ਕਿਸਾਨ ਮਜ਼ਦੂਰ ਮੋਰਚੇ ਦੀ ਕਾਲ ’ਤੇ ਫੂਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ
Tuesday, Jan 20, 2026 - 01:54 PM (IST)
ਮੋਗਾ (ਸੰਦੀਪ ਸ਼ਰਮਾ) : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਮੋਗਾ-2 ਵਲੋਂ ਜੋਨ ਪ੍ਰਧਾਨ ਦਰਸ਼ਨ ਸਿੰਘ ਦੀ ਪ੍ਰਧਾਨਗੀ ਹੇਠ ਵੱਖ-ਵੱਖ ਪਿੰਡਾਂ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲੇ ਫੂਕ ਕੇ ਰੋਸ ਮੁਜ਼ਾਹਰੇ ਕੀਤੇ ਗਏ। ਦਰਸ਼ਨ ਸਿੰਘ ਨੇ ਆਖਿਆ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਕਿ ਪਿੰਡਾਂ ’ਚ ਜਦੋਂ ਸਤਾਧਾਰੀ ਲੋਕ ਪਹੁੰਚਦੇ ਨੇ ਉਨ੍ਹਾਂ ਕੋਲੋਂ ਸਵਾਲ ਪੁੱਛਿਆ ਕਰੋ। ਕਿਸਾਨ-ਮਜ਼ਦੂਰ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਮਜੀਠਾ ਜ਼ਿਲਾ ਅੰਮ੍ਰਿਤਸਰ ਵਿਚ ਮੁੱਖ ਮੰਤਰੀ ਦੇ 18 ਜਨਵਰੀ 2026 ਨੂੰ ਆਉਣ ’ਤੇ ਸਵਾਲ ਪੁੱਛਣ ਲਈ ਐਲਾਨ ਹੋਇਆ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ 15 ਆਗੂਆਂ ਨੂੰ ਰਾਤ ਨੂੰ ਹੀ ਹਿਰਾਸਤ ਵਿਚ ਲੈ ਲਿਆ ਗਿਆ।
ਇਥੋਂ ਸਾਫ ਜ਼ਾਹਰ ਹੁੰਦਾ ਹੈ ਕਿ ਇਹ ਭਗਵੰਤ ਮਾਨ ਕੋਲ ਕਿਸਾਨਾਂ, ਮਜ਼ਦੂਰਾਂ ਨੂੰ ਉੱਤਰ ਦੇਣ ਲਈ ਕੁਝ ਨਹੀਂ ਜਾਂ ਉਨ੍ਹਾਂ ਦੇ ਸਾਹਮਣੇ ਖੜ੍ਹ ਕੇ ਗੱਲ ਕਰਨ ਦੀ ਹਿੰਮਤ ਨਹੀਂ। ਮੁੱਖ ਮੰਤਰੀ ਨਾਲ ਗੱਲ ਕਰਨ ਲਈ ਜਾਂਦੇ ਹੋਏ ਕਾਫਲਿਆਂ ਨੂੰ ਰਸਤੇ ਵਿਚ ਭਾਰੀ ਪੁਲਸ ਬਲ ਲਗਾ ਕੇ ਰੋਕ ਦਿੱਤਾ। ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਸ਼ਾਮ ਲਗਭਗ 5 ਵਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲਾ ਮੋਗਾ ਵਲੋਂ ਅੰਮ੍ਰਿਤਸਰ ਮੋਗਾ ਰੋਡ ਪਿੰਡ ਦੌਲੇਵਾਲਾ ਵਿਖੇ ਧਰਨਾ ਲਾ ਕੇ ਰੋਡ ਜਾਮ ਕਰ ਦਿੱਤਾ। 7 ਵਜੇ ਪ੍ਰਸ਼ਾਸਨ ਨਾਲ ਗੱਲਬਾਤ ਹੋਣ ਤੋਂ ਉਪਰੰਤ ਧਰਨਾ ਚੱਕ ਦਿੱਤਾ ਗਿਆ ਅਤੇ ਰੋਡ ਖੋਲ੍ਹ ਦਿੱਤਾ ਗਿਆ। ਅੱਧੇ ਆਗੂ ਰਾਤ ਨੂੰ ਰਿਹਾਅ ਕਰ ਦਿੱਤੇ ਅਤੇ ਬਾਕੀ ਕੱਲ 2 ਵਜੇ ਛੱਡ ਦੇਣ ਦਾ ਵਾਅਦਾ ਕੀਤਾ ਗਿਆ, ਇਹ ਫੈਸਲਾ ਹੋਣ ਤੋਂ ਬਾਅਦ ਬੀ. ਕੇ. ਯੂ. ਆਜ਼ਾਦ ਜਥੇਬੰਦੀ ’ਤੇ ਲਾਠੀ ਚਾਰਜ ਕੀਤਾ ਗਿਆ ਅਤੇ 40 ਮੈਂਬਰਾਂ ਨੂੰ ਹਿਰਾਸਤ ਵਿਚ ਲੈ ਗਏ। ਜੋ ਕੇ ਬਹੁਤ ਹੀ ਨਿੰਦਣਯੋਗ ਹੈ।
ਉਨ੍ਹਾਂ ਆਖਿਆ ਕਿ ਪ੍ਰਸ਼ਾਸਨ ਆਗੂਆਂ ਨੂੰ ਤੁਰੰਤ ਰਿਹਾਅ ਕਰੇ ਨਹੀਂ ਤਾਂ ਅੱਗੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅਗਲੇ ਪ੍ਰੋਗਰਾਮ ਉਲੀਕ ਕੇ ਸਰਕਾਰ ਦਾ ਸਖਤ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਜੋਨ ਮੀਤ ਪ੍ਰਧਾਨ ਦਰਬਾਰ ਸਿੰਘ ਸਕੱਤਰ, ਬਲਦੇਵ ਸਿੰਘ ਢਿੱਲੋਂ ਪ੍ਰੈੱਸ ਸਕੱਤਰ, ਦੇਵ ਸਿੰਘ ਈ ਰਿਕਸ਼ਾ ਪ੍ਰਧਾਨ, ਕਿਰਪਾਲ ਸਿੰਘ ਇਕਾਈ ਪ੍ਰਧਾਨ, ਹਰਪਾਲ ਸਿੰਘ ਕਾਕਾ ਮਿਸਤਰੀ, ਸੀਨੀਅਰ ਆਗੂ ਸਰਬਜੀਤ ਅਤੇ ਹੋਰ ਹਾਜ਼ਰ ਸਨ।
