ਪਣ-ਬਿਜਲੀ ਉਤਪਾਦਨ ''ਚ 33 ਫੀਸਦੀ ਰਿਕਾਰਡ ਵਾਧੇ ਦੀ ਬਦੌਲਤ ਪਾਵਰਕਾਮ ਦੇ 200 ਕਰੋੜ ਰੁਪਏ ਬਚੇ

Monday, Sep 04, 2017 - 06:51 AM (IST)

ਪਟਿਆਲਾ  (ਪਰਮੀਤ) - ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੂੰ ਪਣ-ਬਿਜਲੀ ਉਤਪਾਦਨ ਵਿਚ ਐਤਕੀਂ ਹੋਏ 33 ਫੀਸਦੀ ਵਾਧੇ ਦੀ ਬਦੌਲਤ 200 ਕਰੋੜ ਰੁਪਏ ਦੀ ਬੱਚਤ ਹੋਣ ਦੇ ਆਸਾਰ ਹਨ। ਇਕੱਲੇ ਅਗਸਤ ਮਹੀਨੇ ਦੌਰਾਨ ਹੀ ਉਤਪਾਦਨ ਵਿਚ 40 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਸ਼ਾਨਨ ਅਤੇ ਯੂ. ਬੀ. ਡੀ. ਸੀ. ਪਣ-ਬਿਜਲੀ ਪ੍ਰਾਜੈਕਟਾਂ ਨੇ ਤਾਂ ਪਿਛਲੇ 5 ਸਾਲ ਦੇ ਰਿਕਾਰਡ ਤੋੜ ਦਿੱਤੇ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਐਤਕੀਂ ਪਈ ਭਰਵੀਂ ਬਰਸਾਤ ਦੀ ਬਦੌਲਤ ਇਸ ਵੇਲੇ ਡੈਮਾਂ ਵਿਚ ਪਾਣੀ ਪੂਰਾ ਭਰਿਆ ਹੋਇਆ ਹੈ। ਪੌਂਗ ਡੈਮ ਵਿਚ ਇਸ ਵੇਲੇ 1382 ਫੁੱਟ, ਭਾਖੜਾ ਡੈਮ ਵਿਚ 1672 ਫੁੱਟ ਪਾਣੀ ਹੈ। ਪਿਛਲੇ ਸਾਲ ਇਹ ਕ੍ਰਮਵਾਰ 1370 ਅਤੇ 1647 ਫੁੱਟ ਸੀ। ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਵਿਚ ਵੀ 522 ਮੀਟਰ ਪਾਣੀ ਹੈ, ਜੋ ਕਿ ਪਿਛਲੇ ਸਾਲ ਦੇ ਬਰਾਬਰ ਹੈ। ਪਾਣੀ ਦੀ ਇਸ ਉਪਲਬਧਤਾ ਨੂੰ ਵੇਖਦਿਆਂ ਪਾਵਰਕਾਮ ਨੇ ਐਤਕੀਂ ਪਣ-ਬਿਜਲੀ ਉਤਪਾਦਨ ਵਿਚ ਚੋਖਾ ਵਾਧਾ ਕਰਨ ਦੇ ਯਤਨ ਆਰੰਭੇ ਹਨ। ਇਸ ਦੀ ਬਦੌਲਤ ਇਸ ਨੂੰ ਕਈ 100 ਕਰੋੜ ਰੁਪਏ ਦੀ ਬੱਚਤ ਦਾ ਲਾਭ ਮਿਲ ਸਕਦਾ ਹੈ ਕਿਉਂਕਿ ਇਥੇ ਵੱਧ ਉਤਪਾਦਨ ਸਦਕਾ ਇਸ ਨੂੰ ਬਾਹਰੋਂ ਹੋ ਰਹੀ ਬਿਜਲੀ ਦੀ ਖਰੀਦ ਵਿਚ ਕਟੌਤੀ ਕਰਨ ਦਾ ਮੌਕਾ ਮਿਲ ਜਾਂਦਾ ਹੈ।
ਇਸ ਸਾਲ 2017 ਵਿਚ 1 ਅਪ੍ਰੈਲ ਤੋਂ 31 ਅਗਸਤ ਦਰਮਿਆਨ ਸਾਰੇ ਪਣ-ਬਿਜਲੀ ਪ੍ਰਾਜੈਕਟਾਂ ਤੋਂ ਪਿਛਲੇ ਸਾਲ ਦੇ ਮੁਕਾਬਲੇ 592 ਮਿਲੀਅਨ ਯੂਨਿਟ ਬਿਜਲੀ ਦੀ ਪੈਦਾਵਾਰ ਵੱਧ ਹੋਈ ਹੈ। ਪਿਛਲੇ ਸਾਲ ਇਸ ਅਰਸੇ ਦੌਰਾਨ ਇਹ ਪੈਦਾਵਾਰ 1806 ਮਿਲੀਅਨ ਯੂਨਿਟ ਸੀ। ਐਤਕੀਂ ਇਹ 2398 ਮਿਲੀਅਨ ਯੂਨਿਟ ਪੈਦਾਵਾਰ ਹੋਈ ਹੈ। ਪਿਛਲੇ ਸਾਲ ਅਗਸਤ 'ਚ 481 ਮਿਲੀਅਨ ਯੂਨਿਟ ਉਤਪਾਦਨ ਦੇ ਮੁਕਾਬਲੇ ਐਤਕੀਂ ਉਤਪਾਦਨ 675 ਮਿਲੀਅਨ ਯੂਨਿਟ ਰਿਹਾ ਹੈ, ਜੋ ਕਿ 40 ਫੀਸਦੀ ਵੱਧ ਹੈ।ਦੱਸਣਯੋਗ ਹੈ ਕਿ ਪਾਵਰਕਾਮ ਦੇ ਆਪਣੇ 5 ਹਾਈਡਲ ਪ੍ਰਾਜੈਕਟਾਂ ਦੇ ਕੁੱਲ 32 ਯੂਨਿਟ ਹਨ। ਐਤਕੀਂ ਕਈ ਸਾਲਾਂ ਬਾਅਦ ਇਹ ਸਾਰੇ ਹੀ ਯੂਨਿਟ ਪੂਰੀ ਸਮੱਰਥਾ ਨਾਲ ਬਿਜਲੀ ਪੈਦਾਵਾਰ ਕਰ ਰਹੇ ਹਨ। ਵੱਡੀ ਗੱਲ ਸ਼ਾਨਨ ਤੇ ਯੂ. ਬੀ. ਡੀ. ਸੀ. ਹਾਈਡਲ ਪ੍ਰਾਜੈਕਟਾਂ ਨੇ ਤਾਂ ਐਤਕੀਂ ਪੈਦਾਵਾਰ ਪੱਖੋਂ ਪਿਛਲੇ 5 ਸਾਲਾਂ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ। ਪਿਛਲੇ ਸਾਲ ਸ਼ਾਨਨ ਪ੍ਰਾਜੈਕਟ ਤੋਂ 298.74 ਮਿਲੀਅਨ ਯੂਨਿਟ ਪੈਦਾਵਾਰ ਦੇ ਮੁਕਾਬਲੇ ਐਤਕੀਂ 356.31 ਮਿਲੀਅਨ ਯੂਨਿਟ ਪੈਦਾਵਾਰ ਹੋਈ ਹੈ। ਇਸੇ ਤਰ੍ਹਾਂ ਹੀ ਯੂ. ਬੀ. ਡੀ. ਸੀ. ਪ੍ਰਾਜੈਕਟ ਤੋਂ ਪਿਛਲੇ ਸਾਲ ਉਤਪਾਦਨ 150.22 ਮਿਲੀਅਨ ਯੂਨਿਟ ਸੀ, ਜੋ ਐਤਕੀਂ  213.70 ਮਿਲੀਅਨ ਯੂਨਿਟ ਰਿਹਾ ਹੈ।
ਪ੍ਰਾਜੈਕਟ ਵਾਰ ਉਤਪਾਦਨ ਇਸ ਅਨੁਸਾਰ ਰਿਹਾ (1 ਅਪ੍ਰੈਲ ਤੋਂ 31 ਅਗਸਤ ਤੱਕ ਮਿਲੀਅਨ ਯੂਨਿਟ ਵਿਚ)
ਸਾਲ 2016 2017
ਸ਼ਾਨਨ 298.74 356.31
ਯੂ. ਬੀ. ਡੀ. ਸੀ. 150.22 213.70
ਏ. ਐੱਸ. ਐੈੱਚ. ਪੀ. 364.58 342.43
ਐੈੱਮ. ਐੈੱਚ. ਪੀ. 355.31 368.14
ਕੁੱਲ 1805.54 2397.59


Related News