਿਰ ਵਿਚ ਜਗ੍ਹਾ-ਜਗ੍ਹਾ ਖਿਲਰੀ ਹੋਈ ਚਾਈਨਾ ਡੋਰ ਨੂੰ ਇਕੱਠਾ ਕਰਕੇ ਸ਼ਹਿਰ ਵਿੱਚ ਚਾਈਨਾ ਡੋਰ ਦੇ ਖਿਲਾਫ ਰੋਸ ਮਾਰਚ ਕੱਢਿਆ ਅਤੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਉਸ ਤੋਂ ਬਾਅਦ ਸਮਾਜ ਸੇਵੀਆਂ ਵੱਲੋਂ ਸਾਰੀ ਚਾਈਨਾ ਡੋਰ ਇਕੱਠੀ ਕਰ ਫਰੀਦਕੋਟ ਦੀ ਕੋਤਵਾਲੀ ਵਿੱਚ ਜਾ ਪੁੱਜੇ ਜਿੱਥੇ ਉਹਨਾਂ ਵੱਲੋਂ ਪੁਲਿਸ ਨੂੰ ਸਵਾਲ ਕੀਤੇ ਕਿ ਸਖਤੀ ਦੇ ਬਾਵਜੂਦ ਚਾਈਨਾ ਡੋਰ ਨੂੰ ਕਿਉਂ ਨਹੀਂ ਨੱਥ ਪਾਈ ਜਾ ਸਕੀ, ਜਿਸ ਨਾਲ ਬੇਸ਼ਕੀਮਤੀ ਮਨੁੱਖੀ ਜਾਨਾਂ ਜਾ ਰਹੀਆਂ ਹਨ ਅਤੇ ਪਸ਼ੂਆਂ ਪੰਛੀਆਂ ਨੂੰ ਵੀ ਇਸ ਦਾ ਵੱਡਾ ਨੁਕਸਾਨ ਪੁੱਜ ਰਿਹਾ ਹੈ।

ਇਸ ਮੌਕੇ ਸਮਾਜ ਸੇਵੀਆਂ ਨੇ ਦੱਸਿਆ ਕਿ ਭਾਵੇਂ ਕਿ ਪ੍ਰਸ਼ਾਸਨ ਅਤੇ ਪੁਲਸ ਦਾਅਵਾ ਕਰਦੀ ਹੈ ਕਿ ਉਹ ਚਾਈਨਾ ਡੋਰ ਤੇ ਉਹਨਾਂ ਵੱਲੋਂ ਸਿਕੰਜਾ ਕੱਸਿਆ ਗਿਆ ਹੈ। ਪਰ ਸ਼ਰੇਆਮ ਚਾਈਨਾ ਡੋਰ ਦੀ ਵਿਕਰੀ ਵੀ ਹੋ ਰਹੀ ਹੈ ਤੇ ਇਸ ਦਾ ਇਸਤੇਮਾਲ ਵੀ ਧੜੱਲੇ ਨਾਲ ਹੋ ਰਿਹਾ ਪਰ ਪ੍ਰਸ਼ਾਸਨ ਅਤੇ ਪੁਲਸ ਆਪਦੀ ਜਿੰਮੇਵਾਰੀ ਨਹੀਂ ਨਿਭਾ ਰਿਹਾ ਜਿਸ ਦੇ ਚਲਦੇ ਚਾਈਨਾ ਡੋਰ ਧੜੱਲੇ ਨਾਲ ਵਿਕ ਰਹੀ ਹੈ ਅਤੇ ਇਸ ਦਾ ਇਸਤੇਮਾਲ ਵੀ ਕੀਤਾ ਜਾ ਰਿਹਾ ਜਿਸ ਨਾਲ ਮਨੁੱਖ ਅਤੇ ਪਸ਼ੂ ਪੰਛੀਆਂ ਨੂੰ ਵੱਡਾ ਨੁਕਸਾਨ ਪੁੱਜ ਰਿਹਾ ਪਰ ਕੋਈ ਵੀ ਇਸ ਨੂੰ ਲੈ ਕੇ ਸੰਜੀਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਇਕ ਰੋਸ ਜਾਹਿਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਪੁਲਿਸ ਵੱਲੋਂ ਵੀ ਕੋਈ ਪੁਖਤਾ ਜਵਾਬ ਨਹੀਂ ਦਿੱਤਾ ਜਾ ਰਿਹਾ ਕਿ ਚਾਈਨਾ ਡੋਰ ਤੇ ਪਬੰਦੀ ਕਿਉਂ ਨਹੀਂ ਲੱਗ ਰਹੀ। ਉਨ੍ਹਾਂ ਕਿਹਾ ਕਿ ਜਿਹੜਾ ਵੀ ਚਾਈਨਾ ਡੋਰ ਵੇਚਦਾ ਫੜਿਆ ਜਾਂਦਾ ਹੈ ਉਸ ਖਿਲਾਫ ਧਾਰਾ 307 ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਹੈ ਤਾਂ ਕਿ ਬਾਕੀ ਦੇ ਚਾਈਨਾਂ ਡੋਰ ਵੇਚਣ ਵਾਲੇ ਵੀ ਇਸ ਤੋਂ ਸਬਕ ਸਿੱਖ ਸਕਣ ਪਰ ਅੱਜ ਦੀ ਘੜੀ ਜਾਪਦਾ ਹੈ ਕਿ ਪ੍ਰਸ਼ਾਸਨ ਦੀ ਸਹਿਮਤੀ ਨਾਲ ਹੀ ਇਹ ਡੋਰਾ ਵਿਕ ਰਹੀ ਹੈ।
 


author

Anmol Tagra

Content Editor

Related News