FIH ਪ੍ਰੋ ਲੀਗ : ਹਰਮਨਪ੍ਰੀਤ ਦੀ ਹੈਟ੍ਰਿਕ ਨਾਲ ਭਾਰਤ ਨੇ ਅਰਜਨਟੀਨਾ ਨੂੰ 5-4 ਨਾਲ ਹਰਾਇਆ

05/27/2024 7:01:22 PM

ਐਂਟਵਰਪ (ਬੈਲਜੀਅਮ), (ਭਾਸ਼ਾ)– ਕਪਤਾਨ ਹਰਮਨਪ੍ਰੀਤ ਸਿੰਘ ਦੀ ਸ਼ਾਨਦਾਰ ਹੈਟ੍ਰਿਕ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਇੱਥੇ ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ ਵਿਚ ਅਰਜਨਟੀਨਾ ’ਤੇ 5-4 ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਹਰਮਨਪ੍ਰੀਤ (29ਵੇਂ, 50ਵੇਂ ਤੇ 52ਵੇਂ ਮਿੰਟ) ਤੋਂ ਇਲਾਵਾ ਅਰਾਈਜੀਤ ਸਿੰਘ ਹੁੰਦਲ (7ਵੇਂ ਮਿੰਟ) ਤੇ ਗੁਰਜੰਟ ਸਿੰਘ (18ਵੇਂ ਮਿੰਟ) ਨੇ ਵੀ ਭਾਰਤ ਲਈ ਗੋਲ ਕੀਤੇ। ਅਰਜਨਟੀਨਾ ਲਈ ਫੇਡੇਰਿਕੋ ਮੋਂਜਾ (ਤੀਜੇ ਮਿੰਟ), ਨਿਕੋਲਸ ਕੀਨਨ (24ਵੇਂ ਮਿੰਟ), ਤਾਦੇਓ ਮਾਰੂਚੀ (54ਵੇਂ ਮਿੰਟ) ਤੇ ਲੁਕਾਸ ਮਾਰਟੀਨੇਜ (57ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ।

ਭਾਰਤ ਨੇ ਚੰਗੀ ਸ਼ੁਰੂਆਤ ਕਰਦੇ ਹੋਏ ਪਹਿਲੇ ਕੁਆਰਟਰ ਵਿਚ ਜ਼ਿਆਦਾਤਰ ਸਮੇਂ ਗੇਂਦ ’ਤੇ ਕਬਜ਼ਾ ਬਣਾਈ ਰੱਖਿਆ ਤੇ ਸਟੀਕ ਪਾਸ ਦੇ ਕੇ ਅਰਜਨਟੀਨਾ ਦੇ ਸਰਕਲ ਵਿਚ ਵੜੇ। ਹਾਲਾਂਕਿ ਪਹਿਲਾ ਗੋਲ ਅਰਜਨਟੀਨਾ ਨੇ ਕੀਤਾ ਜਦੋਂ ਫੇਡੇਰਿਕੋ ਨੇ ਨੇੜਿਓਂ ਗੋਲ ਕਰਕੇ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਭਾਰਤ ਨੇ ਜਲਦ ਹੀ ਬਰਾਬਰੀ ਹਾਸਲ ਕਰ ਲਈ ਜਦੋਂ ਅਰਾਈਜੀਤ ਨੇ ਸ਼ਾਨਦਾਰ ਮੈਦਾਨੀ ਗੋਲ ਕੀਤਾ। ਭਾਰਤ ਨੂੰ ਪੈਨਲਟੀ ਕਾਰਨਰ ਵੀ ਮਿਲਿਆ ਪਰ ਉਹ ਇਸਦਾ ਫਾਇਦਾ ਨਹੀਂ ਚੁੱਕ ਸਕਿਆ ਤੇ ਪਹਿਲਾ ਕੁਆਰਟਰ 1-1 ਨਾਲ ਬਰਾਬਰੀ ’ਤੇ ਖਤਮ ਹੋਇਆ।

ਭਾਰਤ ਨੇ ਦੂਜੇ ਕੁਆਰਟਰ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ। ਗੁਰਜੰਟ ਨੇ ਬਿਹਤਰੀਨ ਮੈਦਾਨੀ ਗੋਲ ਕਰਕੇ ਟੀਮ ਨੂੰ 2-1 ਨਾਲ ਬੜ੍ਹਤ ਦਿਵਾਈ। ਕੀਨਨ ਨੇ ਇਸ ਤੋਂ ਬਾਅਦ ਭਾਰਤੀ ਡਿਫੈਂਡਰਾਂ ਦੀ ਖੁੰਝ ਦਾ ਫਾਇਦਾ ਚੁੱਕਦੇ ਹੋਏ ਸਰਕਲ ਵਿਚ ਪ੍ਰਵੇਸ਼ ਕੀਤਾ ਤੇ ਗੇਂਦ ਨੂੰ ਗੋਲ ਵਿਚ ਪਹੁੰਚਾ ਕੇ ਸਕੋਰ 2-2 ਕਰ ਦਿੱਤਾ। ਹਾਲਾਂਕਿ ਭਾਰਤ ਨੇ ਕੁਆਰਟਰ ਵਿਚ ਇਕ ਮਿੰਟ ਬਾਕੀ ਰਹਿੰਦਿਆਂ ਪੈਨਲਟੀ ਕਾਰਨਰ ਹਾਸਲ ਕੀਤਾ ਤੇ ਹਰਮਨਪ੍ਰੀਤ ਨੇ ਭਾਰਤ ਨੂੰ 3-2 ਨਾਲ ਅੱਗੇ ਕਰ ਦਿੱਤਾ।

ਤੀਜੇ ਕੁਆਰਟਰ ਵਿਚ ਦੋਵੇਂ ਟੀਮਾਂ ਨੇ ਤੇਜ਼ਤਰਾਰ ਹਾਕੀ ਦਾ ਪ੍ਰਦਰਸ਼ਨ ਕੀਤਾ। ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ ਪਰ ਉਹ ਇਸ ਨੂੰ ਗੋਲ ਵਿਚ ਨਹੀਂ ਬਦਲ ਸਕਿਆ ਕਿਉਂਕਿ ਹਰਮਨਪ੍ਰੀਤ ਦੀ ਸ਼ਾਟ ਨੂੰ ਅਰਜਨਟੀਨਾ ਦੇ ਗੋਲਕੀਪਰ ਨੇ ਰੋਕ ਦਿੱਤਾ। ਦੋਵੇਂ ਟੀਮਾਂ ਦੀ ਡਿਫੈਂਡਿੰਗ ਲਾਈਨ ਮਜ਼ਬੂਤ ਹੋਣ ਕਾਰਨ ਤੀਜਾ ਕੁਆਰਟਰ ਗੋਲ ਰਹਿਤ ਰਿਹਾ।

ਚੌਥੇ ਕੁਆਰਟਰ ਵਿਚ ਭਾਰਤ ਚੰਗੀ ਲੈਅ ਵਿਚ ਦਿਸਿਆ। ਟੀਮ ਨੇ ਅਰਜਨਟੀਨਾ ਨੂੰ ਗਲਤੀਆਂ ਕਰਨ ਲਈ ਮਜਬੂਰ ਕੀਤਾ, ਜਿਸ ਨਾਲ ਮੈਚ ਖਤਮ ਹੋਣ ਤੋਂ 10 ਮਿੰਟ ਪਹਿਲਾਂ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਪੈਨਲਟੀ ਸਟ੍ਰੋਕ ਵਿਚ ਬਦਲਿਆ ਗਿਆ ਤੇ ਹਰਮਨਪ੍ਰੀਤ ਨੇ ਗੋਲ ਕਰਕੇ ਭਾਰਤ ਨੂੰ 4-2 ਦੀ ਬੜ੍ਹਤ ਦਿਵਾ ਦਿੱਤੀ। ਦੋ ਮਿੰਟ ਬਾਅਦ ਭਾਰਤ ਨੂੰ ਇਕ ਹੋਰ ਪੈਨਲਟੀ ਸਟ੍ਰੋਕ ਦਿੱਤਾ ਗਿਆ ਤੇ ਇਸ ਵਾਰ ਵੀ ਹਰਮਨਪ੍ਰੀਤ ਨੇ ਗੋਲ ਕਰਕੇ ਭਾਰਤ ਨੂੰ 5-2 ਨਾਲ ਅੱਗੇ ਕਰ ਦਿੱਤਾ। ਅਰਜਨਟੀਨਾ ਨੇ ਤਾਦੇਓ ਤੇ ਲੁਕਾਸ ਦੇ ਗੋਲ ਨਾਲ ਹਾਰ ਦਾ ਫਰਕ ਘੱਟ ਕੀਤਾ ਪਰ ਭਾਰਤ ਨੂੰ 5-4 ਨਾਲ ਜਿੱਤ ਦਰਜ ਕਰਨ ਤੋਂ ਰੋਕ ਨਹੀਂ ਸਕਿਆ। ਭਾਰਤ ਦਾ ਅਗਲਾ ਮੁਕਾਬਲਾ 1 ਜੂਨ ਨੂੰ ਜਰਮਨੀ ਨਾਲ ਹੋਵੇਗਾ।


Tarsem Singh

Content Editor

Related News