ਬੱਧਨੀ ਕਲਾਂ ’ਚ ਬਿਜਲੀ ਸੰਕਟ, ਰਾਤ ਭਰ ਹਨੇਰੇ ’ਚ ਰਹੇ ਲੋਕ, ਦਿਨ ਚੜ੍ਹਦੇ ਹੀ ਲੱਗੇ ਅਣਮਿੱਥੇ ਕੱਟ

Monday, Jun 22, 2026 - 01:25 PM (IST)

ਬੱਧਨੀ ਕਲਾਂ ’ਚ ਬਿਜਲੀ ਸੰਕਟ, ਰਾਤ ਭਰ ਹਨੇਰੇ ’ਚ ਰਹੇ ਲੋਕ, ਦਿਨ ਚੜ੍ਹਦੇ ਹੀ ਲੱਗੇ ਅਣਮਿੱਥੇ ਕੱਟ

ਬੱਧਨੀ ਕਲਾਂ (ਤਨਿਸ਼ਕ ਭੱਲਾ) : ਪੰਜਾਬ ਵਿਚ ਗਰਮੀ ਦੇ ਕਹਿਰ ਦਰਮਿਆਨ ਬਿਜਲੀ ਸਪਲਾਈ ਨੂੰ ਲੈ ਕੇ ਸਰਕਾਰ ਦੇ ‘24 ਘੰਟੇ ਬਿਜਲੀ’ ਦੇ ਵੱਡੇ-ਵੱਡੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਸਾਬਤ ਹੋ ਰਹੇ ਹਨ। ਕਸਬਾ ਬੱਧਨੀ ਕਲਾਂ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਚ ਬਿਜਲੀ ਦੀ ਮਾੜੀ ਹਾਲਤ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਲੀਹੋਂ ਲੱਥ ਗਿਆ ਹੈ । ਬੀਤੀ ਰਾਤ ਤੋਂ ਇਲਾਕੇ ਦੇ ਲੋਕ ਬਿਜਲੀ ਨਾ ਹੋਣ ਕਾਰਨ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ।

ਰਾਤ ਦੇ 12 ਤੋਂ ਸਵੇਰੇ 5 ਵਜੇ ਤੱਕ ਪੂਰਨ ਬਲੈਕਆਊਟ

ਸਥਾਨਕ ਨਿਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਠੀਕ 12 ਵਜੇ ਬੱਧਨੀ ਕਲਾਂ ਦੀ ਬਿਜਲੀ ਗੁੱਲ ਹੋ ਗਈ, ਜੋ ਸਵੇਰੇ 5 ਵਜੇ ਤੱਕ ਲਗਾਤਾਰ 5 ਘੰਟੇ ਗਾਇਬ ਰਹੀ। ਭਿਆਨਕ ਗਰਮੀ ਅਤੇ ਮੱਛਰਾਂ ਦੇ ਕਹਿਰ ਕਾਰਨ ਬੱਚੇ, ਬਜ਼ੁਰਗ ਅਤੇ ਬਿਮਾਰ ਲੋਕ ਸਾਰੀ ਰਾਤ ਸੌਂ ਨਹੀਂ ਸਕੇ। ਹੱਦ ਤਾਂ ਉਦੋਂ ਹੋ ਗਈ ਜਦੋਂ ਸਵੇਰ ਹੁੰਦਿਆਂ ਹੀ ਬਿਜਲੀ ਦੀ ’ਅੱਖ-ਮਿਚੌਲੀ’ ਦਾ ਸਿਲਸਿਲਾ ਸ਼ੁਰੂ ਹੋ ਗਿਆ। ਦਿਨ ਚੜ੍ਹਨ ਤੋਂ ਬਾਅਦ ਵੀ ਹਰ 10-15 ਮਿੰਟ ਬਾਅਦ ਬਿਜਲੀ ਦੇ ਲਗਾਤਾਰ ਕੱਟ ਲੱਗਦੇ ਰਹੇ, ਜਿਸ ਕਾਰਨ ਘਰਾਂ ਵਿਚ ਪਾਣੀ ਦੀ ਕਿੱਲਤ ਵੀ ਖੜ੍ਹੀ ਹੋ ਗਈ ਹੈ।

ਕਾਰੋਬਾਰ ਠੱਪ, ਲੋਕਾਂ ਵਿਚ ਭਾਰੀ ਰੋਸ

ਬਿਜਲੀ ਦੇ ਇਸ ਲਗਾਤਾਰ ਆਉਣ-ਜਾਣ ਕਾਰਨ ਜਿੱਥੇ ਆਮ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ, ਉੱਥੇ ਹੀ ਛੋਟੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਦਾ ਕੰਮ-ਧੰਦਾ ਵੀ ਪੂਰੀ ਤਰ੍ਹਾਂ ਚੌਪਟ ਹੋ ਗਿਆ ਹੈ। ਬਿਜਲੀ ਬੋਰਡ (ਪੀ. ਐੱਸ. ਪੀ. ਸੀ. ਐੱਲ.) ਦੇ ਦਫ਼ਤਰਾਂ ’ਚ ਫੋਨ ਕਰਨ ’ਤੇ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲ ਰਿਹਾ, ਜਿਸ ਕਾਰਨ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਹੈ।


author

Gurminder Singh

Content Editor

Related News