ਸ਼ਹੀਦਾਂ ਦੇ ਪਰਿਵਾਰਾਂ ਨਾਲ ਖੜ੍ਹੀ ਪੰਜਾਬ ਸਰਕਾਰ, ਦੇ ਰਹੀ ਕਰੋੜ-ਕਰੋੜ ਰੁਪਏ

Wednesday, Sep 25, 2024 - 06:10 PM (IST)

ਸ਼ਹੀਦਾਂ ਦੇ ਪਰਿਵਾਰਾਂ ਨਾਲ ਖੜ੍ਹੀ ਪੰਜਾਬ ਸਰਕਾਰ, ਦੇ ਰਹੀ ਕਰੋੜ-ਕਰੋੜ ਰੁਪਏ

ਜਲੰਧਰ- ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਭਾਰਤੀ ਫ਼ੌਜ ਵਿਚ ਸ਼ਹੀਦ ਹੋਣ ਵਾਲੇ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਂਦੀ ਹੈ। ਮਾਨ ਸਰਕਾਰ ਵੱਲੋਂ ਸ਼ਹੀਦਾਂ ਦੇ ਵਾਰਸਾਂ ਨੂੰ 1 ਕਰੋੜ ਰੁਪਏ ਦੇਣ ਦੀ ਯੋਜਨਾ ਚਲਾਈ ਜਾ ਰਹੀ ਹੈ। ਇਸ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਫ਼ੌਜ ਦੇ ਜਵਾਨਾਂ ਘਰ ਜਾ ਕੇ ਉਨ੍ਹਾਂ ਦੇ ਵਾਰਸਾਂ ਨੂੰ 1-1 ਕਰੋੜ ਰੁਪਏ ਦੇ ਚੈੱਕ ਸੌਂਪ ਰਹੇ ਹਨ। ਇਸ ਦੇ ਨਾਲ ਹੀ ਪਰਿਵਾਰ ਦੀ ਮਦਦ ਲਈ ਹੋਰ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ। 

ਸੰਗਰੂਰ ਜ਼ਿਲ੍ਹੇ ਦੇ ਸੁਨਾਮ ਊਧਮ ਸਿੰਘ ਵਾਲਾ ਦੇ ਪਿੰਡ ਜਖੇਪਲ ਦੇ ਰਹਿਣ ਵਾਲੇ ਬਹਾਦਰ ਜਵਾਨ ਤਰਲੌਚਨ ਸਿੰਘ ਜੀ ਭਾਰਤੀ ਫ਼ੌਜ ਵਿਚ ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀ ਗਏ ਸਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਨ੍ਹਾਂ ਦੇ ਘਰ ਗਏ ਅਤੇ ਪਿਵਾਰ ਨਾਲ ਦੁੱਖ ਵੰਡਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹੀਦ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਸੌਂਪਿਆ ਅਤੇ ਭਵਿੱਖ ਵਿਚ ਵੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦੁਆਇਆ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਸ ਵੇਲੇ ਅਸੀਂ ਹੀਟਰ ਲਗਾ ਕੇ ਆਪਣੇ ਬੱਚਿਆਂ ਦੇ ਨਾਲ ਸੁੱਤੇ ਪਏ ਹੁੰਦੇ ਹਾਂ, ਉਸ ਵੇਲੇ ਫ਼ੌਜ ਦੇ ਜਵਾਨ ਕਾਰਗਿਲ ਦੇ ਵਿਚ ਮਨਫ਼ੀ 40 ਡਿਗਰੀ 'ਤੇ ਕੰਮ ਕਰ ਰਹੇ ਹੁੰਦੇ ਹਨ। ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੇ ਪਰਿਵਾਰਾਂ ਨੂੰ ਪਿੱਛੇ ਕੋਈ ਦਿੱਕਤ ਨਾ ਆਉਣ ਦਈਏ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ 1 ਕਰੋੜ ਰੁਪਈਆ ਦੇ ਕੇ ਵੀ ਉਸ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ, ਅਸੀਂ ਵੀ ਕਹਿੰਦੇ ਹਾਂ ਕਿ ਇਹ ਉਸ ਦੀ ਕੀਮਤ ਨਹੀਂ ਹੈ, ਪਰ ਘੱਟੋ-ਘੱਟ ਸ਼ਹੀਦ ਦਾ ਪਰਿਵਾਰ ਆਰਥਿਕ ਤੌਰ 'ਤੇ ਤਾਂ ਉੱਠ ਜਾਵੇ। 

ਸ਼ਹੀਦ ਤਰਲੌਚਨ ਸਿੰਘ ਦੇ ਪਿਤਾ ਰਾਜਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬੜੇ ਸ਼ੌਂਕ ਨਾਲ ਆਪਣੇ ਪੁੱਤ ਨੂੰ ਪੜ੍ਹਾਇਆ ਸੀ। ਤਰਲੌਚਨ ਦਾ ਸ਼ੁਰੂ ਤੋਂ ਹੀ ਫ਼ੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਸੁਫ਼ਨਾ ਸੀ। 2013 ਵਿਚ ਉਹ ਫ਼ੌਜ ਵਿਚ ਭਰਤੀ ਹੋ ਗਿਆ ਸੀ। ਲੇਹ ਦੇ ਵਿਚ 14 ਹਜ਼ਾਰ ਫੁੱਟ ਤੇ ਗਲੇਸ਼ੀਅਰ ਦੇ ਵਿਚ ਡਿਊਟੀ ਲੱਗੀ ਸੀ। ਸਾਨੂੰ ਤਾਂ 12-13 ਦਿਨ ਬਾਅਦ ਉਸ ਦੀ ਸ਼ਹਾਦਤ ਬਾਰੇ ਪਤਾ ਲੱਗਿਆ। ਉਨ੍ਹਾਂ ਦੱਸਿਆ ਕਿ ਤਰਲੌਚਨ 3 ਭੈਣਾਂ ਦਾ ਇਕਲੌਤਾ ਭਰਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਨ੍ਹਾਂ ਦੇ ਘਰ ਆਏ ਤੇ 1 ਕਰੋੜ ਰੁਪਏ ਦਾ ਚੈੱਕ ਸੌਂਪ ਕੇ ਗਏ। ਇਸ ਦੇ ਨਾਲ ਹੀ ਸਾਡੀ ਮੰਗ ਸੀ ਕਿ ਸਾਡੇ ਪੁੱਤ ਦਾ ਬੁੱਤ ਲਗਾ ਕੇ ਯਾਦਗੀਰੀ ਬਣਨੀ ਚਾਹੀਦੀ ਹੈ, ਸਟੇਡੀਅਮ, ਕੁੜੀਆਂ ਲਈ ਸਕੂਲ ਦਿੱਤਾ ਜਾਵੇ, ਇਸ ਨੂੰ ਉਨ੍ਹਾਂ ਵੱਲੋਂ ਮਨਜ਼ੂਰ ਕਰ ਲਿਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਡੀ ਕੁੜੀ ਨੂੰ ਨੌਕਰੀ ਦੇਣ ਦਾ ਵੀ ਐਲਾਨ ਕੀਤਾ। ਉਨ੍ਹਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਸਾਨੂੰ ਕਹਿ ਗਏ ਹਨ ਕਿ ਅਸੀਂ ਤੁਹਾਡੇ ਨਾਲ ਹਾਂ।  


author

Anmol Tagra

Content Editor

Related News