Punjab: ਹੋਟਲਾਂ ''ਚ ਚੱਲ ਰਿਹਾ ਸੀ ''ਗਲਤ ਕੰਮ''! ਉੱਪਰੋਂ ਆ ਗਈ ਪੁਲਸ, 12 ਕੁੜੀਆਂ-ਮੁੰਡੇ...

Monday, Dec 22, 2025 - 03:12 PM (IST)

Punjab: ਹੋਟਲਾਂ ''ਚ ਚੱਲ ਰਿਹਾ ਸੀ ''ਗਲਤ ਕੰਮ''! ਉੱਪਰੋਂ ਆ ਗਈ ਪੁਲਸ, 12 ਕੁੜੀਆਂ-ਮੁੰਡੇ...

ਮਾਨਸਾ (ਸੰਦੀਪ ਮਿੱਤਲ)- ਮਾਨਸਾ ਪੁਲਸ ਨੇ ਸ਼ਹਿਰ ਦੇ ਲਗਭਗ ਅੱਧਾ ਦਰਜਨ ਹੋਟਲਾਂ ’ਤੇ ਛਾਪੇਮਾਰੀ ਕੀਤੀ ਅਤੇ ਲਗਭਗ ਇਕ ਦਰਜਨ ਮੁੰਡਿਆਂ ਅਤੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮਾਨਸਾ ਪੁਲਸ ਨੇ ਸ਼ਹਿਰ ਦੇ ਇਕ ਹੋਟਲ ’ਤੇ ਛਾਪਾਮਾਰੀ ਕੀਤੀ ਅਤੇ ਲਗਭਗ ਇਕ ਦਰਜਨ ਮੁੰਡਿਆਂ ਅਤੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ।

ਮਹਿਲਾ ਪੁਲਸ ਇੰਸਪੈਕਟਰ ਰੁਪਿੰਦਰ ਕੌਰ ਨੇ ਦੱਸਿਆ ਕਿ ਪੁਲਸ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਸ਼ਹਿਰ ਦੇ ਕਈ ਹੋਟਲਾਂ ਵਿਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ, ਜਿਸ ਕਾਰਨ ਅੱਜ ਮਾਨਸਾ ਦੇ ਕਈ ਹੋਟਲਾਂ ’ਤੇ ਛਾਪੇਮਾਰੀ ਕੀਤੀ ਗਈ ਅਤੇ ਇਨ੍ਹਾਂ ਹੋਟਲਾਂ ਤੋਂ ਮੁੰਡਿਆਂ ਅਤੇ ਕੁੜੀਆਂ ਨੂੰ ਗ੍ਰਿਫ]ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਮਾਮਲੇ ’ਚ ਮੁਲਜ਼ਮ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਗੈਰ-ਕਾਨੂੰਨੀ ਸਰਗਰਮੀਆਂ ਰੋਕਣ ਲਈ ਕੀਤੀ ਛਾਪੇਮਾਰੀ : SSP

ਮਾਨਸਾ ਜ਼ਿਲੇ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਈ ਰੱਖਣ ਅਤੇ ਹੋਟਲਾਂ ਦੀ ਆੜ ’ਚ ਹੋ ਰਹੀਆਂ ਗੈਰ-ਕਾਨੂੰਨੀ, ਅਣਅਖਲਾਕੀ ਤੇ ਸ਼ੱਕੀ ਸਰਗਰਮੀਆਂ ’ਤੇ ਰੋਕ ਲਗਾਉਣ ਲਈ ਪੁਲਸ ਵੱਲੋਂ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ ਗਈ। ਇਹ ਕਾਰਵਾਈ ਐੱਸ. ਐੱਸ. ਪੀ. ਭਾਗੀਰਥ ਸਿੰਘ ਮੀਨਾ ਦੀ ਅਗਵਾਈ ਅਤੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਚਾਨਕ ਅਮਲ ’ਚ ਲਿਆਂਦੀ ਗਈ, ਜਿਸ ਨਾਲ ਹੋਟਲ ਮਾਲਕਾਂ ਅਤੇ ਅਸਮਾਜਿਕ ਤੱਤਾਂ ’ਚ ਹੜਕੰਪ ਮਚ ਗਿਆ।

ਪੁਲਸ ਟੀਮਾਂ ਨੇ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਸਥਿਤ ਕਈ ਹੋਟਲਾਂ, ਗੈਸਟ ਹਾਊਸਾਂ ਅਤੇ ਸਰਾਵਾਂ ਦੀ ਗਹਿਰਾਈ ਨਾਲ ਜਾਂਚ ਕੀਤੀ। ਇਸ ਦੌਰਾਨ ਕਈ ਪ੍ਰੇਮੀ ਜੋੜੇ ਕਾਬੂ ਕੀਤੇ ਗਏ, ਜਿਨ੍ਹਾਂ ਦੀ ਪਛਾਣ ਸਬੰਧੀ ਦਸਤਾਵੇਜ਼ਾਂ ਦੀ ਜਾਂਚ ਕਰ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਪੁਲਸ ਅਧਿਕਾਰੀਆਂ ਮੁਤਾਬਕ ਇਹ ਜਾਂਚ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕੀਤੀ ਗਈ ਕਿ ਕੋਈ ਵੀ ਵਿਅਕਤੀ ਗਲਤ ਉਦੇਸ਼ਾਂ ਲਈ ਹੋਟਲਾਂ ਦੀ ਵਰਤੋਂ ਨਾ ਕਰ ਸਕੇ। ਛਾਪੇਮਾਰੀ ਦੌਰਾਨ ਕਈ ਹੋਟਲਾਂ ’ਚ ਰਜਿਸਟਰਾਂ ਦੀ ਸੰਭਾਲ ਢੰਗ ਨਾਲ ਨਾ ਹੋਣਾ ਅਤੇ ਨਿਯਮਾਂ ਦੀ ਉਲੰਘਣਾ ਵਰਗੀਆਂ ਖਾਮੀਆਂ ਸਾਹਮਣੇ ਆਈਆਂ। ਇਨ੍ਹਾਂ ਮਾਮਲਿਆਂ ’ਚ ਸਬੰਧਤ ਹੋਟਲ ਮਾਲਕਾਂ ਅਤੇ ਮੈਨੇਜਮੈਂਟ ਖਿਲਾਫ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਭਵਿੱਖ ’ਚ ਜੇਕਰ ਕਿਸੇ ਹੋਟਲ ਨੇ ਨਿਯਮਾਂ ਦੀ ਅਣਦੇਖੀ ਕੀਤੀ ਤਾਂ ਉਸ ਖਿਲਾਫ ਹੋਰ ਵੀ ਸਖਤ ਕਾਰਵਾਈ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਨੇ ਕਿਹਾ ਕਿ ਸਮਾਜ ’ਚ ਅਪਰਾਧਿਕ ਸਰਗਰਮੀਆਂ ਨੂੰ ਕਿਸੇ ਵੀ ਸੂਰਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੋਟਲਾਂ ਦੀ ਆੜ ’ਚ ਜੇਕਰ ਕੋਈ ਮਾੜਾ ਅਨਸਰ ਗੈਰ-ਕਾਨੂੰਨੀ ਕੰਮ ਕਰਦਾ ਮਿਲਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਿੱਧਾ ਕਾਨੂੰਨ ਅਨੁਸਾਰ ਸਖਤ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲਾ ਪੁਲਸ ਆਮ ਲੋਕਾਂ ਦੀ ਸੁਰੱਖਿਆ ਅਤੇ ਨੌਜਵਾਨਾਂ ਦੇ ਭਵਿੱਖ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਮੁਹਿੰਮ ਸਿਰਫ ਇਕ ਦਿਨ ਦੀ ਨਹੀਂ, ਸਗੋਂ ਲਗਾਤਾਰ ਚਲਾਈ ਜਾਵੇਗੀ। ਅਗਲੇ ਦਿਨਾਂ ’ਚ ਵੀ ਹੋਟਲਾਂ, ਢਾਬਿਆਂ ਅਤੇ ਹੋਰ ਰਿਹਾਇਸ਼ੀ ਥਾਵਾਂ ’ਤੇ ਅਚਾਨਕ ਜਾਂਚ ਕੀਤੀ ਜਾਵੇਗੀ, ਤਾਂ ਜੋ ਗੈਰ-ਸਮਾਜਿਕ ਤੱਤਾਂ ਵਿਚ ਡਰ ਬਣਿਆ ਰਹੇ। ਉਨ੍ਹਾਂ ਹੋਟਲ ਮਾਲਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਗਾਹਕਾਂ ਦੀ ਪੂਰੀ ਪਛਾਣ, ਰਿਕਾਰਡ ਦੀ ਸੰਭਾਲ ਅਤੇ ਕਾਨੂੰਨੀ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਅੰਤ ’ਚ ਐੱਸ. ਐੱਸ. ਪੀ. ਮੀਨਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਕੋਈ ਸ਼ੱਕੀ ਗਤੀਵਿਧੀ ਨਜ਼ਰ ਆਏ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੁਲਸ ਅਤੇ ਜਨਤਾ ਦੇ ਸਹਿਯੋਗ ਨਾਲ ਹੀ ਸਮਾਜ ਨੂੰ ਸੁਰੱਖਿਅਤ, ਸੁਚੱਜਾ ਅਤੇ ਅਪਰਾਧ ਮੁਕਤ ਬਣਾਇਆ ਜਾ ਸਕਦਾ ਹੈ।
 


author

Anmol Tagra

Content Editor

Related News