ਸੰਯੁਕਤ ਕਿਸਾਨ ਮੋਰਚੇ ਵਿਚਲੀਆਂ ਕਿਸਾਨ ਜਥੇਬੰਦੀਆਂ ਨੇ ਕੱਢਿਆ ਟਰੈਕਟਰ ਮਾਰਚ
Tuesday, Jan 27, 2026 - 02:29 PM (IST)
ਭਵਾਨੀਗੜ੍ਹ (ਕਾਂਸਲ)- ਕੇਂਦਰ ਸਰਕਾਰ ਦੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਸਮੇਂ ਦੌਰਾਨ ਦਿੱਲੀ ਵਿਖੇ ਹੋਏ ਕਿਸਾਨੀ ਸੰਘਰਸ਼ ਦੌਰਾਨ 26 ਜਨਵਰੀ ਨੂੰ ਦਿੱਲੀ ਵਿਚ ਕੀਤੇ ਟਰੈਕਟਰ ਮਾਰਚ ਦੀ ਪੰਜਵੀਂ ਵਰ੍ਹੇਗੰਢ ਮਨਾਉਣ ਦੇ ਸੰਯੁਕਤ ਕਿਸਾਨ ਮੋਰਚੇ ਦੇ ਪੂਰੇ ਭਾਰਤ ਵਿੱਚ ਬਲਾਕ ਤੇ ਤਹਿਸੀਲ ਪੱਧਰ ’ਤੇ ਟਰੈਕਟਰ ਮਾਰਚ ਕਰਨ ਦੇ ਸੱਦੇ ਉਪਰ ਬਲਾਕ ਭਵਾਨੀਗੜ੍ਹ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਥਾਨਕ ਇਲਾਕੇ ’ਚ ਟਰੈਕਟਰ ਮਾਰਚ ਕੀਤਾ ਗਿਆ ਅਤੇ ਇਸ ਮੌਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਹ ਟਰੈਕਟਰ ਮਾਰਚ ਦੋ ਥਾਵਾਂ ਪਿੰਡ ਨਦਾਮਪੁਰ ਅਤੇ ਪਿੰਡ ਘਰਾਚੋਂ ਤੋਂ ਸ਼ੁਰੂ ਹੋਇਆ ਅਤੇ ਮੁੱਖ ਸੜਕਾਂ ਤੋਂ ਹੁੰਦਾ ਹੋਇਆ ਭਵਾਨੀਗੜ੍ਹ ਅਨਾਜ ਮੰਡੀ ਵਿਖੇ ਸੰਘਰਸ਼ੀ ਨਾਰਿਆਂ ਨਾਲ ਸਮਾਪਤ ਹੋਇਆ।
ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੀਆਂ ਬਲਾਕ ਭਵਾਨੀਗੜ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਬੀਕੇਯੂ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਬੀਕੇਯੂ ਉਗਰਾਹਾਂ ਬਲਾਕ ਦੇ ਜਰਨਲ ਸਕੱਤਰ ਜਸਵੀਰ ਸਿੰਘ ਗੱਗੜਪੁਰ, ਬਲਾਕ ਖਜਾਨਚੀ ਬਲਵਿੰਦਰ ਸਿੰਘ ਘਨੌੜ, ਬੀਕੇਯੂ ਡਕੋੰਦਾ ਦੇ ਬਲਾਕ ਪ੍ਰਧਾਨ ਚਮਕੌਰ ਸਿੰਘ ਭੱਟੀਵਾਲ, ਬਲਾਕ ਆਗੂ ਸੁਖਬੀਰ ਸਿੰਘ, ਗੁਰਧਿਆਨ, ਬੀਕੇਯੂ ਰਾਜੇਵਾਲ ਦੇ ਗਿਆਨ ਸਿੰਘ ਭਵਾਨੀਗੜ੍ਹ, ਜਸਪਾਲ ਸਿੰਘ ਘਰਾਚੋਂ, ਜਮਹੂਰੀ ਕਿਸਾਨ ਸਭਾ ਦੇ ਮਹਿੰਦਰ ਸਿੰਘ ਘਰਾਚੋਂ ਤੇ ਬੇਅੰਤ ਸਿੰਘ ਘਰਾਚੋਂ ਨੇ ਕਿਹਾ ਕਿ ਦਿੱਲੀ ਅੰਦੋਲਨ ਦੌਰਾਨ ਰਹਿੰਦੀਆਂ ਮੰਗਾਂ ਨੂੰ ਲੈਕੇ ਅਤੇ ਜੋ ਕੇਂਦਰ ਸਰਕਾਰ ਬਿਜਲੀ ਸੋਧ ਬਿਲ 2025, ਬੀਜ ਬਿਲ 2025 ਤੇ ਚਾਰ ਕਿਰਤ ਕੋਡ ਲੈਕੇ ਆਈ ਹੈ ਤੇ ਨਰੇਗਾ ਸਕੀਮ ਖਤਮ ਕੀਤੀ ਹੈ ਉਸ ਦੇ ਵਿਰੋਧ ਵਿੱਚ ਇਹ ਮਾਰਚ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਇਕ ਪਾਸੇ ਤਾਂ ਹਾਕਮ ਪਾਰਟੀਆਂ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਲੋਕਾਂ ਦੀ ਸੰਘੀ ਘੁੱਟ ਕੇ ਸੰਵਿਧਾਨ ਦੀਆਂ ਖੁੱਲੇਆਮ ਧੱਜੀਆਂ ਉੱਡਾ ਰਹੀਆਂ ਹਨ ਅਤੇ ਦੂਜੇ ਪਾਸੇ ਡਰਾਮੇਬਾਜ਼ੀ ਦੇ ਤੌਰ ’ਤੇ ਗਣਤੰਤਰ ਦਿਵਸ ਮਨਾਉਣ ਲੱਗੀਆਂ ਹਨ।
