ਬਿੱਲ ਨਾ ਭਰਨ ਕਾਰਨ ਵਾਟਰ ਵਰਕਸ ਦਾ ਬਿਜਲੀ ਕੁਨੈਸ਼ਨ ਕੱਟਿਆ

Friday, Mar 09, 2018 - 07:53 AM (IST)

ਬਿੱਲ ਨਾ ਭਰਨ ਕਾਰਨ ਵਾਟਰ ਵਰਕਸ ਦਾ ਬਿਜਲੀ ਕੁਨੈਸ਼ਨ ਕੱਟਿਆ

ਗਿੱਦੜਬਾਹਾ (ਕੁਲਭੂਸ਼ਨ, ਸੰਧਿਆ) - ਪਾਵਰਕਾਮ ਵੱਲੋਂ ਮੇਨ ਵਾਟਰ ਵਰਕਸ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ, ਜਿਸ ਕਾਰਨ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਸ਼ਹਿਰ 'ਚ ਹਾਹਾਕਾਰ ਮਚੀ ਹੋਈ ਹੈ। ਪਾਵਰਕਾਮ ਦੇ ਅਧਿਕਾਰੀਆਂ ਅਨੁਸਾਰ ਸ਼ਹਿਰ ਦੇ ਜਲਘਰ ਵੱਲ ਵਿਭਾਗ ਦਾ 1 ਕਰੋੜ 11 ਲੱਖ 15 ਹਜ਼ਾਰ 446 ਰੁਪਏ ਬਕਾਇਆ ਰਹਿੰਦਾ ਹੈ, ਜਿਸ ਕਾਰਨ ਪਾਵਰਕਾਮ ਵੱਲੋਂ ਜਲਘਰ ਦਾ ਬਿਜਲੀ ਕੁਨੈਕਸ਼ਨ ਕੱਟਿਆ ਗਿਆ ਹੈ। ਇਸ ਸਬੰਧੀ ਰਾਕੇਸ਼ ਮੋਹਨ ਮੱਕੜ ਐੱਸ. ਡੀ. ਓ. ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਨੇ ਕਿਹਾ ਕਿ ਵਿਭਾਗ ਦੇ ਕੋਲ ਪੈਸੇ ਨਹੀਂ ਹਨ ਅਤੇ ਵਾਟਰ ਕੁਨੈਕਸ਼ਨਾਂ ਤੇ ਸੀਵਰੇਜ ਕੁਨੈਕਸ਼ਨਾਂ ਦੇ ਬਿੱਲਾਂ ਦੀ ਵਸੂਲੀ ਕਰ ਕੇ ਮੁਲਾਜ਼ਮਾਂ ਦੀ ਤਨਖਾਹ ਤੇ ਵਾਟਰ ਵਰਕਸ ਦੀ ਮੁਰੰਮਤ ਦਾ ਕੰਮ ਚਲਾਇਆ ਜਾ ਰਿਹਾ ਹੈ ਅਤੇ ਜੋ ਰਾਸ਼ੀ ਬਚਦੀ ਹੈ, ਉਸ ਨਾਲ ਪਾਵਰਕਾਮ ਨੂੰ ਬਿਜਲੀ ਬਿੱਲਾਂ ਦੀ ਪਾਰਟ ਪੇਮੈਂਟ ਕਰ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਬੀਤੀ 27 ਫਰਵਰੀ ਨੂੰ ਹੀ ਵਾਟਰ ਵਰਕਸ ਦੇ ਬਕਾਇਆ ਬਿੱਲ ਦੀ 4 ਲੱਖ ਰੁਪਏ ਦੀ ਅਦਾਇਗੀ ਪਾਵਰਕਾਮ ਨੂੰ ਕੀਤੀ ਗਈ ਸੀ ਪਰ ਇਕ ਮਹੀਨਾ ਵੀ ਨਹੀਂ ਹੋਇਆ ਕਿ ਪਾਵਰਕਾਮ ਨੇ ਮੁੜ ਬਿਜਲੀ ਕੁਨੈਕਸ਼ਨ ਕੱਟ ਦਿੱਤਾ।
ਕੀ ਕਹਿੰਦੇ ਨੇ ਪਾਵਰਕਾਮ ਦੇ ਐੱਸ. ਡੀ. ਓ. ਜਗਜੀਤ ਸਿੰਘ
ਇਸ ਸਬੰਧੀ ਪਾਵਰਕਾਮ ਦੇ ਐੱਸ. ਡੀ. ਓ. ਜਗਜੀਤ ਸਿੰਘ ਨੇ ਦੱਸਿਆ ਕਿ ਪਾਵਰਕਾਮ ਦਾ ਜਲਘਰ ਵੱਲ ਬਿਜਲੀ ਦਾ 1 ਕਰੋੜ 11 ਲੱਖ 15 ਹਜ਼ਾਰ 446 ਰੁਪਏ ਬਕਾਇਆ ਰਹਿੰਦਾ ਹੈ, ਜਿਸ ਕਾਰਨ ਪਾਵਰਕਾਮ ਵੱਲੋਂ ਸਥਾਨਕ ਜਲਘਰ ਦਾ ਕੁਨੈਕਸ਼ਨ ਕੱਟਿਆ ਗਿਆ ਹੈ। ਬੀਤੀ 27 ਫਰਵਰੀ ਨੂੰ ਸੀਵਰੇਜ ਬੋਰਡ ਵੱਲੋਂ ਪਾਵਰਕਾਮ ਨੂੰ ਕੀਤੀ ਗਈ 4 ਲੱਖ ਰੁਪਏ ਦੀ ਪਾਰਟ ਪੇਮੈਂਟ ਸਬੰਧੀ ਉਨ੍ਹਾਂ ਕਿਹਾ ਕਿ ਉਕਤ ਬਕਾਇਆ ਰਾਸ਼ੀ 'ਚੋਂ 4 ਲੱਖ ਰੁਪਏ ਦੀ ਪਾਰਟ ਪੇਮੈਂਟ ਬਹੁਤ ਘੱਟ ਹੈ, ਜਦਕਿ ਨਿਯਮਾਂ ਅਨੁਸਾਰ ਘੱਟੋ-ਘੱਟ ਇਕ ਤਿਹਾਈ ਪਾਰਟ ਪੇਮੈਂਟ ਜ਼ਰੂਰੀ ਹੈ ਪਰ ਲੋਕਾਂ ਦੀ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਸੀਵਰੇਜ ਬੋਰਡ ਵੱਲੋਂ ਪਾਰਟ ਪੇਮੈਂਟ ਜੇਕਰ ਕੋਈ ਆਫਰ ਆਉਂਦੀ ਹੈ, ਉਹ ਇਸ ਸਬੰਧੀ ਪਾਵਰਕਾਮ ਦੇ ਉੱਚ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਵਾਟਰ ਵਰਕਸ ਦੇ ਬਿਜਲੀ ਕੁਨੈਕਸ਼ਨ ਨੂੰ ਬਹਾਲ ਕਰ ਸਕਦੇ ਹਨ।


Related News