ਪੈਨਸ਼ਨ ਨਾ ਆਉਣ ''ਤੇ ਭੜਕੇ ਲੋਕ, ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
Thursday, Jan 29, 2026 - 05:15 PM (IST)
ਤਪਾ ਮੰਡੀ (ਸ਼ਾਮ, ਗਰਗ)- ਸਰਕਾਰ ਵੱਲੋਂ ਜਨਵਰੀ ਮਹੀਨੇ ਦੀਆਂ ਦਿਵਿਆਂਗ, ਵਿਧਵਾਵਾਂ ਅਤੇ ਬਜ਼ੁਰਗਾਂ ਦੀਆਂ ਸਮਾਜਿਕ ਸੁਰੱਖਿਆ ਪੈਨਸ਼ਨਾਂ ਸਮੇਂ ਸਿਰ ਜਾਰੀ ਨਾ ਕੀਤੀਆਂ ਜਾਣ ਕਾਰਨ ਪੈਨਸ਼ਨ ਧਾਰਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਪੈਨਸ਼ਨ ਧਾਰਕਾਂ ਮੱਖਣ ਸਿੰਘ, ਬਲਵੀਰ ਕੌ ਰ, ਬੇਅੰਤ ਸਿੰਘ,ਗਿਆਨ ਸਿੰਘ, ਜੰਗੀਰ ਕੌਰ, ਆਸ਼ਾ ਰਾਣੀ ਤੇ ਗੁਰਲਾਲ ਸਿੰਘ ਨੇ ਦੱਸਿਆ ਕਿ ਪੈਨਸ਼ਨ ਉਨ੍ਹਾਂ ਦੀ ਆਮਦਨ ਦਾ ਇਕੋ-ਇਕ ਸਹਾਰਾ ਹੈ, ਜਿਸ ਨਾਲ ਉਹ ਦਵਾਈਆਂ, ਰਾਸ਼ਨ ਅਤੇ ਘਰੇਲੂ ਖਰਚੇ ਪੂਰੇ ਕਰਦੇ ਹਨ। ਜਨਵਰੀ ਮਹੀਨੇ ਦੀ ਪੈਨਸ਼ਨ ਨਾ ਮਿਲਣ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਬਜ਼ੁਰਗਾਂ ਅਤੇ ਵਿਧਵਾਵਾਂ ਨੇ ਕਿਹਾ ਕਿ ਮਹਿੰਗਾਈ ਦੇ ਇਸ ਦੌਰ ’ਚ ਮੌਜੂਦਾ ਪੈਨਸ਼ਨ ਰਕਮ ਬਿਲਕੁਲ ਨਾਕਾਫੀ ਹੈ, ਜਿਸ ਨਾਲ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਗਿਆ ਹੈ।
ਰੋਸ ਦੌਰਾਨ ਪੈਨਸ਼ਨ ਧਾਰਕਾਂ ਨੇ ਇਹ ਵੀ ਦੋਸ਼ ਲਾਇਆ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਪੈਨਸ਼ਨ ਦੀ ਰਕਮ 1500 ਰੁਪਏ ਤੋਂ ਵਧਾ ਕੇ 2500 ਰੁਪਏ ਕੀਤੀ ਜਾਵੇਗੀ ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਸਿਰਫ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਗਏ ਹਨ।
ਪੈਨਸ਼ਨਧਾਰਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਰਿਆਣਾ ਰਾਜ ਦੀ ਤਰਜ਼ ’ਤੇ ਪੈਨਸ਼ਨਾਂ ’ਚ ਤੁਰੰਤ ਵਾਧਾ ਕੀਤਾ ਜਾਵੇ ਅਤੇ ਘੱਟੋ-ਘੱਟ ਪੈਨਸ਼ਨ ਤਿੰਨ ਹਜ਼ਾਰ ਤੋਂ ਸਾਢੇ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ। ਨਾਲ ਹੀ ਜਨਵਰੀ ਮਹੀਨੇ ਦੀ ਬਕਾਇਆ ਪੈਨਸ਼ਨ ਤੁਰੰਤ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਜਦ ਡੀ. ਐੱਸ. ਐੱਸ. ਓ. ਦਫਤਰ ਦੇ ਇਕ ਅਧਿਕਾਰੀ ਨਾਲ ਪੈਨਸ਼ਨ ਨਾ ਮਿਲਣ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਖਾਤਿਆਂ ’ਚ ਪੈਨਸ਼ਨਾਂ ਪਾ ਦਿੱਤੀਆਂ ਗਈਆਂ ਹਨ, ਸ਼ਾਮ ਤੱਕ ਆ ਜਾਣਗੀਆਂ।
