ਗਲਤ ਇੰਜੈਕਸ਼ਨ ਲੱਗਣ ਨਾਲ ਮਰੀਜ਼ ਦੀ ਮੌਤ

12/22/2017 5:09:59 AM

 ਅੰਮ੍ਰਿਤਸਰ,   (ਦਲਜੀਤ)-  ਗੁਰੂ ਨਾਨਕ ਦੇਵ ਹਸਪਤਾਲ ਦੇ ਸਰਜਰੀ ਵਾਰਡ ਨੰਬਰ 1 'ਚ ਅੱਜ ਇੰਜੈਕਸ਼ਨ ਲੱਗਣ ਤੋਂ ਬਾਅਦ ਮਰੀਜ਼ ਦੀ ਮੌਤ ਹੋ ਗਈ। ਮੌਤ ਦਾ ਜ਼ਿੰਮੇਵਾਰ ਡਾਕਟਰਾਂ ਨੂੰ ਠਹਿਰਾਇਆ ਗਿਆ ਹੈ। ਮਰੀਜ਼ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਵਾਰਡ ਦੇ ਇੰਚਾਰਜ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਤਾਂ ਡਾਕਟਰ ਨੇ ਧਮਕੀ ਦਿੱਤੀ ਕਿ ਚੁੱਪਚਾਪ ਚਲੇ ਜਾਓ, ਨਹੀਂ ਤਾਂ ਪੁਲਸ ਕੋਲ ਫੜਵਾ ਕੇ ਪਰਚਾ ਦਰਜ ਕਰਵਾ ਦੇਵਾਂਗੇ। ਉਧਰ ਦੂਜੇ ਪਾਸੇ ਵਿਭਾਗ ਦੇ ਮੁਖੀ ਨੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।
ਜਾਣਕਾਰੀ ਅਨੁਸਾਰ ਜੰਮੂ ਦੇ ਤ੍ਰਿਪਤਾ ਨਗਰ ਦੀ ਰਹਿਣ ਵਾਲੀ 45 ਸਾਲਾ ਤੋਸ਼ੀ ਨੂੰ ਪੇਟ ਵਿਚ ਰਸੌਲੀ ਦੀ ਸ਼ਿਕਾਇਤ ਸੀ। ਉਸ ਦੇ ਪਿੱਤੇ ਵਿਚ ਪੱਥਰੀ ਵੀ ਸੀ। ਤੋਸ਼ੀ ਦੇ ਪਤੀ ਮਨੋਹਰ ਲਾਲ ਤੇ ਉਸ ਦੀ ਭੈਣ ਤਾਰਾ ਰਾਣੀ ਨੇ ਦੱਸਿਆ ਕਿ ਤੋਸ਼ੀ ਨੂੰ ਸਰਜੀਕਲ ਵਾਰਡ ਨੰਬਰ 1 ਵਿਚ ਦਾਖਲ ਕਰਵਾਇਆ ਗਿਆ ਸੀ। ਬੁੱਧਵਾਰ ਨੂੰ ਡਾਕਟਰਾਂ ਨੇ ਉਸ ਦਾ ਆਪ੍ਰੇਸ਼ਨ ਕਰ ਕੇ ਰਸੌਲੀ ਕੱਢ ਦਿੱਤੀ, ਇਸ ਤੋਂ ਬਾਅਦ ਹੀ ਉਸ ਨੂੰ ਤੇਜ਼ ਦਰਦ ਹੋ ਰਿਹਾ ਸੀ, ਉਨ੍ਹਾਂ ਨੇ ਡਾਕਟਰ ਨੂੰ ਇਸ ਸਬੰਧ ਵਿਚ ਦੱਸਿਆ। ਵੀਰਵਾਰ ਦੀ ਸਵੇਰ ਤਕਰੀਬਨ ਸਾਢੇ 5 ਵਜੇ ਇਕ ਮਹਿਲਾ ਡਾਕਟਰ ਨੇ ਤੋਸ਼ੀ ਨੂੰ ਇੰਜੈਕਸ਼ਨ ਲਾਇਆ। ਇੰਜੈਕਸ਼ਨ ਲੱਗਣ ਦੇ ਕੁਝ ਸਮਾਂ ਬਾਅਦ ਹੀ ਉਸ ਦੇ ਮੂੰਹ 'ਚੋਂ ਝੱਗ ਨਿਕਲਣ ਲੱਗੀ। ਦੇਖਦੇ ਹੀ ਦੇਖਦੇ ਉਸ ਨੇ ਤੜਫ਼-ਤੜਫ਼ ਕੇ ਦਮ ਤੋੜ ਦਿੱਤਾ।
ਮਨੋਹਰ ਲਾਲ ਤੇ ਤਾਰਾ ਰਾਣੀ ਅਨੁਸਾਰ ਉਨ੍ਹਾਂ ਨੂੰ ਸ਼ੱਕ ਹੈ ਕਿ ਲੇਡੀ ਡਾਕਟਰ ਵੱਲੋਂ ਗਲਤ ਇੰਜੈਕਸ਼ਨ ਲਾਉਣ ਦੀ ਵਜ੍ਹਾ ਨਾਲ ਤੋਸ਼ੀ ਦੀ ਜਾਨ ਗਈ ਹੈ। ਉਹ ਰਾਤ ਨੂੰ ਬਿਲਕੁਲ ਠੀਕ ਸੀ। ਸਾਰਿਆਂ ਨਾਲ ਗੱਲ ਵੀ ਕਰ ਰਹੀ ਸੀ। ਅਸੀਂ 2 ਦਿਨ ਬਾਅਦ ਇਥੋਂ ਛੁੱਟੀ ਲੈ ਕੇ ਘਰ ਜਾਣ ਵਾਲੇ ਸੀ ਪਰ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਲਾਸ਼ ਚੁੱਕਣ ਨੂੰ ਮਜਬੂਰ ਹੋ ਗਏ। ਮਨੋਹਰ ਲਾਲ ਨੇ ਦੱਸਿਆ ਕਿ ਉਹ ਆਪਣੀ ਪਤਨੀ ਦੀ ਮੌਤ ਸਬੰਧੀ ਸ਼ਿਕਾਇਤ ਲੈ ਕੇ ਜਦੋਂ ਵਾਰਡ ਦੇ ਇੰਚਾਰਜ ਕੋਲ ਗਏ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਦਿਲਾਸਾ ਦੇਣ ਦੀ ਬਜਾਏ ਧਮਕੀ ਦੇ ਦਿੱਤੀ ਕਿ ਚੁੱਪਚਾਪ ਇਥੋਂ ਚਲੇ ਜਾਓ, ਨਹੀਂ ਤਾਂ ਪੁਲਸ ਨੂੰ ਸੱਦ ਕੇ ਫੜਵਾ ਦੇਵਾਂਗੇ ਅਤੇ ਮਰੀਜ਼ ਦਾ ਵੀ ਪੋਸਟਮਾਰਟਮ ਕਰਵਾ ਦੇਵਾਂਗੇ।
ਮਰੀਜ਼ ਸਬੰਧੀ ਰਜਿੰਦਰ ਸ਼ਰਮਾ ਰਾਜੂ ਨੇ ਕਿਹਾ ਕਿ ਸਰਕਾਰੀ ਹਸਪਤਾਲ ਵਿਚ ਮੁਫਤ ਦਵਾਈਆਂ ਦੇ ਕੇ ਟੈਸਟ ਕੀਤੇ ਜਾਂਦੇ ਹਨ ਪਰ ਫਿਰ ਵੀ ਉਕਤ ਵਾਰਡ ਵਿਚ 15 ਹਜ਼ਾਰ ਤੋਂ ਵੱਧ ਪੈਸੇ ਖਰਚ ਕਰਵਾ ਕੇ ਮਰੀਜ਼ ਦਾ ਆਪ੍ਰੇਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡਾ. ਸੁਦਰਸ਼ਨ ਕਪੂਰ ਦਾ ਵਤੀਰਾ ਮਰੀਜ਼ਾਂ ਪ੍ਰਤੀ ਬੇਹੱਦ ਖ਼ਰਾਬ ਹੈ। ਮਰੀਜ਼ਾਂ ਦੇ ਜ਼ਖਮਾਂ 'ਤੇ ਮੱਲ੍ਹਮ ਲਾਉਣ ਦੀ ਬਜਾਏ ਉਹ ਉਨ੍ਹਾਂ ਨੂੰ ਧੱਕੇ ਮਾਰ ਰਹੇ ਹਨ। ਉਨ੍ਹਾਂ ਨੇ ਇਸ ਸਬੰਧੀ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਵੀ ਸ਼ਿਕਾਇਤ ਕਰ ਦਿੱਤੀ ਹੈ।
ਕੀ ਕਹਿੰਦੇ ਹਨ ਇੰਚਾਰਜ?
ਸਰਜੀਕਲ ਵਾਰਡ ਨੰਬਰ 1 ਦੇ ਇੰਚਾਰਜ ਡਾ. ਸੁਦਰਸ਼ਨ ਕਪੂਰ ਨੇ ਕਿਹਾ ਕਿ ਉਨ੍ਹਾਂ ਨੇ ਹੀ ਇਸ ਔਰਤ ਦਾ ਆਪ੍ਰੇਸ਼ਨ ਕੀਤਾ ਸੀ, ਸਭ ਕੁਝ ਠੀਕ-ਠਾਕ ਸੀ। ਤੋਸ਼ੀ ਨੂੰ ਸਵੇਰੇ ਦਰਦ ਨਿਵਾਰਕ ਇੰਜੈਕਸ਼ਨ ਲਾਇਆ ਗਿਆ ਸੀ। ਇਹ ਇੰਜੈਕਸ਼ਨ ਦਰਜਨਾਂ ਮਰੀਜ਼ਾਂ ਨੂੰ ਵੀ ਲਾਇਆ ਗਿਆ। ਇੰਜੈਕਸ਼ਨ ਲੱਗਣ ਨਾਲ ਜੇਕਰ ਉਸ ਦੀ ਮੌਤ ਹੋਈ ਹੁੰਦੀ ਤਾਂ ਸਾਫ਼ ਹੈ ਕਿ ਬਾਕੀ ਮਰੀਜ਼ਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਸੀ। ਮੁੱਢਲੀ ਜਾਂਚ ਵਿਚ ਇਹ ਸਾਹਮਣੇ ਆਇਆ ਕਿ ਤੋਸ਼ੀ ਦੇ ਫੇਫੜਿਆਂ ਵਿਚ ਇਨਫੈਕਸ਼ਨ ਹੋਇਆ ਸੀ। ਹੋ ਸਕਦਾ ਹੈ ਕਿ ਇਸ ਵਜ੍ਹਾ ਨਾਲ ਉਸ ਦੀ ਜਾਨ ਗਈ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਲਾਏ ਗਏ ਦੋਸ਼ ਝੂਠੇ ਅਤੇ ਬੇਬੁਨਿਆਦ ਹਨ।


Related News