ਸੜਕਾਂ ’ਤੇ ਉਤਰੇ ਕਿਸਾਨ! ਟਰੈਕਟਰ ਮਾਰਚ ਦੌਰਾਨ ਗੂੰਜਿਆ 'ਪੰਜਾਬ ਕੇਸਰੀ ਗੁਰੱਪ' 'ਤੇ ਸਰਕਾਰ ਵੱਲੋਂ ਕੀਤੇ ਹਮਲੇ ਦਾ ਮੁੱਦ
Monday, Jan 26, 2026 - 04:36 PM (IST)
ਸੁਲਤਾਨਪੁਰ ਲੋਧੀ (ਗੁਰਪ੍ਰੀਤ)- ਜਿੱਥੇ ਅੱਜ ਪੂਰਾ ਦੇਸ਼ 77ਵਾਂ ਗਣਤੰਤਰ ਦਿਵਸ ਖ਼ੁਸ਼ੀ ਨਾਲ ਮਨਾ ਰਿਹਾ ਸੀ, ਉਥੇ ਹੀ ਦੇਸ਼ ਦਾ ਅੰਨਦਾਤਾ ਕਿਸਾਨ ਆਪਣੇ ਹੱਕਾਂ ਦੀ ਰੱਖਿਆ ਲਈ ਸੜਕਾਂ ’ਤੇ ਉਤਰ ਆਇਆ। ਤਿਰੰਗੇ ਦੀ ਛਾਂ ਹੇਠ ਜਸ਼ਨ ਮਨਾਉਂਦੇ ਦੇਸ਼ ਵਿੱਚ ਕਿਸਾਨਾਂ ਨੇ ਇਹ ਸਵਾਲ ਖੜ੍ਹਾ ਕੀਤਾ ਕਿ ਕੀ ਗਣਤੰਤਰ ਸਿਰਫ਼ ਰਸਮਾਂ ਤੱਕ ਸੀਮਿਤ ਰਹਿ ਗਿਆ ਹੈ?
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 26 ਜਨਵਰੀ ਨੂੰ ਨਿੱਜੀਕਰਨ, ਕਿਸਾਨ-ਮਜ਼ਦੂਰ ਵਿਰੋਧੀ ਨੀਤੀਆਂ ਅਤੇ ਲੋਕਤੰਤਰਿਕ ਹੱਕਾਂ ’ਤੇ ਹੋ ਰਹੇ ਹਮਲਿਆਂ ਖ਼ਿਲਾਫ਼ ਦੇਸ਼ ਭਰ ਵਿੱਚ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ। ਇਸੇ ਤਹਿਤ ਸੁਲਤਾਨਪੁਰ ਲੋਧੀ ਵਿੱਚ ਸੈਂਕੜੇ ਟਰੈਕਟਰਾਂ ਅਤੇ ਵਾਹਨਾਂ ਨਾਲ ਸ਼ਾਂਤਮਈ ਟਰੈਕਟਰ ਮਾਰਚ ਕਰਕੇ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ। ਟਰੈਕਟਰ ਮਾਰਚ ਦਾਣਾ ਮੰਡੀ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਹੋ ਕੇ ਸ਼ਹੀਦ ਊਧਮ ਸਿੰਘ ਚੌਂਕ, ਤਲਵੰਡੀ ਪੁੱਲ ਚੌਂਕ, ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸਮੇਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚੋਂ ਲੰਘਦਾ ਹੋਇਆ ਸੰਪੰਨ ਹੋਇਆ।
ਇਹ ਵੀ ਪੜ੍ਹੋ: ਕੁਰਸੀ ਪਿੱਛੇ ਹੱਥੋਪਾਈ ਹੋਏ 'ਆਪ' ਵਿਧਾਇਕ ਤੇ ਕੌਂਸਲ ਪ੍ਰਧਾਨ, ਲਾਏ ਗੰਭੀਰ ਇਲਜ਼ਾਮ

ਟਰੈਕਟਰ ਮਾਰਚ ਦੌਰਾਨ ਗੂੰਜਿਆ ਮੀਡੀਆ ’ਤੇ ਹਮਲੇ ਦਾ ਮੁੱਦਾ
ਇਸ ਟਰੈਕਟਰ ਮਾਰਚ ਦੀ ਸਭ ਤੋਂ ਖ਼ਾਸ ਗੱਲ ਇਹ ਰਹੀ ਕਿ ਕਿਸਾਨਾਂ ਨੇ ਸਿਰਫ਼ ਖੇਤੀ ਕਾਨੂੰਨਾਂ ਅਤੇ ਨਿੱਜੀਕਰਨ ਹੀ ਨਹੀਂ, ਸਗੋਂ 'ਜਗ ਬਾਣੀ', ਪੰਜਾਬ ਕੇਸਰੀ ਸਮੂਹ ’ਤੇ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਧੱਕੇਸ਼ਾਹੀ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਉਠਾਇਆ। ਕਿਸਾਨ ਆਗੂਆਂ ਨੇ ਕਿਹਾ ਕਿ ਜਿਹੜੀ ਸਰਕਾਰ ਸੱਚ ਵਿਖਾਉਣ ਵਾਲੀ ਮੀਡੀਆ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ, ਉਹ ਕਿਸਾਨਾਂ ਦੀ ਆਵਾਜ਼ ਕਿਵੇਂ ਸੁਣੇਗੀ। ਉਨ੍ਹਾਂ ਕਿਹਾ ਕਿ 'ਜਗ ਬਾਣੀ' ਅਤੇ 'ਪੰਜਾਬ ਕੇਸਰੀ' ਵਰਗੇ ਅਖ਼ਬਾਰ ਲੋਕਾਂ ਦੀ ਆਵਾਜ਼ ਹਨ ਅਤੇ ਉਨ੍ਹਾਂ ’ਤੇ ਕਾਰਵਾਈ ਕਰਨਾ ਪ੍ਰੈੱਸ ਦੀ ਆਜ਼ਾਦੀ ਅਤੇ ਗਣਤੰਤਰਿਕ ਮੁੱਲਾਂ ’ਤੇ ਸਿੱਧਾ ਹਮਲਾ ਹੈ। ਕਿਸਾਨਾਂ ਨੇ ਦੋ ਟੁੱਕ ਕਿਹਾ ਕਿ ਅੱਜ ਮੀਡੀਆ ਨਿਸ਼ਾਨੇ ’ਤੇ ਹੈ, ਕੱਲ੍ਹ ਕਿਸਾਨ ਹੋਵੇਗਾ, ਇਸ ਲਈ ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਖੜ੍ਹਨਾ ਸਮੇਂ ਦੀ ਲੋੜ ਹੈ।

ਨਿੱਜੀਕਰਨ ਨੀਤੀਆਂ ਕਿਸਾਨੀ ਦੀ ਰੀੜ੍ਹ ਤੋੜਣ ਵਾਲੀਆਂ
ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਬਿਜਲੀ ਸੋਧ ਬਿੱਲ, ਬੀਜ ਬਿੱਲ, ਵੀਬੀ ਜੀ ਰਾਮ ਜੀ ਕਾਨੂੰਨ ਅਤੇ ਚਾਰ ਲੇਬਰ ਕੋਡ ਜੇਕਰ ਲਾਗੂ ਹੋ ਗਏ ਤਾਂ ਕਿਸਾਨ ਅਤੇ ਮਜ਼ਦੂਰ ਵਰਗ ਦੀ ਰੀੜ੍ਹ ਟੁੱਟ ਜਾਵੇਗੀ। ਉਨ੍ਹਾਂ ਕਿਹਾ ਕਿ ਮਹਿੰਗੀ ਬਿਜਲੀ ਨਾਲ ਖੇਤੀ ਕਰਨਾ ਅਸੰਭਵ ਹੋ ਜਾਵੇਗਾ, ਬੀਜਾਂ ’ਤੇ ਕਾਰਪੋਰੇਟ ਕਬਜ਼ਾ ਹੋਵੇਗਾ ਅਤੇ ਕਿਸਾਨ ਆਪਣੀ ਖੁਦਮੁਖਤਿਆਰੀ ਤੋਂ ਵਾਂਝਾ ਰਹਿ ਜਾਵੇਗਾ। ਕਿਸਾਨ ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਕਿ ਮੁਕਤ ਵਪਾਰ ਸਮਝੌਤਿਆਂ ਰਾਹੀਂ ਖੇਤੀ, ਪੋਲਟਰੀ ਅਤੇ ਡੇਅਰੀ ਖੇਤਰ ਨੂੰ ਵਿਦੇਸ਼ੀ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ, ਜਿਸ ਨਾਲ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਭਾਰੀ ਖ਼ਤਰਾ ਪੈਦਾ ਹੋ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਕਾਂਸਟੇਬਲ 'ਤੇ ਡਿੱਗੀ ਗਾਜ! ਹੋ ਗਿਆ ਵੱਡਾ ਐਕਸ਼ਨ, ਕਾਰਨਾਮਾ ਜਾਣ ਰਹਿ ਜਾਓਗੇ ਦੰਗ
ਕਰਜ਼ਾ ਮੁਆਫ਼ੀ, ਪੈਨਸ਼ਨ ਅਤੇ ਜਨਤਕ ਜਾਇਦਾਦਾਂ ਵੇਚਣ ਦਾ ਵਿਰੋਧ
ਟਰੈਕਟਰ ਮਾਰਚ ਦੌਰਾਨ ਕਿਸਾਨਾਂ ਨੇ ਕਿਸਾਨ-ਮਜ਼ਦੂਰਾਂ ਦਾ ਪੂਰਾ ਕਰਜ਼ਾ ਰੱਦ ਕਰਨ, 60 ਸਾਲ ਦੀ ਉਮਰ ’ਤੇ ਘੱਟੋ-ਘੱਟ 10 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ, ਹੜ੍ਹ ਪੀੜਤ ਕਿਸਾਨਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਜਨਤਕ ਅਦਾਰਿਆਂ ਦੀਆਂ ਜਾਇਦਾਦਾਂ ਵੇਚਣ ਦੇ ਫ਼ੈਸਲਿਆਂ ਦਾ ਡਟ ਕੇ ਵਿਰੋਧ ਕੀਤਾ।

ਸ਼ਾਂਤਮਈ ਪਰ ਦ੍ਰਿੜ੍ਹ ਸੰਦੇਸ਼
ਮਾਰਚ ਪੂਰੀ ਤਰ੍ਹਾਂ ਅਨੁਸ਼ਾਸਿਤ ਅਤੇ ਸ਼ਾਂਤਮਈ ਰਿਹਾ। ਨਾ ਕੋਈ ਹੁੱਲੜਬਾਜ਼ੀ, ਨਾ ਹੀ ਅਨੁਸ਼ਾਸਨਹੀਣਤਾ, ਸਿਰਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਵਾਨਿਤ ਨਾਅਰੇ ਅਤੇ ਲੋਕਤੰਤਰਿਕ ਢੰਗ ਨਾਲ ਆਪਣੀਆਂ ਮੰਗਾਂ ਰੱਖੀਆਂ ਗਈਆਂ। ਅੰਤ ਵਿੱਚ ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰਾਂ ਨੇ ਕਿਸਾਨਾਂ ਅਤੇ ਲੋਕਾਂ ਦੀ ਆਵਾਜ਼ ਦਬਾਉਣ ਦੀ ਨੀਤੀ ਜਾਰੀ ਰੱਖੀ ਤਾਂ ਸੰਘਰਸ਼ ਨੂੰ ਹੋਰ ਵੀ ਵਿਸ਼ਾਲ ਅਤੇ ਤਿੱਖਾ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰਾਂ ਦੀ ਹੋਵੇਗੀ।
ਇਹ ਵੀ ਪੜ੍ਹੋ: ਸਮਰਾਲਾ ਮਗਰੋਂ ਹੁਣ ਜ਼ੀਰਕਪੁਰ ’ਚ ਵੱਡਾ ਹਾਦਸਾ! ਪਤੰਗਬਾਜ਼ੀ ਨੇ ਉਜਾੜ 'ਤੇ ਦੋ ਪਰਿਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
