ਪਿੰਡ ਠੀਕਰੀਵਾਲਾ ਵਿਖੇ ਬੇਅਦਬੀ ਖਿਲਾਫ਼ ਭੜਕੇ ਲੋਕ, ਚੌਕ ’ਚ ਲਗਾਇਆ ਰੋਸ ਧਰਨਾ

Wednesday, Jan 21, 2026 - 07:21 PM (IST)

ਪਿੰਡ ਠੀਕਰੀਵਾਲਾ ਵਿਖੇ ਬੇਅਦਬੀ ਖਿਲਾਫ਼ ਭੜਕੇ ਲੋਕ, ਚੌਕ ’ਚ ਲਗਾਇਆ ਰੋਸ ਧਰਨਾ

ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਠੀਕਰੀਵਾਲਾ ਵਿਖੇ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ਸਮਾਗਮ ਵਾਲੀ ਥਾਂ ਅਤੇ ਪਿੰਡ ਦੀਆਂ ਗਲੀਆਂ ਵਿਚ ਪਵਿੱਤਰ ਗੁਟਕਾ ਸਾਹਿਬ ਜੀ ਦੇ ਅੰਗ ਪਾੜ ਕੇ ਖਿਲਾਰਨ ਦੀ ਘਿਨੌਣੀ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਵੇਖਣ ਨੂੰ ਮਿਲਿਆ। ਗ੍ਰਾਮ ਪੰਚਾਇਤ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਵੱਲੋਂ ਇਕੱਠੇ ਹੋ ਕੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਵਿਚ ਰੋਸ ਧਰਨਾ ਲਗਾਇਆ ਗਿਆ। 

ਰਨਾਕਾਰੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੇਅਦਬੀ ਕਰਨ ਵਾਲੇ ਦੋਸ਼ੀਆਂ ਅਤੇ ਉਨ੍ਹਾਂ ਦੇ ਮਾਸਟਰਮਾਈਂਡ ਦਾ ਪਤਾ ਲਗਾ ਕੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਸੀਰ ਸਿੰਘ ਔਲਖ, ਸਰਪੰਚ ਕਿਰਨਜੀਤ ਸਿੰਘ ਹੈਪੀ, ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ, ਪੰਚ ਮਨਪ੍ਰੀਤ ਸਿੰਘ, ਸਾਬਕਾ ਸਰਪੰਚ ਪ੍ਰਗਟ ਸਿੰਘ ਠੀਕਰੀਵਾਲ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ 18, 19 ਅਤੇ 20 ਜਨਵਰੀ ਨੂੰ ਮਨਾਏ ਜਾ ਰਹੇ ਸਲਾਨਾ ਸ਼ਹੀਦੀ ਸਮਾਗਮ ਦੌਰਾਨ 19 ਜਨਵਰੀ ਦੀ ਰਾਤ ਨੂੰ ਕੁਝ ਸਰਾਰਤੀ ਅਨਸਰਾਂ ਵੱਲੋਂ ਪੰਡਾਲ ਵਾਲੀ ਥਾਂ ਅਤੇ ਪਿੰਡ ਦੀਆਂ ਗਲੀਆਂ ਵਿਚ ਗੁਟਕਾ ਸਾਹਿਬ ਜੀ ਦੇ ਅੰਗ ਪਾੜ ਕੇ ਬੇਅਦਬੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਦੋਂ ਇਕ ਵਿਅਕਤੀ ਵੱਲੋਂ ਖਿਲਰੇ ਹੋਏ ਅੰਗ ਗੁਰਦੁਆਰਾ ਪ੍ਰਬੰਧਕਾਂ ਨੂੰ ਸੌਂਪੇ ਗਏ ਅਤੇ ਬਾਅਦ ਵਿਚ ਉਸੇ ਵਿਅਕਤੀ ਵੱਲੋਂ ਹੋਰ ਲੋਕਾਂ ਨੂੰ ਵੀ ਅੰਗ ਵੰਡੇ ਗਏ, ਤਾਂ ਸ਼ੱਕ ਪੈਦਾ ਹੋਇਆ। ਸੀ.ਸੀ.ਟੀ.ਵੀ. ਕੈਮਰਿਆਂ ਦੀ ਡੀ.ਵੀ.ਆਰ. ਚੈੱਕ ਕਰਨ ’ਤੇ ਦੋ ਵਿਅਕਤੀ ਅੰਗ ਪਾੜਦੇ ਨਜ਼ਰ ਆਏ, ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਪਿੰਡ ਵਾਸੀਆਂ ਵੱਲੋਂ ਦੋਵੇਂ ਵਿਅਕਤੀ ਪੁਲਸ ਹਵਾਲੇ ਕੀਤੇ ਗਏ। ਪਰ ਕਾਰਵਾਈ ਨਾ ਹੋਣ ਕਾਰਨ ਰੋਸ ਹੋਰ ਵਧ ਗਿਆ। ਇਸ ਤੋਂ ਬਾਅਦ ਦੋ ਦਿਨ ਲਗਾਤਾਰ ਹੋਰ ਅੰਗ ਮਿਲਣ ਨਾਲ ਸੰਗਤਾਂ ਦੇ ਹਿਰਦੇ ਵਲੰਧੂਰੇ ਗਏ। 

ਇਸ ਮੌਕੇ ਹਲਕਾ ਚੰਨਣਵਾਲ ਤੋਂ ਐੱਸ.ਜੀ.ਪੀ.ਸੀ. ਮੈਂਬਰ ਸੰਤ ਬਲਵੀਰ ਸਿੰਘ ਘੁੰਨਸ ਨੇ ਕਿਹਾ ਕਿ ਇਹ ਘਟਨਾ ਸਮੂਹ ਸਿੱਖ ਕੌਮ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨਜ਼ੀਰ ਬਣਾਉਂਦੀਆਂ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ। ਇਸ ਮੌਕੇ ਡੀ.ਐੱਸ.ਪੀ. ਬਰਨਾਲਾ ਸਤਵੀਰ ਸਿੰਘ ਬੈਂਸ ਅਤੇ ਡੀ.ਐੱਸ.ਪੀ. ਬਲਜੀਤ ਸਿੰਘ ਢਿੱਲੋਂ ਨੇ ਧਰਨੇ ਵਿਚ ਪਹੁੰਚ ਕੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਦੋ ਵਿਅਕਤੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਸਾਜ਼ਿਸ਼ੀ ਕੜੀ ਤੇ ਮਾਸਟਰ ਮਾਈਂਡ ਤੱਕ ਪਹੁੰਚਣ ਲਈ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੈਮਰਿਆਂ ਦੀ ਜਾਂਚ ਲਈ ਦੋ ਇੰਸਪੈਕਟਰ ਅਤੇ ਚਾਰ ਹੋਰ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਨਾਲ ਹੀ ਪੰਜ ਮੈਂਬਰੀ ਕਮੇਟੀ ਬਣਾਕੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜਾਂਚ ਅੱਗੇ ਵਧਾਈ ਜਾਵੇਗੀ। ਪੁਲਸ ਦੇ ਭਰੋਸੇ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਫਿਲਹਾਲ ਰੋਸ ਧਰਨਾ ਮੁਲਤਵੀ ਕਰ ਦਿੱਤਾ ਗਿਆ। ਇਸ ਮੌਕੇ ਐੱਸ. ਜੀ. ਪੀ. ਸੀ. ਮੈਂਬਰ ਭਦੌੜ ਬਲਦੇਵ ਸਿੰਘ ਚੂੰਘਾ, ਸਾਬਕਾ ਸਰਪੰਚ ਗੁਰਦਿਆਲ ਸਿੰਘ ਮਾਨ,  ਹਲਕਾ ਇੰਚਾਰਜ਼ ਨਾਥ  ਸਿੰਘ ਹਮੀਦੀ, ਜਸਪ੍ਰੀਤ ਸਿੰਘ ਹੈਪੀ, ਜਥੇਦਾਰ ਲਾਭ ਸਿੰਘ ,ਮੰਦਰ ਸਿੰਘ,ਮਲਕੀਤ ਸਿੰਘ ਮਾਨ,ਬੂਟਾ ਸਿੰਘ, ਕਰਨੈਲ ਸਿੰਘ, ਨਰਦੇਵ ਸਿੰਘ, ਬੀਕੇਯੂ ਕਾਦੀਆਂ ਦੇ ਸੂਬਾ ਮੀਤ ਪ੍ਰਧਾਨ ਗੁਰਨਾਮ ਸਿੰਘ ਠੀਕਰੀਵਾਲਾ, ਸੁਖਮਨੀ ਸੇਵਾ ਸੁਸਾਇਟੀ, ਨੌਜਵਾਨ ਸਭਾ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪਿੰਡ ਵਾਸੀ ਤੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਹਾਜਰ ਸਨ।
 


author

Anmol Tagra

Content Editor

Related News