ਪਾਣੀ ਬੰਦ ਹੋਣ ਤੋਂ ਭੜਕੇ ਲੋਕਾਂ ਕੌਂਸਲ ਅਧਿਕਾਰੀਆਂ ਵਿਰੁੱਧ ਕੀਤੀ ਨਾਅਰੇਬਾਜ਼ੀ
Thursday, Nov 30, 2017 - 06:56 AM (IST)
ਭਵਾਨੀਗੜ੍ਹ(ਸੰਜੀਵ)-15 ਦਿਨਾਂ ਤੋਂ ਪਾਣੀ ਬੰਦ ਹੋਣ ਤੋਂ ਭੜਕੇ ਲੋਕਾਂ ਨੇ ਅੱਜ ਮਾਹੀ ਪੱਤੀ ਪਾਣੀ ਵਾਲੀ ਟੈਂਕੀ 'ਤੇ ਇਕੱਠੇ ਹੋ ਕੇ ਨਗਰ ਕੌਂਸਲ ਦੇ ਅਧਿਕਾਰੀਆਂ, ਹਲਕੇ ਦੇ ਵਿਧਾਇਕ ਅਤੇ ਐੱਸ. ਡੀ. ਐੱਮ. ਵਿਰੁੱਧ ਨਾਅਰੇਬਾਜ਼ੀ ਕੀਤੀ।ਇਸ ਮੌਕੇ ਗੱਲ ਕਰਦਿਆਂ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਰਾਜਿੰਦਰ ਸਿੰਘ ਗੋਗੀ ਅਤੇ 'ਆਪ' ਦੇ ਜ਼ਿਲਾ ਜੁਆਇੰਟ ਸਕੱਤਰ ਹਰਭਜਨ ਸਿੰਘ ਹੈਪੀ ਨੇ ਦੱਸਿਆ ਕਿ ਵਾਟਰ ਵਰਕਸ ਦੀ ਮੋਟਰ ਸੜਨ ਕਰ ਕੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਪਈ ਹੈ ਅਤੇ ਟੂਟੀਆਂ ਵਿਚ ਬੂੰਦ-ਬੂੰਦ ਪਾਣੀ ਆ ਰਿਹਾ ਹੈ। ਪਾਣੀ ਨਾ ਆਉਣ ਕਰ ਕੇ ਲੋਕਾਂ ਨੂੰ ਆਲੇ-ਦੁਆਲੇ ਦੇ ਗੁਆਂਢੀਆਂ ਤੋਂ ਪਾਣੀ ਲੈ ਕੇ ਆਉਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਕੱਲ ਸ਼ਾਮ ਨੂੰ ਮੋਟਰ ਪਾ ਕੇ ਥੋੜ੍ਹੇ ਸਮੇਂ ਲਈ ਪਾਣੀ ਦੀ ਸਪਲਾਈ ਦੇ ਦਿੱਤੀ ਗਈ ਸੀ ਪਰ ਅੱਜ ਦੁਬਾਰਾ ਮੋਟਰ ਸੜਨ ਕਰ ਕੇ ਪਾਣੀ ਦੀ ਸਪਲਾਈ ਬੰਦ ਹੋ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਵਾਟਰ ਵਰਕਸ ਵਾਲੀਆਂ ਮੋਟਰਾਂ ਦਾ ਕੰਮ ਤੱਸਲੀਬਖਸ਼ ਨਹੀਂ ਕਰਵਾਇਆ ਜਾਂਦਾ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਹਲਕੇ ਦੇ ਵਿਧਾਇਕ ਅਤੇ ਐੱਸ. ਡੀ. ਐੱਮ. ਤੋਂ ਮੰਗ ਕੀਤੀ ਹੈ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਵਰਤੀ ਜਾ ਰਹੀ ਲਾਪ੍ਰਵਾਹੀ ਨੂੰ ਨੱਥ ਪਾਈ ਜਾਵੇ ਅਤੇ ਲੋਕਾਂ ਨੂੰ ਪਾਣੀ ਦੀ ਸਹੀ ਸਪਲਾਈ ਦਿੱਤੀ ਜਾਵੇ। ਇਸ ਮੌਕੇ ਨਿਰਦੇਵ ਸਿੰਘ ਤੂਰ, ਸੁਖਚੈਨ ਸਿੰਘ, ਰੋਹਿਤ ਸਨੀ, ਜਸਪਾਲ ਸਿੰਘ, ਰਾਜਿੰਦਰ ਕੁਮਾਰ, ਗੋਪਾਲ ਕ੍ਰਿਸ਼ਨ, ਲੱਕੀ ਸਿੰਘ, ਸੁਖਵਿੰਦਰ ਸਿੰਘ, ਬਲਜੀਤ ਸਿੰਘ, ਸੁਖਚੈਨ ਸਿੰਘ, ਗੁਰਧਿਆਨ ਸਿੰਘ ਆਦਿ ਹਾਜ਼ਰ ਸਨ। ਦੂਜੇ ਪਾਸੇ ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨਾਲ ਸੰਪਰਕ ਕਰਨਾ ਚਾਹਿਆ ਤਾਂ ਗੱਲ ਨਹੀਂ ਹੋ ਸਕੀ।
