ਬੇਰੋਜ਼ਗਾਰਾਂ ਵੱਲੋਂ CM ਸਿਟੀ ਸੰਗਰੂਰ ’ਚ ਕੀਤਾ ਰੋਸ ਮਾਰਚ
Thursday, Jan 29, 2026 - 05:40 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਸਿੰਗਲਾ, ਯਾਦਵਿੰਦਰ)- ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਵਾਅਦੇ ਜਿਹੜੇ ਕਿ ਲਾਰੇ ਬਣ ਚੁੱਕੇ ਹਨ ਜਾਂ ਸਰਕਾਰ ਵੱਲੋਂ ਪ੍ਰਚਾਰੀਆਂ ਜਾ ਰਹੀਆਂ ਪ੍ਰਾਪਤੀਆਂ ਦੀ ਅਸਲ ਸੱਚਾਈ ਕੀ ਹੈ? ਇਸ ਤੋਂ ਬੇਰੋਜ਼ਗਾਰਾਂ ਨੇ ਸਥਾਨਕ ਸ਼ਹਿਰ ’ਚ ਰੋਸ ਮਾਰਚ ਕਰਦੇ ਹੋਏ ਸ਼ਹਿਰ ਵਾਸੀਆਂ ਨੂੰ ਜਾਣੂ ਕਰਵਾਇਆ।
ਬੇਰੋਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ ਤੇ ਹਰਜਿੰਦਰ ਝੁਨੀਰ ਨੇ ਦੱਸਿਆ ਕਿ ਉਹ ਪਿਛਲੇ 35 ਦਿਨਾਂ ਤੋਂ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਅੱਗੇ ਸ਼ਾਂਤਮਈ ਤਰੀਕੇ ਪੱਕਾ ਮੋਰਚਾ ਲਾ ਕੇ ਬੈਠੇ ਹੋਏ ਹਨ। ਬੇਰੋਜ਼ਗਾਰਾਂ ਦੀ ਮੰਗ ਹੈ ਕਿ ਸਿੱਖਿਆ ਅਤੇ ਸਿਹਤ ਵਿਭਾਗ ’ਚ ਖਾਲੀ ਪਈਆਂ ਲੈਕਚਰਾਰ, ਮਾਸਟਰ ਕੇਡਰ ਅਤੇ ਮਲਟੀਪਰਪਜ਼ ਹੈਲਥ ਵਰਕਰ (ਪੁਰਸ਼) ਦੀਆਂ ਸਾਰੀਆਂ ਖਾਲੀ ਆਸਾਮੀਆਂ ਉਮਰ ਹੱਦ ਛੋਟ ਦੇ ਕੇ ਜਾਰੀ ਕੀਤੀਆਂ ਜਾਣ, ਆਰਟ ਐਂਡ ਕਰਾਫਟ ਦੀਆਂ 250 ਪੋਸਟਾਂ ਦੀ ਲਿਖਤੀ ਪ੍ਰੀਖਿਆ ਲਈ ਜਾਵੇ।
ਇਸ ਮੌਕੇ ਸੁਖਪਾਲ ਖਾਨ, ਮਨਦੀਪ ਸਿੰਘ ਭੱਦਲਵੱਡ, ਰਣਜੀਤ ਮੌੜ, ਮਨਜੀਤ ਉਪਲੀ, ਅਮਨਦੀਪ ਕੌਰ, ਰਾਜਵੀਰ ਕੌਰ, ਮਨਦੀਪ ਕੌਰ ਅਤੇ ਸ਼ਿੰਦਰ ਪਾਲ ਕੌਰ ਆਦਿ ਹਾਜ਼ਰ ਸਨ। ਬੇਰੋਜ਼ਗਾਰਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਜਲਦੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਪਿੰਡਾਂ ਵੱਲ ਵਹੀਰਾਂ ਘੱਤਣਗੇ।
