ਸਮਰਾਲਾ ''ਚ ਚਾਈਨਾ ਡੋਰ ਦੀ ਵਿਕਰੀ ਰੋਕਣ ਲਈ ਸੰਘਰਸ਼ ਕਮੇਟੀ ਦਾ ਗਠਨ
Tuesday, Jan 27, 2026 - 03:41 PM (IST)
ਸਮਰਾਲਾ (ਗਰਗ, ਬੰਗੜ) : ਪੰਜਾਬ 'ਚ ਚਾਈਨਾ ਡੋਰ ਦੇ ਵੱਧ ਰਹੇ ਲਗਾਤਾਰ ਕਹਿਰ ਨੂੰ ਰੋਕਣ ਲਈ ਸਮਾਜ ਸੇਵੀ ਜੱਥੇਬੰਦੀਆਂ ਉੱਠ ਖੜ੍ਹੀਆਂ ਹੋਈਆਂ ਹਨ। ਸਮਰਾਲਾ ਵਿਖੇ ਵੀ ਬੀਤੇ ਦਿਨ ਚਾਈਨਾ ਡੋਰ ਨਾਲ ਗਲ ਵੱਢੇ ਜਾਣ ਕਾਰਨ 15 ਸਾਲਾ 10ਵੀਂ ਜਮਾਤ ਦੇ ਵਿਦਿਆਰਥੀ ਤਰਨਜੋਤ ਦੀ ਹੋਈ ਦੁਖਦਾਈ ਮੌਤ ਨੇ ਸਮੁੱਚਾ ਪੰਜਾਬ ਝੰਜੋੜ ਕੇ ਰੱਖ ਦਿੱਤਾ ਹੈ। ਜਾਨਲੇਵਾ ਚਾਈਨਾ ਡੋਰ 'ਤੇ ਲਾਈ ਗਈ ਪਾਬੰਦੀ ਦੇ ਬਾਵਜੂਦ ਇਸ ਖੂਨੀ ਡੋਰ ਦਾ ਕਹਿਰ ਲਗਾਤਾਰ ਜਾਰੀ ਹੈ। ਜਿਸ ਤਰ੍ਹਾਂ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੀ ਹਰ ਸਖ਼ਤੀ ਅਸਫ਼ਲ ਰਹੀ ਹੈ, ਉਸ ਤੋਂ ਬਾਅਦ ਬੇਬਸ ਹੋਏ ਪ੍ਰਸ਼ਾਸਨ ਅਤੇ ਪੁਲਸ ਖ਼ਿਲਾਫ਼ ਲੋਕਾਂ ਦਾ ਗੁੱਸਾ ਵੱਧ ਚੁੱਕਾ ਹੈ। ਪੁਲਸ ਪ੍ਰਸ਼ਾਸਨ ਤੋਂ ਖ਼ਫ਼ਾ ਹੋ ਕਿ ਆਖ਼ਰ ਸਥਾਨਕ ਵੱਖ -ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਇਕ ਮੰਚ 'ਤੇ ਇਕੱਠੇ ਹੋ ਕਿ ਚਾਈਨਾ ਡੋਰ ਦੀ ਵਿਕਰੀ ਨੂੰ ਨੱਥ ਪਾਉਣ ਦਾ ਐਲਾਨ ਕੀਤਾ ਹੈ।
ਸ਼ਿਵ ਸੈਨਾ ਪੰਜਾਬ ਦੇ ਯੂਥ ਪ੍ਰਧਾਨ ਰਮਨ ਵਡੇਰਾ ਦੀ ਸਰਪਰਸਤੀ ਹੇਠ ਵੱਖ-ਵੱਖ ਸਮਾਜਸੇਵੀ ਆਗੂਆਂ ਵਲੋਂ ਇਸ ਮੰਤਵ ਲਈ ਸਮਰਾਲਾ ਸੰਘਰਸ ਕਮੇਟੀ ਗਠਿਤ ਕੀਤੀ ਗਈ ਹੈ। ਇਸ ਸਬੰਧੀ ਕੀਤੀ ਇੱਕ ਪ੍ਰੈਸ ਕਾਨਫਰੰਸ 'ਚ ਰਮਨ ਵਡੇਰਾ, ਦਮਦਮੀ ਟਕਸਾਲ ਦੇ ਵਿਦਿਆਰਥੀ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਅਤੇ ਭਾਵਾਦਾਸ ਪੰਜਾਬ ਦੇ ਪ੍ਰਧਾਨ ਪਵਨ ਸਹੋਤਾ ਨੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਤਾੜਨਾ ਕਰਦਿਆਂ ਐਲਾਨ ਕੀਤਾ ਹੈ ਕਿ ਉਹ ਭਵਿੱਖ 'ਚ ਇਸ ਹਲਕੇ ਵਿੱਚ ਚਾਈਨਾ ਡੋਰ ਬਿਲਕੁਲ ਵੀ ਨਹੀਂ ਵੇਚਣ ਦੇਣਗੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਇਸ ਮੁੰਡੇ ਦੀ ਮੌਤ ਦਾ ਦਰਦ ਉਸਦੇ ਪਰਿਵਾਰ ਸਮੇਤ ਸਮੁੱਚੇ ਸਮਾਜ ਨੂੰ ਮਹਿਸੂਸ ਹੋ ਰਿਹਾ ਹੈ ਪਰ ਪ੍ਰਸ਼ਾਸਨ ਨੇ ਗੈਰ-ਕਾਨੂੰਨੀ ਪਤੰਗਬਾਜ਼ੀ 'ਤੇ ਪਾਬੰਦੀ ਲਾ ਕੇ ਆਪਣਾ ਪੱਲਾ ਝਾੜ ਲਿਆ ਹੈ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਪਤੰਗਬਾਜ਼ੀ 'ਤੇ ਮੁਕੰਮਲ ਪਾਬੰਦੀ ਲਾ ਦੇਣੀ ਚਾਹੀਦੀ ਹੈ ਕਿਉਂਕਿ ਪਤੰਗਾਂ ਲਈ ਸਧਾਰਨ ਧਾਗਾ ਡੋਰ ਦੀ ਆੜ ਵਿੱਚ ਹੀ ਚਾਈਨਾ ਡੋਰ ਦੀ ਗੈਰ-ਕਾਨੂੰਨੀ ਵਿਕਰੀ ਧੜਲੇ ਨਾਲ ਕੀਤੀ ਜਾ ਰਹੀ ਹੈ। ਸੰਘਰਸ਼ ਕਮੇਟੀ ਦੇ ਕਨਵੀਨਰ ਰਮਨ ਵਡੇਰਾ ਨੇ ਐਲਾਨ ਕੀਤਾ ਹੈ ਕਿ ਅੱਜ ਇਕੱਠੇ ਹੋਏ ਸਾਰੇ ਆਗੂਆਂ ਨੇ ਇਹ ਫ਼ੈਸਲਾ ਕੀਤਾ ਹੈ ਕਿ ਉਹ ਭਵਿੱਖ 'ਚ ਚਾਈਨਾ ਡੋਰ ਦੀ ਵਿਕਰੀ ਨੂੰ ਰੋਕਣ ਲਈ ਇਸ ਨੂੰ ਵੇਚਣ ਵਿੱਚ ਲੱਗੇ ਵਿਅਕਤੀਆਂ ਦਾ ਪਰਦਾਫਾਸ ਕਰਨਗੇ। ਚਾਈਨਾ ਡੋਰ ਨੂੰ ਬਣਾਉਣ ਤੋਂ ਲੈ ਕੇ ਇਸਨੂੰ ਵੇਚਣ ਤੱਕ ਦੀ ਪੂਰੀ ਚੇਨ ਵਿੱਚ ਸ਼ਾਮਲ ਸਮਾਜ ਦੇ ਦੁਸ਼ਮਣਾਂ ਦਾ ਪੂਰਾ ਪਾਜ ਉਧੇੜਿਆ ਜਾਵੇਗਾ। ਜੇਕਰ ਸਥਾਨਕ ਪ੍ਰਸ਼ਾਸਨ ਕਮੇਟੀ ਮੈਂਬਰਾਂ ਖ਼ਿਲਾਫ਼ ਵੀ ਕੋਈ ਐਕਸ਼ਨ ਲੈਂਦਾ ਹੈ ਤਾਂ ਵੀ ਉਹ ਪਿੱਛੇ ਨਹੀਂ ਹਟਣਗੇ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਸਮਾਜ ਸੇਵੀ ਇੰਦਰੇਸ਼ ਜੈਦਕਾ, ਆਮ ਆਦਮੀ ਪਾਰਟੀ ਦੇ ਆਗੂ ਤੇ ਸਾਬਕਾ ਕੌਂਸਲਰ ਰਣਧੀਰ ਸਿੰਘ ਧੀਰਾ, ਬਾਬਾ ਪ੍ਰਿਤਪਾਲ ਸਿੰਘ, ਬਾਬਾ ਗੁਰਪ੍ਰੀਤ ਸਿੰਘ ਉਟਾਲਾ ਆਦਿ ਵੀ ਹਾਜ਼ਰ ਸਨ।
