ਮੱਝਾਂ ਚਾਰਦੇ ਵਿਅਕਤੀ ਦੀ ਛੱਪੜ ''ਚ ਡਿੱਗਣ ਕਾਰਨ ਮੌਤ, 3 ਧੀਆਂ ਦਾ ਸੀ ਪਿਓ

Monday, Jun 15, 2026 - 02:48 PM (IST)

ਮੱਝਾਂ ਚਾਰਦੇ ਵਿਅਕਤੀ ਦੀ ਛੱਪੜ ''ਚ ਡਿੱਗਣ ਕਾਰਨ ਮੌਤ, 3 ਧੀਆਂ ਦਾ ਸੀ ਪਿਓ

ਔੜ/ਚੱਕਦਾਨਾ (ਛਿੰਜੀ ਲੜੋਆ)-ਪਿੰਡ ਸ਼ੇਖੂਪੁਰ ਦੇ ਇਕ ਬਹੁਤ ਹੀ ਗ਼ਰੀਬ ਗੁੱਜਰ ਪਰਿਵਾਰ ਨਾਲ ਉਸ ਵੇਲੇ ਵੱਡਾ ਦੁੱਖ਼ਦਾਈ ਹਾਦਸਾ ਵਾਪਰ ਗਿਆ ਜਦੋਂ ਪਰਿਵਾਰ ਦਾ ਇਕਲੌਤਾ ਕਮਾਊ ਮੈਂਬਰ ਮੱਝਾਂ ਚਾਰਦਿਆਂ ਗੰਦੇ ਪਾਣੀ ਦੇ ਛੱਪੜ ਵਿਚ ਡੁੱਬ ਗਿਆ ਅਤੇ ਉਸ ਦੀ ਮੌਤ ਹੋ ਗਈ‌ ਅਤੇ ਇਸ ਘਟਨਾ ਨਾਲ ਮ੍ਰਿਤਕ ਦੇ ਪਰਿਵਾਰ ਉੱਤੇ ਦੁੱਖ਼ਾਂ ਦਾ ਅਜਿਹਾ ਪਹਾੜ ਟੁੱਟਿਆ ਹੈ, ਜਿਸ ਦੀ ਭਰਪਾਈ ਕਰਨੀ ਸੰਭਵ ਨਹੀਂ। ਮ੍ਰਿਤਕ ਦੇ ਰਿਸ਼ਤੇਦਾਰ ਮੁਹੰਮਦ ਸਲੀਮ ਅਤੇ ਰਾਣੀ ਸ਼ੇਖੂਪੁਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ 60 ਸਾਲਾ ਰੋਸ਼ਨ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਆਪਣੇ ਪੁੱਤਰ ਨਾਲ ਮੱਝਾਂ ਚਾਰਨ ਲਈ ਘਰੋਂ ਨਿਕਲਿਆ ਸੀ। ਸਵੇਰੇ ਕਰੀਬ 11 ਵਜੇ ਉਹ ਪਿੰਡ ਮੱਲਾਬੇਦੀਆਂ ਨੇੜੇ ਬਿਸਤ ਦੋਆਬ ਨਹਿਰ ਕੋਲ ਗੰਦੇ ਪਾਣੀ ਦੇ ਨਿਕਾਸ ਲਈ ਬਣੇ ਇਕ ਡੂੰਘੇ ਛੱਪੜ ਦੇ ਨੇੜੇ ਮੱਝਾਂ ਚਾਰ ਰਿਹਾ ਸੀ, ਜਿਸ ਦੌਰਾਨ ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਛੱਪੜ ਵਿਚ ਜਾ ਡਿੱਗਿਆ।

ਇਹ ਵੀ ਪੜ੍ਹੋ: ਪੰਜਾਬ ਸ਼ਰਮਸਾਰ! SnapChat 'ਤੇ ਕੀਤੀ ਦੋਸਤੀ, ਫਿਰ ਕੁੜੀ ਦੀ ਰੋਲ਼ 'ਤੀ ਪੱਤ, ਇਤਰਾਜ਼ਯੋਗ ਵੀਡੀਓ ਬਣਾ ਕੀਤਾ...

ਪਰਿਵਾਰਕ ਮੈਂਬਰਾਂ ਮੁਤਾਬਕ ਛੱਪੜ ਬਹੁਤ ਡੂੰਘਾ ਹੋਣ ਦੇ ਨਾਲ-ਨਾਲ ਉਸ ਵਿਚ ਦਲਦਲ ਵੀ ਬਣੀ ਹੋਈ ਸੀ ਅਤੇ ਪਾਣੀ ਵਿਚ ਡਿੱਗਣ ਤੋਂ ਬਾਅਦ ਰੋਸ਼ਨ ਦਲਦਲ ਵਿਚ ਧੱਸ ਗਿਆ, ਜਿਸ ਕਾਰਨ ਉਸ ਨੂੰ ਬਚਾਉਣ ਦਾ ਕੋਈ ਮੌਕਾ ਨਹੀਂ ਮਿਲ ਸਕਿਆ। ਘਟਨਾ ਦੀ ਸੂਚਨਾ ਮਿਲਣ ਉਪਰੰਤ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਮੌਕੇ ’ਤੇ ਪਹੁੰਚੇ ਅਤੇ ਕਈ ਘੰਟਿਆਂ ਦੀ ਭਾਲ ਤੋਂ ਬਾਅਦ ਉਸ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਇਸ ਦੌਰਾਨ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਅਤੇ ਮੌਕੇ ’ਤੇ ਮੌਜੂਦ ਲੋਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ।

PunjabKesari

ਪਿੰਡ ਵਾਸੀਆਂ ਨੇ ਦੱਸਿਆ ਕਿ ਰੋਸ਼ਨ ਬਹੁਤ ਹੀ ਮਿਹਨਤੀ ਅਤੇ ਸਾਦੇ ਸੁਭਾਅ ਦਾ ਵਿਅਕਤੀ ਸੀ, ਜੋ ਦਿਨ-ਰਾਤ ਮੱਝਾਂ ਪਾਲ ਕੇ ਅਤੇ ਉਨ੍ਹਾਂ ਦੀ ਸੇਵਾ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ, ਉਸ ਦੀ ਆਮਦਨ ਦਾ ਮੁੱਖ ਸਾਧਨ ਮੱਝਾਂ ਦਾ ਦੁੱਧ ਸੀ, ਜਿਸ ਨੂੰ ਵੇਚ ਕੇ ਉਹ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਦਾ ਸੀ ਪਰ ਹੁਣ ਉਸ ਦੀ ਅਚਾਨਕ ਮੌਤ ਨਾਲ ਪਰਿਵਾਰ ਆਰਥਿਕ ਅਤੇ ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਟੁੱਟ ਗਿਆ ਹੈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਤਿੰਨ ਧੀਆਂ ਅਤੇ ਇਕ ਸਿਧਰੇ ਪੁੱਤਰ ਅਤੇ ਪਤਨੀ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਿਆ ਹੈ। ਪਰਿਵਾਰ ਦੀ ਹਾਲਤ ਇੰਨੀ ਮਾੜੀ ਹੈ ਕਿ ਉਹ ਪਿੰਡ ਸ਼ੇਖੂਪੁਰ ਨੇੜੇ ਜਾਂਦੇ ਸੂਏ ਦੇ ਕੋਲ ਤਰਪਾਲ ਅਤੇ ਕਾਨ੍ਹਿਆਂ ਦੀ ਬਣੀ ਇਕ ਛੋਟੀ ਜਿਹੀ ਝੁੱਗੀ ਵਿਚ ਰਹਿ ਰਹੇ ਹਨ, ਨਾ ਉਨ੍ਹਾਂ ਕੋਲ ਪੱਕਾ ਘਰ ਹੈ ਅਤੇ ਨਾ ਹੀ ਕੋਈ ਹੋਰ ਸਥਾਈ ਆਮਦਨ ਦਾ ਸਾਧਨ।

ਇਹ ਵੀ ਪੜ੍ਹੋ: ਮੰਡ ਖੇਤਰ ਦੇ ਲੋਕਾਂ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ! ਬਿਆਸ ਦਰਿਆ 'ਚ ਛੱਡਿਆ ਪਾਣੀ

ਬਰਸਾਤਾਂ, ਗਰਮੀਆਂ ਅਤੇ ਸਰਦੀਆਂ ਦੇ ਮੌਸਮ ਵਿਚ ਵੀ ਇਹ ਪਰਿਵਾਰ ਬਹੁਤ ਮੁਸ਼ਕਿਲਾਂ ਨਾਲ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਮ੍ਰਿਤਕ ਦੀ ਮੌਤ ਮਗਰੋਂ ਪਰਿਵਾਰ ਦੇ ਸਾਹਮਣੇ ਰੋਜ਼ੀ-ਰੋਟੀ ਦਾ ਸੰਕਟ ਹੋਰ ਵੀ ਗੰਭੀਰ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਹੈ ਕਿਉਂਕਿ ਘਰ ਦਾ ਇਕਲੌਤਾ ਕਮਾਉਣ ਵਾਲਾ ਵਿਅਕਤੀ ਇਸ ਦੁਨੀਆ ਤੋਂ ਚਲਾ ਗਿਆ ਹੈ। ਪਰਿਵਾਰ ਦੇ ਬੱਚਿਆਂ ਅਤੇ ਮਹਿਲਾਵਾਂ ਦੀਆਂ ਅੱਖਾਂ ਵਿਚ ਭਵਿੱਖ ਨੂੰ ਲੈ ਕੇ ਡਰ ਅਤੇ ਅਨਿਸ਼ਚਿਤਤਾ ਸਾਫ਼ ਵਿਖਾਈ ਦੇ ਰਹੀ ਹੈ। ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਪੰਜਾਬ ਸਰਕਾਰ, ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਇਸ ਬੇਸਹਾਰਾ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਤੁਰੰਤ ਆਰਥਿਕ ਸਹਾਇਤਾ ਦੇਣ ਦੇ ਨਾਲ-ਨਾਲ ਰਹਿਣ ਲਈ ਇਕ ਪੱਕਾ ਘਰ ਵੀ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਉਹ ਇੱਜ਼ਤ ਅਤੇ ਸੁਰੱਖਿਆ ਨਾਲ ਆਪਣਾ ਜੀਵਨ ਬਤੀਤ ਕਰ ਸਕਣ।

ਇਹ ਵੀ ਪੜ੍ਹੋ: ਕਹਿਰ ਓ ਰੱਬਾ! ਪਲਾਂ 'ਚ ਉੱਜੜਿਆ ਪਰਿਵਾਰ, ਜਲੰਧਰ 'ਚ ਸੜਕ ਹਾਦਸੇ ਦੌਰਾਨ ਮਾਂ-ਧੀ ਦੀ ਮੌਤ

ਇਸ ਦੁੱਖ਼ਦਾਈ ਘਟਨਾ ਨੇ ਇਕ ਵਾਰ ਫਿਰ ਗਰੀਬ ਅਤੇ ਪਛੜੇ ਪਰਿਵਾਰਾਂ ਦੀਆਂ ਮੁਸ਼ਕਿਲਾਂ ਨੂੰ ਉਜਾਗਰ ਕੀਤਾ ਹੈ। ਇਲਾਕੇ ਦੇ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸਮੇਂ ਸਿਰ ਸਰਕਾਰੀ ਅਤੇ ਸਮਾਜਿਕ ਸਹਾਇਤਾ ਨਾ ਮਿਲੀ ਤਾਂ ਇਹ ਪਰਿਵਾਰ ਹੋਰ ਵੀ ਵੱਡੀਆਂ ਮੁਸ਼ਕਿਲਾਂ ਵਿਚ ਘਿਰ ਸਕਦਾ ਹੈ। ਪਿੰਡ ਵਾਸੀਆਂ ਨੇ ਦਾਨੀ ਸੱਜਣਾਂ ਨੂੰ ਵੀ ਅੱਗੇ ਆ ਕੇ ਇਸ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਮ੍ਰਿਤਕ ਰੋਸ਼ਨ ਦੇ ਪਰਿਵਾਰ ਨੂੰ ਇਸ ਅਸਹਿਣਯੋਗ ਦੁੱਖ਼ ਦੀ ਘੜੀ ਵਿਚ ਕੁਝ ਰਾਹਤ ਮਿਲ ਸਕੇ।

ਇਹ ਵੀ ਪੜ੍ਹੋ: ਪੰਜਾਬ: ਸਿੱਧੂ ਮੂਸੇਵਾਲਾ ਕਤਲ ਦੇ ਮੁੱਖ ਮੁਲਜ਼ਮ ਗੈਂਗਸਟਰ ਮੰਨਾ ਦੀ ਜੇਲ੍ਹ 'ਚੋਂ ਵੀਡੀਓ ਵਾਇਰਲ, ਕੀਤੇ ਵੱਡੇ ਖ਼ੁਲਾਸੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News