ਨੂਰਪੁਰਬੇਦੀ ਦੇ 138 ਪਿੰਡਾਂ ਦੀ ਸਾਢੇ 6 ਘੰਟੇ ਬਿਜਲੀ ਰਹੀ ਗੁੱਲ

07/18/2018 1:25:49 AM

ਨੂਰਪੁਰਬੇਦੀ, (ਭੰਡਾਰੀ)- ਸੋਮਵਾਰ ਦੁਪਹਿਰ ਨੂੰ ਮੁਡ਼ ਬਿਜਲੀ ਸਪਲਾਈ ਠੱਪ ਹੋ ਜਾਣ ਕਾਰਨ ਨੂਰਪੁਰਬੇਦੀ  ਇਲਾਕੇ ’ਚ ਪੈਂਦੇ ਸਮੁੱਚੇ 138 ਪਿੰਡਾਂ ’ਚ ਲੋਕਾਂ ਦੇ ਜੀਵਨ ਚੱਕਰ ਨੂੰ ਅਚਾਨਕ ਬ੍ਰੇਕਾਂ ਲੱਗ ਗਈਆਂ। ਜ਼ਿਕਰਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ 132 ਕੇ.ਵੀ. ਸਬ-ਸਟੇਸ਼ਨ ਤੋਂ ਨੂਰਪੁਰਬੇਦੀ 66 ਕੇ.ਵੀ. ਸਬ-ਸਟੇਸ਼ਨ ਤੇ ਪਿੰਡ ਬਜਰੂਡ਼ ਸਥਿਤ 66 ਕੇ.ਵੀ. ਸਬ-ਸਟੇਸ਼ਨ ਨੂੰ ਬਿਜਲੀ ਸਪਲਾਈ ਕੀਤੀ ਜਾਂਦੀ ਹੈ ਤੇ ਜਿੱਥੋਂ ਅੱਗੇ ਇਲਾਕੇ ਦੇ 138 ਪਿੰਡਾਂ ਨੂੰ ਬਿਜਲੀ ਸਪਲਾਈ ਪਹੁੰਚਦੀ ਹੈ। ਪਰ ਸੋਮਵਾਰ ਦੁਪਹਿਰ ਨੂੰ ਕਰੀਬ ਸਾਢੇ 3 ਵਜੇ ਅਚਾਨਕ  ਇਲਾਕੇ ਦੀ ਬਿਜਲੀ ਸਪਲਾਈ ਠੱਪ ਹੋ ਗਈ ਤੇ ਜੋ ਰਾਤ ਕਰੀਬ 10 ਵਜੇ ਸਾਢੇ 6 ਘੰਟਿਆਂ ਬਾਅਦ ਬਹਾਲ ਹੋਈ ਤੇ  ਲੋਕਾਂ ਨੇ ਸੁੱਖ ਦਾ ਸਾਹ ਲਿਆ।
 ਦੱਸਿਆ ਜਾ ਰਿਹਾ ਹੈ ਕਿ ਪਿੰਡ ਗਰੇ (ਸ੍ਰੀ ਅਨੰਦਪੁਰ ਸਾਹਿਬ) ਲਾਗੇ ਅਨੰਦਪੁਰ ਸਾਹਿਬ ਤੋਂ ਆ ਰਹੀ 66 ਕੇ.ਵੀ. ਲਾਈਨ ਦੇ ਟੁੱਟਣ ਕਾਰਨ  ਇਲਾਕਾ ਹਨੇਰੇ ’ਚ ਡੁੱਬਿਆ ਰਿਹਾ।
 45 ਸਾਲਾਂ ਤੋਂ ਨਹੀਂ ਬਦਲੀ ਗਈ 33 ਕੇ.ਵੀ. ਲਾਈਨ
 ਵਿਭਾਗੀ ਸੂਤਰਾਂ ਮੁਤਾਬਕ ਸਾਲ 1973 ’ਚ ਨੂਰਪੁਰਬੇਦੀ ਵਿਖੇ 33 ਕੇ.ਵੀ. ਸਬ-ਸਟੇਸ਼ਨ ਹੋਂਦ ’ਚ ਆਇਆ ਸੀ ਤੇ ਜਿਸ ਨੂੰ ਲੋਕਾਂ ਨੇ ਲੰਬਾ ਸੰਘਰਸ਼ ਵਿੱਢ ਕੇ ਸਾਲ 2010 ’ਚ 66 ਕੇ.ਵੀ. ਅਪਗ੍ਰੇਡ ਕਰਵਾਇਆ ਸੀ। ਪਰ ਹੈਰਾਨੀ ਦੀ ਗੱਲ ਹੈ ਕਿ 45 ਸਾਲਾਂ ਤੋਂ ਉਕਤ 33 ਕੇ.ਵੀ. ਲਾਈਨ (ਕੰਡਕਟਰ) ਨੂੰ ਨਾ ਬਦਲ ਕੇ ਇਸ ਤੋਂ 66 ਕੇ.ਵੀ. ਲਾਈਨ ਦਾ ਕੰਮ ਲਿਆ ਜਾ ਰਿਹਾ ਹੈ। ਜੋ ਕਿ ਸਪਲਾਈ ਪ੍ਰਭਾਵਿਤ ਹੋਣ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।
 ਓਵਰਲੋਡ ਹੈ ਨੂਰਪੁਰਬੇਦੀ ਦਾ ਗਰਿੱਡ
 ਵਿਭਾਗ ਦੇ ਅਧਿਕਾਰੀਆਂ ਅਨੁਸਾਰ ਨੂਰਪੁਰਬੇਦੀ ਸਬ-ਸਟੇਸ਼ਨ ਦੇ ਓਵਰਲੋਡ ਹੋਣ ਕਾਰਨ ਵੱਖ-ਵੱਖ ਪਿੰਡਾਂ ’ਚ 2 ਤੋਂ 3 ਘੰਟੇ ਦੇ ਕੱਟ ਲਾਉਣੇ ਪੈ ਰਹੇ ਹਨ। ਬਲਾਕ ਦੇ ਪਿੰਡ ਨਲਹੋਟੀ ਵਿਖੇ ਸਥਾਪਿਤ ਕੀਤੇ ਜਾ ਰਹੇ ਇਕ ਹੋਰ 66 ਕੇ.ਵੀ. ਗਰਿੱਡ ਦਾ ਕੰਮ ਚੱਲ ਰਿਹਾ ਹੈ ਤੇ ਜਿਸ ਦੇ ਮੁਕੰਮਲ ਹੋਣ ’ਤੇ ਬਿਜਲੀ ਕੱਟਾਂ ਤੋਂ ਲੋਕਾਂ ਨੂੰ ਨਿਜਾਤ ਹਾਸਲ ਹੋ ਸਕੇਗੀ। 
13 ਦਿਨਾਂ ’ਚ 3 ਵਾਰ ਟੁੱਟ ਚੁੱਕੀ ਹੈ 66 ਕੇ.ਵੀ. ਲਾਈਨ
 ਬੀਤੇ 13 ਦਿਨਾਂ ’ਚ 3 ਵਾਰ 66 ਕੇ.ਵੀ. ਲਾਈਨ ਟੁੱਟ ਚੁੱਕੀ ਹੈ ਜਿਸ ਕਾਰਨ ਲੋਕਾਂ ਨੂੰ ਬੇਵਜ੍ਹਾ ਬਿਜਲੀ ਸਪਲਾਈ ਬੰਦ ਹੋਣ ਦਾ ਸੰਤਾਪ ਹੰਢਾਉਣਾ ਪਿਆ ਹੈ। ਜ਼ਿਕਰ ਕਰਨਾ ਬਣਦਾ ਹੈ ਕਿ 66 ਕੇ.ਵੀ. ਲਾਈਨ ’ਚ ਨੁਕਸ ਪੈਣ ਕਾਰਨ 4 ਜੁਲਾਈ ਨੂੰ ਤਡ਼ਕੇ 4 ਵਜੇ ਗੁੱਲ ਹੋਈ ਬਿਜਲੀ ਸਪਲਾਈ ਦੁਪਹਿਰ 1 ਵਜੇ  ਬਹਾਲ ਹੋ ਸਕੀ ਸੀ ਤੇ ਵਿਭਾਗ ਨੇ ਅਸਮਾਨੀ ਬਿਜਲੀ ਡਿੱਗਣ ਨੂੰ ਇਸ ਦਾ ਕਾਰਨ ਦੱਸਿਆ ਸੀ। ਇਸ ਤੋਂ ਬਾਅਦ 13 ਜੁਲਾਈ ਨੂੰ ਉਕਤ ਲਾਈਨ ਟੁੱਟਣ ਕਾਰਨ ਵੀ ਕਈ ਘੰਟੇ ਬਿਜਲੀ ਬੰਦ ਰਹੀ ਸੀ। 
ਲਾਈਨ ਬਦਲਣ ਦਾ 80 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ : ਇੰਜ. ਭਾਗ ਸਿੰਘ
ਉਕਤ ਸਮੁੱਚੀ ਸਮੱਸਿਆ ’ਤੇ ਖੁੱਲ੍ਹ ਕੇ ਚਰਚਾ ਕਰਦਿਆਂ ਪਾਵਰਕਾਮ ਦਫ਼ਤਰ ਨੂਰਪੁਰਬੇਦੀ ਦੇ ਨਵੇਂ ਆਏ ਐੱਸ.ਡੀ.ਓ. ਇੰਜ. ਭਾਗ ਸਿੰਘ ਨੇ ਦੱਸਿਆ ਕਿ 66 ਕੇ.ਵੀ. ਲਾਈਨ ਬਦਲਣ ਦਾ 80 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਪੁਰਾਣੇ ਠੇਕੇਦਾਰ ਵੱਲੋਂ ਕੰਮ ਅਧੂਰਾ ਛੱਡਣ ਕਾਰਨ ਵਿਭਾਗ ਵੱਲੋਂ ਨਵੇਂ ਟੈਂਡਰ ਕੁਝ ਦਿਨ ਪਹਿਲਾਂ ਲਾਏ ਜਾ ਚੁੱਕੇ ਹਨ ਜਿਸ ਦੇ ਅਲਾਟ ਹੋਣ ’ਤੇ ਰਹਿੰਦੇ 5-6 ਟਾਵਰਾਂ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।  ਨਵੀਂ ਲਾਈਨ ਦੇ ਚਾਲੂ ਹੋਣ ਨਾਲ ਕਾਫ਼ੀ ਹੱਦ ਤੱਕ ਬਿਜਲੀ ਕੱਟਾਂ ਤੇ ਲਾਈਨ ਦੇ ਵਾਰ-ਵਾਰ ਟੁੱਟਣ ਦੀ ਸਮੱਸਿਆ ਤੋਂ ਰਾਹਤ ਮਿਲ ਸਕੇਗੀ।  ਉਨ੍ਹਾਂ ਲੋਕਾਂ ਨੂੰ ਵਿਭਾਗ ਨੂੰ ਸਹਿਯੋਗ ਦੇਣ ਤੇ ਇਨ੍ਹਾਂ ਹਾਲਾਤ ’ਚ ਬਿਜਲੀ ਦੀ ਘੱਟ ਖਪਤ ਕਰਨ ਦੀ ਵੀ ਅਪੀਲ ਕੀਤੀ।


Related News