ਡਾਕਟਰਾਂ ਲਈ ਵੱਡੇ ਖ਼ਤਰੇ ਦੀ ਘੰਟੀ! ਲੰਬੀਆਂ ਡਿਊਟੀਆਂ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ, ਪੜ੍ਹੋ ਕੀ ਹੈ ਪੂਰੀ ਖ਼ਬਰ
Monday, Jul 27, 2026 - 10:19 AM (IST)
ਚੰਡੀਗੜ੍ਹ (ਪਾਲ) : ਮੈਡੀਕਲ ਸਿੱਖਿਆ ਅਤੇ ਟ੍ਰੇਨਿੰਗ ਨੂੰ ਦੇਸ਼ ਦੇ ਸਭ ਤੋਂ ਔਖੇ ਅਤੇ ਤਣਾਅਪੂਰਨ ਪੇਸ਼ਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਲੰਬੀਆਂ ਡਿਊਟੀਆਂ, ਪੜ੍ਹਾਈ ਅਤੇ ਕੰਮ ਦਾ ਲਗਾਤਾਰ ਦਬਾਅ, ਮਰੀਜ਼ਾਂ ਦੀ ਜ਼ਿੰਮੇਵਾਰੀ, ਨੀਂਦ ਦੀ ਘਾਟ, ਨਿੱਜੀ ਜ਼ਿੰਦਗੀ ਦੀਆਂ ਚੁਣੌਤੀਆਂ ਅਤੇ ਭਵਿੱਖ ਨੂੰ ਲੈ ਕੇ ਚਿੰਤਾ ਟ੍ਰੇਨੀ ਡਾਕਟਰਾਂ ਦੀ ਮਾਨਸਿਕ ਸਿਹਤ ’ਤੇ ਗੰਭੀਰ ਅਸਰ ਪਾ ਰਹੀਆਂ ਹਨ। ਇਸੇ ਪਿਛੋਕੜ 'ਚ ਪੀ. ਜੀ. ਆਈ. ਦੇ ਮਨੋਚਿਕਿਤਸਾ ਵਿਭਾਗ ਨੇ ਟ੍ਰੇਨੀ ਡਾਕਟਰਾਂ 'ਚ ਖ਼ੁਦਕੁਸ਼ੀ ਅਤੇ ਸਵੈ-ਨੁਕਸਾਨ (ਸੈਲਫ-ਹਾਰਮ) ਦੇ ਵੱਧਦੇ ਖ਼ਤਰੇ ਨੂੰ ਸਮਝਣ ਅਤੇ ਇਸ ਦੀ ਰੋਕਥਾਮ ਲਈ ਇੱਕ ਵਿਸਤ੍ਰਿਤ ਰੋਕਥਾਮ ਢਾਂਚਾ (ਪ੍ਰਿਵੈਂਸ਼ਨ ਫਰੇਮਵਰਕ) ਤਿਆਰ ਕੀਤਾ ਹੈ। ਇਹ ਖੋਜ ਪ੍ਰੋ. ਸ਼ੁਭ ਮੋਹਨ ਸਿੰਘ ਅਤੇ ਨਿਧੀ ਯਾਦਵ ਵੱਲੋਂ ਕੀਤੀ ਗਈ ਹੈ। ਖੋਜ ਅਨੁਸਾਰ ਟ੍ਰੇਨੀ ਡਾਕਟਰਾਂ 'ਚ ਖ਼ੁਦਕੁਸ਼ੀ ਜਾਂ ਸਵੈ-ਨੁਕਸਾਨ ਪਿੱਛੇ ਕੋਈ ਇੱਕ ਕਾਰਨ ਨਹੀਂ ਹੁੰਦਾ, ਸਗੋਂ ਸਮਾਜਿਕ, ਨਿੱਜੀ ਅਤੇ ਕੰਮਕਾਜੀ ਕਾਰਕ ਮਿਲ ਕੇ ਇਸ ਖ਼ਤਰੇ ਨੂੰ ਵਧਾਉਂਦੇ ਹਨ। ਮਾਹਿਰਾਂ ਨੇ ਅਜਿਹਾ ਢਾਂਚਾ ਪੇਸ਼ ਕੀਤਾ ਹੈ, ਜਿਸ ਦੀ ਮਦਦ ਨਾਲ ਮੈਡੀਕਲ ਸੰਸਥਾਵਾਂ ਜੋਖਮ ਵਾਲੇ ਕਾਰਕਾਂ ਦੀ ਸਮੇਂ ਸਿਰ ਪਛਾਣ ਕਰਕੇ ਪ੍ਰਭਾਵਸ਼ਾਲੀ ਰੋਕਥਾਮ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਤੋਂ ਭਾਰੀ ਮੀਂਹ ਦੀ ਚਿਤਾਵਨੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ, ਇਨ੍ਹਾਂ ਤਾਰੀਖ਼ਾਂ ਨੂੰ...
ਖ਼ੁਦਕੁਸ਼ੀ ਦਾ ਵੱਧਦਾ ਬੋਝ, ਟ੍ਰੇਨੀ ਡਾਕਟਰ ਵੀ ਪ੍ਰਭਾਵਿਤ
ਖੋਜ ਮੁਤਾਬਕ ਭਾਰਤ 'ਚ ਖ਼ੁਦਕੁਸ਼ੀ ਇੱਕ ਗੰਭੀਰ ਜਨ-ਸਿਹਤ ਚੁਣੌਤੀ ਬਣ ਚੁੱਕੀ ਹੈ ਅਤੇ ਮੈਡੀਕਲ ਵਿਦਿਆਰਥੀ ਤੇ ਟ੍ਰੇਨੀ ਡਾਕਟਰ ਵੀ ਇਸ ਤੋਂ ਅਛੂਤੇ ਨਹੀਂ ਹਨ। ਨੈਸ਼ਨਲ ਮੈਡੀਕਲ ਕਮਿਸ਼ਨ ਦੇ ਅੰਕੜਿਆਂ ਦੇ ਹਵਾਲੇ ਨਾਲ ਖੋਜ 'ਚ ਦੱਸਿਆ ਗਿਆ ਹੈ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਕਈ ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਮੈਡੀਕਲ ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਸਲ ਗਿਣਤੀ ਇਸ ਤੋਂ ਵੀ ਵੱਧ ਹੋ ਸਕਦੀ ਹੈ ਕਿਉਂਕਿ ਕਈ ਮਾਮਲੇ ਦਰਜ ਹੀ ਨਹੀਂ ਹੁੰਦੇ। ਖੋਜ ਅਨੁਸਾਰ ਲੰਬੇ ਸਮੇਂ ਤੱਕ ਡਿਊਟੀ, ਪ੍ਰੀਖਿਆਵਾਂ ਦਾ ਦਬਾਅ, ਕਰੀਅਰ ਦੀ ਚਿੰਤਾ, ਮਰੀਜ਼ਾਂ ਦੀ ਜ਼ਿੰਮੇਵਾਰੀ, ਸੀਨੀਅਰਾਂ ਅਤੇ ਸਹਿਕਰਮੀਆਂ ਨਾਲ ਸਬੰਧਾਂ 'ਚ ਤਣਾਅ ਅਤੇ ਨਿੱਜੀ ਜੀਵਨ ਦੀਆਂ ਸਮੱਸਿਆਵਾਂ ਟ੍ਰੇਨੀ ਡਾਕਟਰਾਂ ਦੀ ਮਾਨਸਿਕ ਸਿਹਤ ਨੂੰ ਗੰਭੀਰ ਤੌਰ ’ਤੇ ਪ੍ਰਭਾਵਿਤ ਕਰਦੀਆਂ ਹਨ।
ਪਰਿਵਾਰਕ ਸਮੱਸਿਆਵਾਂ ਤੋਂ ਲੈ ਕੇ ਡਿਪਰੈਸ਼ਨ ਅਤੇ ਨਸ਼ੇ ਤੱਕ ਕਈ ਜੋਖਮ ਕਾਰਕ
ਖੋਜ 'ਚ ਖ਼ੁਦਕੁਸ਼ੀ ਨਾਲ ਜੁੜੇ ਜੋਖਮ ਕਾਰਕਾਂ ਨੂੰ ਸਮਾਜਿਕ, ਨਿੱਜੀ ਅਤੇ ਕੰਮਕਾਜੀ ਮਾਹੌਲ ਦੇ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ। ਸਮਾਜਿਕ ਕਾਰਕਾਂ ’ਚ ਆਰਥਿਕ ਤੰਗੀ, ਪਰਿਵਾਰਕ ਟੁੱਟ-ਫੁੱਟ, ਤਲਾਕ, ਪਰਿਵਾਰ ਵਿੱਚ ਮਾਨਸਿਕ ਬਿਮਾਰੀ, ਪਰਿਵਾਰ ਦੇ ਕਿਸੇ ਮੈਂਬਰ ਵੱਲੋਂ ਪਹਿਲਾਂ ਕੀਤੀ ਖ਼ੁਦਕੁਸ਼ੀ ਜਾਂ ਕੋਸ਼ਿਸ਼, ਵਿਆਹੁਤਾ ਕਲੇਸ਼ ਅਤੇ ਸਮਾਜਿਕ ਸਹਿਯੋਗ ਦੀ ਘਾਟ ਸ਼ਾਮਲ ਹਨ। ਨਿੱਜੀ ਕਾਰਕਾਂ ’ਚ ਡਿਪਰੈਸ਼ਨ, ਚਿੰਤਾ ਰੋਗ (ਐਂਗਜ਼ਾਇਟੀ), ਹੋਰ ਮਾਨਸਿਕ ਬਿਮਾਰੀਆਂ, ਲੰਬੇ ਸਮੇਂ ਦੀਆਂ ਸਰੀਰਕ ਬੀਮਾਰੀਆਂ, ਨਸ਼ੇ ਦੀ ਆਦਤ, ਸ਼ਖ਼ਸੀਅਤ ਨਾਲ ਸਬੰਧਿਤ ਵਿਕਾਰ, ਗੁੱਸਾ, ਆਵੇਗਪੂਰਨ ਵਿਵਹਾਰ ਅਤੇ ਪਹਿਲਾਂ ਸਵੈ-ਨੁਕਸਾਨ ਦਾ ਇਤਿਹਾਸ ਸ਼ਾਮਲ ਹੈ।
ਇਸ ਤੋਂ ਇਲਾਵਾ ਘਾਤਕ ਸਾਧਨਾਂ ਤੱਕ ਆਸਾਨ ਪਹੁੰਚ ਅਤੇ ਖ਼ੁਦਕੁਸ਼ੀ ਪ੍ਰਤੀ ਵਿਅਕਤੀ ਦੀ ਸੋਚ ਵੀ ਜੋਖਮ ਵਧਾ ਸਕਦੀ ਹੈ। ਕੰਮਕਾਜੀ ਮਾਹੌਲ ਨਾਲ ਜੁੜੇ ਕਾਰਕਾਂ ’ਚ ਕੰਮ ਅਤੇ ਨਿੱਜੀ ਜੀਵਨ ਵਿਚਕਾਰ ਸੰਤੁਲਨ ਦੀ ਘਾਟ, ਲਗਾਤਾਰ ਤਣਾਅ, ਰਿਹਾਇਸ਼ ਜਾਂ ਕਾਰਜਸਥਾਨ ਦੀਆਂ ਸਮੱਸਿਆਵਾਂ, ਪਰਿਵਾਰ ਤੋਂ ਦੂਰੀ, ਭੇਦਭਾਵ, ਪੀੜਤ ਬਣਾਉਣ ਵਾਲਾ ਵਿਵਹਾਰ (ਵਿਕਟਮਾਈਜ਼ੇਸ਼ਨ) ਅਤੇ ਜ਼ਹਿਰੀਲਾ ਕੰਮਕਾਜੀ ਮਾਹੌਲ ਸ਼ਾਮਲ ਹਨ। ਖੋਜ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਖ਼ੁਦਕੁਸ਼ੀ ਤੋਂ ਪਹਿਲਾਂ ਕਈ ਚਿਤਾਵਨੀ ਸੰਕੇਤ ਨਜ਼ਰ ਆ ਸਕਦੇ ਹਨ, ਜਿਵੇਂ ਲਗਾਤਾਰ ਉਦਾਸ ਰਹਿਣਾ, ਵਿਵਹਾਰ ਵਿੱਚ ਅਚਾਨਕ ਤਬਦੀਲੀ, ਲੋਕਾਂ ਤੋਂ ਦੂਰੀ ਬਣਾਉਣਾ, ਕੰਮ ਜਾਂ ਪੜ੍ਹਾਈ ਵਿੱਚ ਰੁਚੀ ਘਟ ਜਾਣਾ, ਆਪਣੀਆਂ ਕੀਮਤੀ ਵਸਤਾਂ ਦੂਜਿਆਂ ਨੂੰ ਦੇ ਦੇਣਾ ਅਤੇ ਮੌਤ ਜਾਂ ਖ਼ੁਦਕੁਸ਼ੀ ਬਾਰੇ ਗੱਲਾਂ ਕਰਨਾ। ਅਜਿਹੇ ਸੰਕੇਤਾਂ ਨੂੰ ਕਦੇ ਵੀ ਅਣਡਿੱਠਾ ਨਹੀਂ ਕਰਨਾ ਚਾਹੀਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
