ਗਰਭਵਤੀ ਪਤਨੀ ਨੂੰ ਰੇਹੜੀ 'ਤੇ ਲੈ ਹਸਪਤਾਲ ਪੁੱਜਾ ਪਤੀ, ਸੁਣੋ ਕੀ ਬੋਲੇ ਸਿਹਤ ਮੰਤਰੀ (ਵੀਡੀਓ)
Sunday, Nov 03, 2019 - 11:29 AM (IST)
ਗਿੱਦੜਬਾਹਾ (ਰਿਣੀ) - ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਮੰਨਿਆ ਜਾਣ ਵਾਲੇ ਪੰਜਾਬ ਦੇ ਹਲਕਾ ਗਿੱਦੜਬਾਹਾ 'ਚ ਕੁਝ ਅਜਿਹਾ ਦੇਖਣ ਨੂੰ ਮਿਲਿਆ, ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ। ਜਾਣਕਾਰੀ ਅਨੁਸਾਰ ਗਿੱਦੜਬਾਹਾ 'ਚ ਰਹਿ ਰਿਹਾ ਇਕ ਮਜ਼ਦੂਰ ਐਬੂਲੈਂਸ ਨਾ ਮਿਲਣ ਕਾਰਨ ਆਪਣੀ ਗਰਭਵਤੀ ਪਤਨੀ ਨੂੰ ਸਾਮਾਨ ਢੋਹਣ ਵਾਲੀ ਰੇਹੜੀ 'ਤੇ ਲੈ ਜਾਣ ਲਈ ਮਜ਼ਬੂਰ ਹੋ ਗਿਆ। ਸਰਕਾਰੀ ਹਸਪਤਾਲ ਗਿੱਦੜਬਾਹਾ ਪਹੁੰਚਣ ਦੇ ਕਰੀਬ 5-10 ਮਿੰਟ ਬਾਅਦ ਉਸ ਔਰਤ ਨੇ ਇਕ ਬੱਚੀ ਨੂੰ ਜਨਮ ਦਿੱਤਾ, ਜਿਸ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਵਲੋਂ ਉਸ ਨੂੰ ਬਠਿੰਡਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਹਸਪਤਾਲ ਦੇ ਡਾਕਟਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਮਜ਼ਦੂਰ ਨੇ ਕਿਸੇ ਵੀ ਐਬੂਲੈਂਸ ਚਾਲਕ ਨੂੰ ਕੋਈ ਫੋਨ ਨਹੀਂ ਕੀਤਾ, ਜਦਕਿ ਮਰੀਜ਼ ਦੇ ਰਿਸ਼ਤੇਦਾਰ ਨੇ ਕਿਹਾ ਕਿ ਉਨ੍ਹਾਂ ਨੇ ਐਬੂਲੈਂਸ ਲਈ ਆਸ਼ਾ ਵਰਕਰ ਨੂੰ ਫੋਨ ਕੀਤਾ ਸੀ, ਜਿਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਦੱਸ ਦੇਈਏ ਕਿ ਇਸ ਮਾਮਲੇ ਦੇ ਸਬੰਧ 'ਚ ਜਦੋਂ ਸਿਹਤ ਮੰਤਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਹ ਕਹਿ ਕੇ ਆਪਣਾ ਪੱਲਾ ਝਾੜ ਦਿੱਤਾ ਕਿ ਜੇਕਰ ਮਜ਼ਦੂਰ ਦੀ ਜਗ੍ਹਾ ਉਹ ਹੁੰਦੇ ਤਾਂ ਪਤਨੀ ਨੂੰ ਸਾਈਕਲ 'ਤੇ ਵੀ ਲੈ ਜਾਂਦੇ।