ਮਿਡ-ਡੇ ਮੀਲ ਵਰਕਰਾਂ ਵੱਲੋਂ ਤਿੱਖੇ ਸੰਘਰਸ਼ ਦੀ ਚੇਤਾਵਨੀ

Tuesday, Jan 27, 2026 - 07:07 PM (IST)

ਮਿਡ-ਡੇ ਮੀਲ ਵਰਕਰਾਂ ਵੱਲੋਂ ਤਿੱਖੇ ਸੰਘਰਸ਼ ਦੀ ਚੇਤਾਵਨੀ

ਮਹਿਲ ਕਲਾਂ (ਹਮੀਦੀ): ਮਿਡ-ਡੇ ਮੀਲ ਵਰਕਰ ਯੂਨੀਅਨ ਬਲਾਕ ਮਹਿਲ ਕਲਾਂ ਦੇ ਸਮੂਹ ਵਰਕਰਾਂ ਦੀ ਬਲਾਕ ਪੱਧਰੀ ਮੀਟਿੰਗ ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਰਾਏਸਰ ਦੀ ਪ੍ਰਧਾਨਗੀ ਹੇਠ ਬੀਡੀਪੀਓ ਦਫ਼ਤਰ ਮਹਿਲ ਕਲਾਂ ਵਿਖੇ ਹੋਈ, ਜਿਸ ਵਿੱਚ ਬਲਾਕ ਦੀਆਂ ਵੱਖ-ਵੱਖ ਸਕੂਲਾਂ ਤੋਂ ਮਿਡ-ਡੇ ਮੀਲ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਰਾਏਸਰ, ਬਲਾਕ ਪ੍ਰਧਾਨ ਜਸਵੀਰ ਕੌਰ, ਸਕੱਤਰ ਪਰਮਜੀਤ ਕੌਰ ਅਤੇ ਪ੍ਰੈਸ ਸਕੱਤਰ ਸਰਬਜੀਤ ਕੌਰ ਨੇ ਸਰਕਾਰ ਅਤੇ ਸਬੰਧਤ ਵਿਭਾਗ ਵੱਲੋਂ ਮਿਡ-ਡੇ ਮੀਲ ਵਰਕਰਾਂ ਤੋਂ ਨਿਰਧਾਰਤ ਕੰਮ ਤੋਂ ਇਲਾਵਾ ਵਾਧੂ ਅਤੇ ਗੈਰ-ਸੰਬੰਧਤ ਕੰਮ ਲਏ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਵਰਕਰਾਂ ਨੂੰ ਜਿਸ ਕੰਮ ਲਈ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਤੋਂ ਉਹੀ ਕੰਮ ਕਰਾਇਆ ਜਾਵੇ। 

ਆਗੂਆਂ ਨੇ ਕਿਹਾ ਕਿ ਮਿਡ-ਡੇ ਮੀਲ ਵਰਕਰ ਪਿਛਲੇ ਕਈ ਸਾਲਾਂ ਤੋਂ ਘੱਟ ਮਜ਼ਦੂਰੀ, ਅਸਥਾਈ ਦਰਜੇ ਅਤੇ ਅਣਸੁਰੱਖਿਅਤ ਭਵਿੱਖ ਨਾਲ ਕੰਮ ਕਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਸਰਕਾਰ ਵੱਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਲੰਮੇ ਸਮੇਂ ਤੋਂ ਵਰਕਰਾਂ ਨੂੰ ਪੱਕਾ ਕਰਨ, ਮਾਸਿਕ ਮਜ਼ਦੂਰੀ ਵਿੱਚ ਮਹਿੰਗਾਈ ਦੇ ਹਿਸਾਬ ਨਾਲ ਵਾਧਾ ਕਰਨ, ਪੈਨਸ਼ਨ ਅਤੇ ਗ੍ਰੈਚੁਟੀ ਦੀ ਸਹੂਲਤ ਦੇਣ, ਬੀਮਾ ਅਤੇ ਸਿਹਤ ਸਹੂਲਤਾਂ ਯਕੀਨੀ ਬਣਾਉਣ, ਸਾਲਾਨਾ ਛੁੱਟੀਆਂ ਦੇਣ ਅਤੇ ਵਰਕਰਾਂ ਤੋਂ ਵਾਧੂ ਕੰਮ ਨਾ ਲੈਣ ਵਰਗੀਆਂ ਮੰਗਾਂ ਉਠਾਈਆਂ ਜਾ ਰਹੀਆਂ ਹਨ ਪਰ ਸਰਕਾਰ ਇਨ੍ਹਾਂ ਮੰਗਾਂ ਪ੍ਰਤੀ ਗੰਭੀਰ ਨਹੀਂ। ਆਗੂਆਂ ਨੇ ਸਪਸ਼ਟ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਿਡ-ਡੇ ਮੀਲ ਵਰਕਰਾਂ ਦੀਆਂ ਹੱਕੀ ਮੰਗਾਂ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਜਥੇਬੰਦੀ ਨੂੰ ਮਜਬੂਰਨ ਅਗਲਾ ਤਿੱਖਾ ਸੰਘਰਸ਼ ਵਿੱਢਣਾ ਪਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ’ਤੇ ਹੋਵੇਗੀ। ਉਨ੍ਹਾਂ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਇਕਜੁੱਟ ਹੋ ਕੇ ਜਥੇਬੰਦੀ ਨਾਲ ਜੁੜਨ ਅਤੇ ਸੰਘਰਸ਼ ਦੇ ਰਾਹ ’ਤੇ ਡਟ ਕੇ ਖੜ੍ਹਨ। ਇਸ ਮੌਕੇ ਕਰਨੈਲ ਕੌਰ ਮਹਿਲ ਕਲਾਂ, ਅਮਨਦੀਪ ਕੌਰ ਧਨੇਰ, ਕੁਲਦੀਪ ਕੌਰ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਮਿਡ-ਡੇ ਮੀਲ ਵਰਕਰਾਂ ਵੀ ਹਾਜ਼ਰ ਸਨ।
 


author

Anmol Tagra

Content Editor

Related News