ਲੋਕ-ਰਾਜ ਲਈ ਖ਼ਤਰੇ ਦੀ ਘੰਟੀ ਹੈ ''ਪਕੋਕਾ'' : ਪ੍ਰੋ. ਚੰਦੂਮਾਜਰਾ

11/08/2017 6:07:15 AM

ਪਟਿਆਲਾ(ਜੋਸਨ)-ਅਕਾਲੀ ਦਲ ਦੇ ਜਨਰਲ ਸਕੱਤਰ, ਬੁਲਾਰੇ ਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇੱਥੇ ਕੈਪਟਨ ਅਮਰਿੰਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਨਵੇਂ ਕਾਨੂੰਨ 'ਪਕੋਕਾ' ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਆਖਿਆ ਕਿ ਕੈਪਟਨ ਅਮਰਿੰਦਰ 'ਪਕੋਕਾ' ਲਾ ਕੇ ਪੰਜਾਬ ਵਿਚ ਮਿੰਨੀ ਐਮਰਜੈਂਸੀ ਲਾਉਣਾ ਚਾਹੁੰਦੇ ਹਨ। ਪ੍ਰੋ. ਚੰਦੂਮਾਜਰਾ ਅੱਜ ਇੱਥੇ ਇਕ ਸਮਾਗਮ ਮੌਕੇ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਵਾਈਸ ਚੇਅਰਮੈਨ ਹਰਫੂਲ ਸਿੰਘ ਬੋਸਰ ਕਲਾਂ, ਸੀਨੀਅਰ ਮੀਤ ਪ੍ਰਧਾਨ ਮੋਹਣੀ ਭਾਂਖਰ, ਜਗਜੀਤ ਸਿੰਘ ਕੋਹਲੀ ਓ. ਐੱਸ. ਡੀ, ਜਸਵੀਰ ਸਿੰਘ ਬਘੌਰਾ ਮੀਤ ਪ੍ਰਧਾਨ, ਇੰਦਰ ਸਿੰਘ ਛਿੰਦੀ ਪ੍ਰਧਾਨ ਸਨੌਰ ਅਤੇ ਹੋਰ ਕਈ ਨੇਤਾ ਹਾਜ਼ਰ ਸਨ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਅਸਲ ਵਿਚ 'ਪਕੋਕਾ' ਸਿੱਧੇ ਤੌਰ 'ਤੇ ਲੋਕ-ਰਾਜ ਲਈ ਖ਼ਤਰੇ ਦੀ ਘੰਟੀ ਹੈ। ਇਸ ਨਾਲ ਲੋਕਾਂ ਦੇ ਹਿਤਾਂ ਲਈ ਹਮੇਸ਼ਾ ਖੜ੍ਹਦੀ ਰਾਜਸੀ ਕਮਾਂਡ ਖ਼ਤਮ ਹੋਵੇਗੀ। ਉਨ੍ਹਾਂ ਆਖਿਆ ਕਿ ਪਹਿਲਾਂ ਹੀ ਪੰਜਾਬ ਨੂੰ ਅਜਿਹੇ ਕਾਨੂੰਨਾਂ ਦੀਆਂ ਧੱਕੇਸ਼ਾਹੀਆਂ ਦਾ ਸਾਹਮਣਾ ਕਰਨਾ ਪਿਆ ਹੈ। ਅੱਜ ਫਿਰ ਅਮਰਿੰਦਰ ਆਪਣਾ ਨਾਦਰਸ਼ਾਹੀ ਹੁਕਮ ਚਲਾ ਰਿਹਾ ਹੈ। ਉਨ੍ਹਾਂ ਆਖਿਆ ਕਿ ਲੋਕ-ਰਾਜ ਲਈ ਇਸ ਦੇ ਸਾਰਥਕ ਨਤੀਜੇ ਨਹੀਂ ਆਉਣਗੇ। ਜਦੋਂ ਪੁਲਸ ਅਫ਼ਸਰਾਂ ਨੂੰ ਵੱਡੀਆਂ ਪਾਵਰਾਂ ਮਿਲ ਜਾਣਗੀਆਂ ਤਾਂ ਉਹ ਇਨ੍ਹਾਂ ਦੇ ਚੱਕਰ ਵਿਚ ਧੱਕੇਸ਼ਾਹੀਆਂ ਕਰਨਗੇ। ਸਰਕਾਰ ਨੂੰ ਅਜਿਹੇ ਕਾਨੂੰਨਾਂ ਤੋਂ ਬਾਹਰ ਨਿਕਲ ਕੇ ਪੰਜਾਬ ਦੇ ਵਿਕਾਸ ਦੀ ਗੱਲ ਕਰਨੀ ਚਾਹੀਦੀ ਹੈ, ਜੋ ਕਿ ਕਾਂਗਰਸ ਤੋਂ ਹੋ ਨਹੀਂ ਰਿਹਾ ਹੈ।
ਪਟਿਆਲਾ ਸ਼ਹਿਰ ਨੂੰ ਮੁੱਖ ਮੰਤਰੀ ਵੱਲੋਂ ਦਿੱਤੇ ਗਏ 1000 ਕਰੋੜ 'ਤੇ ਵਿਅੰਗ ਕਸਦਿਆਂ ਉਨ੍ਹਾਂ ਆਖਿਆ ਕਿ ਕੈਪਟਨ ਸਾਡੇ ਮਾਰੇ ਹੋਏ ਸ਼ਿਕਾਰ 'ਤੇ ਸ਼ਿਕਾਰੀ ਬਣਨ ਨੂੰ ਫਿਰ ਰਿਹਾ ਹੈ। ਅਸਲ ਵਿਚ ਇਸ ਰਕਮ 'ਚੋਂ 800 ਕਰੋੜ ਤਾਂ ਹਵਾਈ ਕਿਲੇ ਹਨ। ਬਾਕੀ ਉਹ ਪੈਸੇ ਹਨ ਜਿਹੜੇ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਂਗਰਸ ਸਰਕਾਰ ਨੇ ਰੋਕ ਲਏ ਸਨ। 
ਉਨ੍ਹਾਂ ਆਖਿਆ ਕਿ ਜਿਹੜਾ ਮੁੱਖ ਮੰਤਰੀ ਆਪਣੇ ਸ਼ਹਿਰ ਦੇ ਜ਼ਿਲੇ ਦੀ ਪਹਿਲੇ 9 ਮਹੀਨਿਆਂ ਵਿਚ ਇਕ ਵੀ ਸੜਕ ਨਾ ਬਣਾ ਸਕਿਆ ਹੋਵੇ, ਉਸ ਨੂੰ ਮੁੱਖ ਮੰਤਰੀ ਰਹਿਣ ਦਾ ਕੋਈ ਹੱਕ ਨਹੀਂ ਹੈ। ਚੰਦੂਮਾਜਰਾ ਨੇ ਆਖਿਆ ਕਿ ਕਿਸਾਨਾਂ ਨੂੰ ਲਾਲੀਪੌਪ ਦੇ ਕੇ ਕਾਂਗਰਸ ਨੇ ਕਰਜ਼ਾ ਮੁਆਫ਼ੀ ਦਾ ਪ੍ਰਚਾਰ ਕੀਤਾ ਹੈ। ਅੱਜ ਵੀ ਵੱਡੇ ਪੱਧਰ 'ਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਜਾਰੀ ਹਨ।


Related News