ਕਿਸ ਦਾ ਰਾਜ, ਫੈਸਲਾ ਅੱਜ; ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਹੋਵੇਗੀ ਸ਼ੁਰੂ
Tuesday, Jun 04, 2024 - 05:01 AM (IST)
ਨਵੀਂ ਦਿੱਲੀ - ਲੋਕ ਸਭਾ ਦੀਆਂ ਸੰਪਨ ਹੋਈਆਂ ਚੋਣਾਂ ਪਿੱਛੋਂ 4 ਜੂਨ ਮੰਗਲਵਾਰ ਨੂੰ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਦੇ ਨਾਲ ਹੀ ਹੌਲੀ-ਹੌਲੀ ਰੁਝਾਨ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ । ਦੁਪਹਿਰ ਤੱਕ ਇਹ ਸਪੱਸ਼ਟ ਹੋ ਜਾਏਗਾ ਕਿ ਇਸ ਵਾਰ ਦੇਸ਼ ’ਤੇ ਰਾਜ ਕੌਣ ਕਰੇਗਾ? ਕੀ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਸੱਤਾ ’ਚ ਆ ਕੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਰਿਕਾਰਡ ਦੀ ਬਰਾਬਰੀ ਕਰ ਸਕਣਗੇ ਜਾਂ ਸਾਲ 2004 ਵਾਂਗ ਕੁਝ ਹੈਰਾਨੀਜਨਕ ਨਤੀਜੇ ਆਉਣਗੇ, ਜਿਸ ਦੀ ਵਿਰੋਧੀ ‘ਇੰਡੀਆ’ ਗੱਠਜੋੜ ਨੂੰ ਉਮੀਦ ਹੈ।
ਇਹ ਵੀ ਪੜ੍ਹੋ- ਦਰਦਨਾਕ ਹਾਦਸਾ: ਤੇਜ਼ ਰਫਤਾਰ ਕਾਰ ਨੇ ਦੋਪਹੀਆ ਵਾਹਨਾਂ ਨੂੰ ਮਾਰੀ ਜ਼ੋਰਦਾਰ ਟੱਕਰ, 3 ਦੀ ਮੌਤ
ਵਧੇਰੇ ਐਗਜ਼ਿਟ ਪੋਲ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਰਾਸ਼ਟਰੀ ਜਮਹੂਰੀ ਗੱਠਜੋੜ (ਐੱਨ. ਡੀ. ਏ.) ਦਾ ਪਲੜਾ ਭਾਰੀ ਹੈ। ਇਸ ਤੋਂ ਇਲਾਵਾ ਕੁਝ ਸਿਆਸੀ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਸੱਤਾਧਾਰੀ ਗੱਠਜੋੜ ਲਈ ਜ਼ਰੂਰੀ ਇਹੀ ਹੈ ਕਿ ਉਸ ਦੀ ਜਿੱਤ ਕਿਸ ਤਰ੍ਹਾਂ ਦੀ ਹੁੰਦੀ ਹੈ ਅਤੇ ਉਹ ਕਿਹੜੇ-ਕਿਹੜੇ ਨਵੇਂ ਖੇਤਰਾਂ ’ਚ ਆਪਣੇ ਪੈਰ ਪਸਾਰਨ ਦੇ ਸਮਰੱਥ ਹੈ? ਵਿਰੋਧੀ ਧਿਰ ਜੋ ਕੌਮੀ ਨਕਸ਼ੇ ’ਤੇ ਦਿਨੋ-ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ, ਦਾ ਇਨ੍ਹਾਂ ਚੋਣਾਂ ’ਚ ਸਭ ਕੁਝ ਦਾਅ ’ਤੇ ਲੱਗਾ ਹੋਇਆ ਹੈ।
ਵੋਟਿੰਗ ਦੇ ਆਖਰੀ ਪੜਾਅ ਤੋਂ ਬਾਅਦ ਵਧੇਰੇ ਐਗਜ਼ਿਟ ਪੋਲ ਨੇ ਐੱਨ. ਡੀ. ਏ. ਗੱਠਜੋੜ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਅਬ ਕੀ ਬਾਰ 400 ਕੇ ਪਾਰ’ ਦੇ ਅਭਿਲਾਸ਼ੀ ਟੀਚੇ ਦੇ ਨੇੜੇ ਵਿਖਾਇਆ ਹੈ। ‘ਇੰਡੀਆ’ ਗੱਠਜੋੜ ਦੇ 180 ਸੀਟਾਂ ਦੇ ਅੰਕੜੇ ਤੱਕ ਪਹੁੰਚਣ ਦਾ ਅਨੁਮਾਨ ਲਾਇਆ ਗਿਆ ਹੈ। ਚੋਣ ਪ੍ਰਚਾਰ ਦੀ ਤਿੱਖੀ ਮੁਹਿੰਮ ਪਿੱਛੋਂ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਐਗਜ਼ਿਟ ਪੋਲ ਨੂੰ ‘ਮੋਦੀ ਮੀਡੀਆ ਪੋਲ’ ਕਹਿ ਕੇ ਰੱਦ ਕਰ ਦਿੱਤਾ ਹੈ। ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) ’ਤੇ ਲਗਾਤਾਰ ਸ਼ੰਕੇ ਖੜ੍ਹੇ ਕਰਨ ਵਾਲੇ ‘ਇੰਡੀਆ’ ਗੱਠਜੋੜ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ’ਤੇ ਇਨ੍ਹਾਂ ‘ਕਾਲਪਨਿਕ ਐਗਜ਼ਿਟ ਪੋਲ ਰਾਹੀਂ ਨੌਕਰਸ਼ਾਹੀ ਨੂੰ ਸੰਕੇਤ ਭੇਜਣ ਦਾ ਦੋਸ਼ ਲਾਇਆ ਅਤੇ ਵੋਟਾਂ ਦੀ ਗਿਣਤੀ ਕਰਨ ਸਮੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਲਈ ਚੋਣ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ। ਹੁਣ ਨਤੀਜੇ ਹੀ ਦੱਸਣਗੇ ਕਿ 2014 ਤੋਂ ਦੇਸ਼ ’ਚ ਲਗਾਤਾਰ ਕਮਜ਼ੋਰ ਹੋ ਰਹੀ ਕਾਂਗਰਸ ਦਾ ਸੰਗਠਨ ਤੇ ਲੀਡਰਸ਼ਿਪ ਭਾਜਪਾ ਨੂੰ ਚੁਣੌਤੀ ਦੇਣ ਦੀ ਸਮਰੱਥਾ ਹਨ ਜਾਂ ਨਹੀਂ। ਲਗਾਤਾਰ ਦੋ ਲੋਕ ਸਭਾ ਚੋਣਾਂ ’ਚ ਕਾਂਗਰਸ ਮੁੱਖ ਵਿਰੋਧੀ ਪਾਰਟੀ ਦਾ ਦਰਜਾ ਹਾਸਲ ਕਰਨ ’ਚ ਵੀ ਨਾਕਾਮ ਰਹੀ ਹੈ। ਉਹ ਕੁਝ ਸੂਬਿਆਂ ਤੱਕ ਹੀ ਸੀਮਤ ਹੈ।
ਇਹ ਵੀ ਪੜ੍ਹੋ- ਗੈਂਗਸਟਰ ਗੋਲਡੀ ਬਰਾੜ ਦੀ ਕਥਿਤ ਆਡੀਓ ਵਾਇਰਲ; ਸਿੱਧੂ ਮੂਸੇਵਾਲਾ ਦੇ ਕਤਲ ਦੀ ਦੱਸੀ ਵਜ੍ਹਾ
ਕੀ ਨਹਿਰੂ ਦੇ ਰਿਕਾਰਡ ਦੀ ਬਰਾਬਰੀ ਕਰਨਗੇ ਮੋਦੀ?
ਜੇ ਭਾਜਪਾ ਮੁੜ ਸੱਤਾ ‘ਚ ਆਉਂਦੀ ਹੈ ਤਾਂ ਮੋਦੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਰਿਕਾਰਡ ਦੀ ਬਰਾਬਰੀ ਕਰਨਗੇ, ਜਿਨ੍ਹਾਂ ਨੇ ਆਪਣੀ ਪਾਰਟੀ ਨੂੰ ਲਗਾਤਾਰ ਤਿੰਨ ਚੋਣਾਂ ‘ਚ ਜਿੱਤ ਦੁਆਈ ਸੀ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਸਾਲ 2024 ਦੇ ਲੋਕ ਸਭਾ ਚੋਣਾਂ ਦੇ ਨਤੀਜੇ 2004 ਦੀ ਤਰਜ ’ਤੇ ਹੋਣਗੇ। 2004 ’ਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਭਾਜਪਾ ਨੇ ‘ਫੀਲ ਗੁੱਡ ਫੈਕਟਰ’ ਤੇ ‘ਇੰਡੀਆ ਸ਼ਾਈਨਿੰਗ’ ਦਾ ਨਾਅਰਾ ਦਿੱਤਾ ਸੀ। ਉਦੋਂ ਪ੍ਰਚਾਰ ਮੀਡੀਆ ਰਾਹੀਂ ਅਜਿਹਾ ਮਾਹੌਲ ਸਿਰਜਿਆ ਗਿਆ ਸੀ ਕਿ ਭਾਜਪਾ ਸੱਤਾ ’ਚ ਪਰਤ ਰਹੀ ਹੈ ਪਰ ਜਦੋਂ ਨਤੀਜੇ ਆਏ ਤਾਂ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵਿਧਾਨ ਸਭਾ ਉਪ-ਚੋਣਾਂ ਦੀ ਤਸਵੀਰ ਵੀ ਹੋਵੇਗੀ ਸਾਫ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e