ਤੇਜ਼ ਹਨੇਰੀ-ਤੂਫ਼ਾਨ ਕਾਰਨ ਸੜਕਾਂ ’ਤੇ ਡਿੱਗੇ ਦਰੱਖਤ, ਬਿਜਲੀ ਦੇ ਖੰਭੇ ਟੁੱਟੇ, ਬਿਜਲੀ ਗੁੱਲ ਹੋਣ ਕਾਰਨ ਮੱਚੀ ਹਾਹਾਕਾਰ
Monday, Jun 29, 2026 - 11:04 AM (IST)
ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਜ਼ਿਲ੍ਹੇ ’ਚ ਚੱਲੀ ਤੇਜ਼ ਹਨੇਰੀ-ਤੂਫ਼ਾਨ ਨੇ ਜਿੱਥੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਪ੍ਰਦਾਨ ਕੀਤੀ, ਉੱਥੇ ਹੀ ਸੜਕਾਂ ’ਤੇ ਖੜ੍ਹੇ ਕਈ ਦਰੱਖਤ ਅਤੇ ਬਿਜਲੀ ਦੀਆਂ ਤਾਰਾਂ ਵੀ ਟੁੱਟ ਗਈਆਂ, ਜਿਸ ਕਾਰਨ ਭਾਵੇਂ ਇਸ ਤੇਜ਼ ਹਨੇਰੀ-ਤੂਫ਼ਾਨ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਸੜਕਾਂ ’ਤੇ ਜਾਮ ਦੀ ਸਥਿਤੀ ਜ਼ਰੂਰ ਪੈਦਾ ਹੋ ਗਈ। ਪਿੰਡਾਂ ਦੀ ਬਿਜਲੀ ਬੰਦ ਰਹਿਣ ਕਾਰਨ ਲੋਕਾਂ ਨੂੰ ਸਾਰਾ ਦਿਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ- ਪੰਜਾਬ: 15 ਦੇ ਕਰੀਬ ਲੁਟੇਰਿਆਂ ਨੇ ਸਰਕਾਰੀ ਗੁਦਾਮ 'ਚ ਮਾਰਿਆ ਡਾਕਾ, ਚੌਂਕੀਦਾਰਾਂ ਨੂੰ ਬੰਧਕ ਬਣਾ ਕੀਤੀ ਵੱਡੀ ਲੁੱਟ
ਤੜਕਸਾਰ ਚੱਲੀ ਤੇਜ਼ ਹਨੇਰੀ-ਤੂਫ਼ਾਨ ਕਾਰਨ ਗੁਰਦਾਸਪੁਰ ਤੋਂ ਕਲਾਨੌਰ ਨੂੰ ਜਾਂਦੀ ਸੜਕ ਸਮੇਤ ਹੋਰ ਕਈ ਮੁੱਖ ਮਾਰਗਾਂ ’ਤੇ ਦਰੱਖਤ ਤਾਸ਼ ਦੇ ਪੱਤਿਆਂ ਵਾਂਗ ਡਿੱਗ ਗਏ। ਸੜਕਾਂ ’ਤੇ ਅਚਾਨਕ ਦਰੱਖਤ ਡਿੱਗਣ ਕਾਰਨ ਕਈ ਲੋਕਾਂ ਨੂੰ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਉਣੀ ਪਈ, ਜਦਕਿ ਕਈ ਵਾਹਨ ਚਾਲਕਾਂ ਨੂੰ ਰਸਤੇ ’ਚ ਹੀ ਆਪਣੇ ਵਾਹਨ ਰੋਕਣ ਲਈ ਮਜ਼ਬੂਰ ਹੋਣਾ ਪਿਆ। ਇਸ ਤੋਂ ਇਲਾਵਾ ਸੜਕਾਂ ’ਤੇ ਦਰੱਖਤ ਡਿੱਗਣ ਕਾਰਨ ਕਈ ਜਗ੍ਹਾ ਲੰਮਾ ਜਾਮ ਲੱਗ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਵੱਡੀ ਪ੍ਰੇਸ਼ਾਨੀ ਝੱਲਣੀ ਪਈ।
ਇਹ ਵੀ ਪੜ੍ਹੋ- ਪੰਜਾਬ 'ਚ ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਪਾਣੀ ਛੱਡਣ ਕਾਰਣ ਅੱਧੀ ਦਰਜਨ ਪਿੰਡਾਂ 'ਤੇ ਆਈ ਵੱਡੀ ਆਫਤ
ਦੱਸਣਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਗੁਰਦਾਸਪੁਰ ’ਚ ਤਾਪਮਾਨ 40 ਤੋਂ 45 ਡਿਗਰੀ ਤੱਕ ਜਾ ਰਿਹਾ ਸੀ, ਜਿਸ ਕਾਰਨ ਅੱਤ ਦੀ ਗਰਮੀ ਕਾਰਨ ਲੋਕ ਬਹੁਤ ਹੀ ਪ੍ਰੇਸ਼ਾਨ ਸਨ। ਇਸ ਤੋਂ ਇਲਾਵਾ ਵਪਾਰੀ ਵਰਗ ਅਤੇ ਦੁਕਾਨਦਾਰਾਂ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਸੀ, ਪਰ ਅੱਜ ਤੜਕਸਾਰ ਚੱਲੀ ਤੇਜ਼ ਹਨੇਰੀ-ਤੂਫ਼ਾਨ ਦੇ ਨਾਲ ਪਏ ਮੀਂਹ ਨੇ ਭਾਵੇਂ ਲੋਕਾਂ ਨੂੰ ਗਰਮੀ ਤੋਂ ਕੁਝ ਸਮੇਂ ਲਈ ਰਾਹਤ ਦਿੱਤੀ ਹੈ, ਪਰ ਇਸ ਹਨੇਰੀ ਕਾਰਨ ਸੜਕਾਂ ’ਤੇ ਦਰੱਖਤ ਫੁੱਲਾਂ ਦੀ ਤਰ੍ਹਾਂ ਡਿੱਗਦੇ ਦਿਖਾਈ ਦਿੱਤੇ।
ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ, ਯੈਲੋ ਅਲਰਟ ਹੋ ਗਿਆ ਜਾਰੀ, 2 ਜੁਲਾਈ ਤੱਕ ਮੀਂਹ...
ਪਾਵਰਕਾਮ ਦਾ ਨੁਕਸਾਨ
ਇਸ ਤੇਜ਼ ਹਨੇਰੀ-ਤੂਫ਼ਾਨ ਕਾਰਨ ਦਰੱਖਤਾਂ ਦੀ ਲਪੇਟ ’ਚ ਆਉਣ ਕਰਕੇ ਬਿਜਲੀ ਦੀਆਂ ਤਾਰਾਂ ਵੀ ਟੁੱਟ ਗਈਆਂ। ਇਸ ਦੇ ਨਾਲ ਹੀ ਕਈ ਬਿਜਲੀ ਦੇ ਖੰਭੇ ਵੀ ਟੁੱਟ ਗਏ, ਜਦਕਿ ਕਈ ਖੰਭੇ ਬੁਰੀ ਤਰ੍ਹਾਂ ਟੇਢੇ ਹੋਏ ਦਿਖਾਈ ਦਿੱਤੇ। ਹਾਲਾਂਕਿ, ਇਨ੍ਹਾਂ ਤਾਰਾਂ ਦੀ ਲਪੇਟ ’ਚ ਆਉਣ ਤੋਂ ਵਾਹਨ ਚਾਲਕਾਂ ਦਾ ਬਚਾਅ ਹੋ ਗਿਆ, ਪਰ ਤਾਰਾਂ ਤੇ ਖੰਭਿਆਂ ਦੇ ਟੁੱਟਣ ਕਾਰਨ ਪਾਵਰਕਾਮ ਨੂੰ ਭਾਰੀ ਵਿੱਤੀ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ
ਬਿਜਲੀ ਬੰਦ ਰਹਿਣ ਕਾਰਨ ਪਾਣੀ ਨੂੰ ਤਰਸੇ ਲੋਕ
ਦੂਜੇ ਪਾਸੇ ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਗੁਰਦਾਸਪੁਰ ਦੇ ਕਈ ਪਿੰਡਾਂ ਦੀ ਬਿਜਲੀ ਰਾਤ ਭਰ ਤੋਂ ਬੰਦ ਰਹਿਣ ਕਰਕੇ ਲੋਕਾਂ ਨੂੰ ਅੰਧਕਾਰ ਅਤੇ ਗਰਮੀ ’ਚ ਹੀ ਰਾਤ ਗੁਜ਼ਾਰਨ ਲਈ ਮਜ਼ਬੂਰ ਹੋਣਾ ਪਿਆ। ਬਿਜਲੀ ਦੇ ਲਗਾਤਾਰ ਬੰਦ ਰਹਿਣ ਕਾਰਨ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਹੋਈ। ਇਸ ਤੋਂ ਇਲਾਵਾ ਘਰਾਂ ’ਚ ਪਾਣੀ ਦੀਆਂ ਟੈਂਕੀਆਂ ਖਾਲੀ ਹੋਣ ਕਾਰਨ ਲੋਕ ਪੀਣ ਵਾਲੇ ਠੰਢੇ ਪਾਣੀ ਨੂੰ ਵੀ ਤਰਸਦੇ ਨਜ਼ਰ ਆਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
