ਲੋਕ ਸਭਾ ਲਈ ਚੁਣੀਆਂ ਗਈਆਂ 73 ਮਹਿਲਾ ਸੰਸਦ ਮੈਂਬਰ, ਪਿਛਲੀਆਂ ਚੋਣਾਂ ਦੇ ਮੁਕਾਬਲੇ ਗਿਣਤੀ ਘਟੀ

Thursday, Jun 06, 2024 - 10:58 AM (IST)

ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ ਮੰਗਲਵਾਰ ਨੂੰ ਆਏ ਨਤੀਜਿਆਂ ’ਚ ਕੁੱਲ 73 ਔਰਤਾਂ ਚੁਣੀਆਂ ਗਈਆਂ, ਜਦਕਿ 2019 ਦੀਆਂ ਆਮ ਚੋਣਾਂ ’ਚ ਇਹ ਗਿਣਤੀ 78 ਸੀ। ਦੇਸ਼ ਭਰ ਤੋਂ ਹੇਠਲੇ ਸਦਨ ਲਈ ਚੁਣੀਆਂ ਗਈਆਂ ਕੁੱਲ ਮਹਿਲਾ ਸੰਸਦ ਮੈਂਬਰਾਂ ਵਿਚੋਂ ਪੱਛਮੀ ਬੰਗਾਲ 11 ਔਰਤਾਂ ਦੇ ਨਾਲ ਸਭ ਤੋਂ ਅੱਗੇ ਹੈ। ਕੁੱਲ 797 ਮਹਿਲਾ ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਸ ਵਿਚ ਭਾਜਪਾ ਨੇ ਸਭ ਤੋਂ ਵੱਧ 69 ਮਹਿਲਾ ਉਮੀਦਵਾਰ ਅਤੇ ਕਾਂਗਰਸ ਨੇ 41 ਮਹਿਲਾ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਿਆ ਸੀ। ਸੰਸਦ ’ਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ ਤੋਂ ਬਾਅਦ ਇਹ ਪਹਿਲੀਆਂ ਚੋਣਾਂ ਹਨ। ਇਸ ਕਾਨੂੰਨ ਵਿਚ ਲੋਕ ਸਭਾ ਅਤੇ ਵਿਧਾਨ ਸਭਾਵਾਂ ’ਚ ਔਰਤਾਂ ਲਈ ਇਕ ਤਿਹਾਈ ਸੀਟਾਂ ਰਾਖਵੀਆਂ ਰੱਖਣ ਦੀ ਵਿਵਸਥਾ ਹੈ। 

ਇਹ ਕਾਨੂੰਨ ਅਜੇ ਤੱਕ ਲਾਗੂ ਨਹੀਂ ਹੋਇਆ। ਚੋਣ ਕਮਿਸ਼ਨ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਅਨੁਸਾਰ ਇਸ ਵਾਰ ਲੋਕ ਸਭਾ ਚੋਣਾਂ ਵਿਚ ਭਾਜਪਾ ਦੀਆਂ 30 ਮਹਿਲਾ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਕਾਂਗਰਸ ਦੀਆਂ 14, ਤ੍ਰਿਣਮੂਲ ਕਾਂਗਰਸ ਦੀਆਂ 11, ਸਮਾਜਵਾਦੀ ਪਾਰਟੀ ਦੀਆਂ 4, ਡੀ. ਐੱਮ. ਕੇ. ਦੀਆਂ 3 ਅਤੇ ਜਨਤਾ ਦਲ (ਯੂਨਾਈਟਿਡ) ਅਤੇ ਐੱਲ. ਜੇ. ਪੀ. ਦੀਆਂ 2-2 ਮਹਿਲਾ ਉਮੀਦਵਾਰ ਜੇਤੂ ਰਹੀਆਂ। 17ਵੀਂ ਲੋਕ ਸਭਾ ਵਿਚ ਮਹਿਲਾ ਸੰਸਦ ਮੈਂਬਰਾਂ ਦੀ ਗਿਣਤੀ ਸਭ ਤੋਂ ਵੱਧ 78 ਸੀ, ਜੋ ਕੁੱਲ ਗਿਣਤੀ ਦਾ 14 ਫੀਸਦੀ ਸੀ।

16ਵੀਂ ਲੋਕ ਸਭਾ ’ਚ 64 ਮਹਿਲਾ ਮੈਂਬਰ ਸਨ, ਜਦਕਿ 15ਵੀਂ ਲੋਕ ਸਭਾ ਵਿਚ ਇਹ ਗਿਣਤੀ 52 ਸੀ। ਭਾਜਪਾ ਦੀ ਹੇਮਾ ਮਾਲਿਨੀ, ਤ੍ਰਿਣਮੂਲ ਦੀ ਮਹੂਆ ਮੋਇਤਰਾ, ਐੱਨ. ਸੀ. ਪੀ. (ਸ਼ਰਦਚੰਦਰ ਪਵਾਰ) ਦੀ ਸੁਪ੍ਰੀਆ ਸੁਲੇ ਅਤੇ ਸਮਾਜਵਾਦੀ ਪਾਰਟੀ ਦੀ ਡਿੰਪਲ ਯਾਦਵ ਨੇ ਲੋਕ ਸਭਾ ਚੋਣਾਂ ਵਿਚ ਆਪਣੀਆਂ ਸੀਟਾਂ ਬਰਕਰਾਰ ਰੱਖੀਆਂ, ਜਦਕਿ ਕੰਗਨਾ ਰਣੌਤ ਅਤੇ ਮੀਸਾ ਭਾਰਤੀ ਵਰਗੀਆਂ ਉਮੀਦਵਾਰਾਂ ਨੇ ਆਪਣੀ ਜਿੱਤ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਮਛਲੀਸ਼ਹਿਰ ਤੋਂ ਸਮਾਜਵਾਦੀ ਪਾਰਟੀ ਦੀ 25 ਸਾਲਾ ਉਮੀਦਵਾਰ ਪ੍ਰਿਆ ਸਰੋਜ ਅਤੇ ਕੈਰਾਨਾ ਸੀਟ ਤੋਂ 29 ਸਾਲਾ ਇਕਰਾ ਚੌਧਰੀ ਜਿੱਤਣ ਵਾਲੀਆਂ ਸਭ ਤੋਂ ਘੱਟ ਉਮਰ ਦੀਆਂ ਉਮੀਦਵਾਰਾਂ ’ਚ ਸ਼ਾਮਲ ਹਨ।


Tanu

Content Editor

Related News