ਚੰਡੀਗੜ੍ਹ ਦੇ ਵੱਡੇ ਹਸਪਤਾਲ ''ਚ ਡਾਕਟਰ ਨੇ ਕੀਤੀ ਖ਼ੁਦਕੁਸ਼ੀ, 6ਵੀਂ ਮੰਜ਼ਿਲ ਤੋਂ ਮਾਰੀ ਛਾਲ

Wednesday, Jul 22, 2026 - 10:56 AM (IST)

ਚੰਡੀਗੜ੍ਹ ਦੇ ਵੱਡੇ ਹਸਪਤਾਲ ''ਚ ਡਾਕਟਰ ਨੇ ਕੀਤੀ ਖ਼ੁਦਕੁਸ਼ੀ, 6ਵੀਂ ਮੰਜ਼ਿਲ ਤੋਂ ਮਾਰੀ ਛਾਲ

ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ (ਜੀ. ਐੱਮ. ਸੀ. ਐੱਚ.-32) ’ਚ ਮੰਗਲਵਾਰ ਸ਼ਾਮ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇਕ ਰੈਜ਼ੀਡੈਂਟ ਡਾਕਟਰ ਨੇ ਈ-ਬਲਾਕ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਗੰਭੀਰ ਰੂਪ ’ਚ ਜ਼ਖ਼ਮੀ ਡਾਕਟਰ ਨੂੰ ਤੁਰੰਤ ਐਮਰਜੈਂਸੀ ’ਚ ਦਾਖ਼ਲ ਕਰਵਾਇਆ ਗਿਆ ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੇਰ ਰਾਤ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਡਾ. ਕਰਨ ਸਿੰਘ ਸੰਧੂ ਵਾਸੀ ਸੈਕਟਰ-32 ਚੰਡੀਗੜ੍ਹ ਵਜੋਂ ਹੋਈ ਹੈ। ਸੈਕਟਰ-34 ਥਾਣਾ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ’ਚ ਰਖਵਾ ਦਿੱਤਾ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਡਾ. ਕਰਨ ਦਾ ਮੋਬਾਇਲ ਫੋਨ ਤੇ ਲੈਪਟਾਪ ਕਬਜ਼ੇ ’ਚ ਲੈ ਲਿਆ ਹੈ ਤਾਂ ਜੋ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਾਇਆ ਜਾ ਸਕੇ। ਲਗਾਤਾਰ ਸਾਹਮਣੇ ਆ ਰਹੀਆਂ ਅਜਿਹੀਆਂ ਘਟਨਾਵਾਂ ਨੇ ਮੈਡੀਕਲ ਵਿਦਿਆਰਥੀਆਂ ਤੇ ਰੈਜ਼ੀਡੈਂਟ ਡਾਕਟਰਾਂ 'ਤੇ ਪੈ ਰਹੇ ਮਾਨਸਿਕ ਦਬਾਅ ਤੇ ਕਾਰਜਕਾਰੀ ਮਾਹੌਲ ਨੂੰ ਲੈ ਕੇ ਇਕ ਵਾਰ ਫਿਰ ਗੰਭੀਰ ਚਰਚਾ ਛੇੜ ਦਿੱਤੀ ਹੈ। ਪੁਲਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ ਦੀ ਚੱਲਦੀ ਬੱਸ 'ਚ ਵੱਡਾ ਹਾਦਸਾ, ਸਵਾਰੀਆਂ ਦੀਆਂ ਚੀਕਾਂ ਸੁਣ ਭੱਜੇ ਲੋਕ
ਘਰ ਤੋਂ ਹਸਪਤਾਲ ਗਿਆ, ਕੁੱਝ ਹੀ ਮਿੰਟਾਂ ਬਾਅਦ ਵਾਪਰਿਆ ਹਾਦਸਾ
ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਨੇ ਦੱਸਿਆ ਕਿ ਡਾ. ਕਰਨ ਸਿੰਘ ਸੰਧੂ ਜੀ. ਐੱਮ. ਸੀ. ਐੱਚ.-32 ’ਚ 2022 ਬੈਚ ਦਾ ਰੈਜ਼ੀਡੈਂਟ ਡਾਕਟਰ ਸੀ ਅਤੇ ਚੌਥੇ ਸਾਲ ਦੇ ਸਮੈਸਟਰ ਦੀ ਪੜ੍ਹਾਈ ਕਰ ਰਿਹਾ ਸੀ। ਉਨ੍ਹਾਂ ਮੁਤਾਬਕ ਕਰਨ ਸਾਰਾ ਦਿਨ ਘਰ ’ਚ ਹੀ ਸੀ। ਮੰਗਲਵਾਰ ਸ਼ਾਮ ਕਰੀਬ 7.30 ਵਜੇ ਉਹ ਘਰ ਤੋਂ ਹਸਪਤਾਲ ਲਈ ਨਿਕਲਿਆ ਤੇ ਈ-ਬਲਾਕ ਸਥਿਤ ਲਾਇਬ੍ਰੇਰੀ ’ਚ ਗਿਆ। ਪਰਿਵਾਰ ਮੁਤਾਬਕ ਕੁੱਝ ਸਮੇਂ ਬਾਅਦ ਉਹ ਛੇਵੀਂ ਮੰਜ਼ਿਲ ’ਤੇ ਪਹੁੰਚਿਆ ਅਤੇ ਉੱਥੋਂ ਹੇਠਾਂ ਛਾਲ ਮਾਰ ਦਿੱਤੀ। ਜ਼ਮੀਨ ’ਤੇ ਡਿੱਗਣ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਹਸਪਤਾਲ ਸਟਾਫ਼ ਤੇ ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਨੂੰ ਤੁਰੰਤ ਐਮਰਜੈਂਸੀ ’ਚ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੜ੍ਹਾਈ ਦੇ ਦਬਾਅ ਹੇਠ ਹੋਣ ਦੀ ਚਰਚਾ
ਘਟਨਾ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਦੇ ਮਾਤਾ-ਪਿਤਾ ਹਸਪਤਾਲ ਪਹੁੰਚ ਗਏ। ਸੂਤਰਾਂ ਮੁਤਾਬਕ ਡਾ. ਕਰਨ ਪਿਛਲੇ ਕੁੱਝ ਸਮੇਂ ਤੋਂ ਪੜ੍ਹਾਈ ਨੂੰ ਲੈ ਕੇ ਮਾਨਸਿਕ ਦਬਾਅ ’ਚ ਸੀ। ਹਾਲਾਂਕਿ ਪੁਲਸ ਨੇ ਅਜੇ ਤੱਕ ਖ਼ੁਦਕੁਸ਼ੀ ਦੇ ਕਾਰਨਾਂ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਜਾਂਚ ਦੌਰਾਨ ਡਿਜੀਟਲ ਡਿਵਾਈਸਾਂ ਤੇ ਹੋਰ ਸਬੂਤਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬੀਆਂ ਦੇ ਖ਼ਾਤਿਆਂ 'ਚ ਆਏ 36,249.45 ਕਰੋੜ, ਇਨ੍ਹਾਂ ਅੰਕੜਿਆਂ ਨੇ ਖਿੱਚਿਆ ਧਿਆਨ
ਡੇਢ ਮਹੀਨੇ ਪਹਿਲਾਂ ਵੀ ਵਾਪਰੀ ਸੀ ਅਜਿਹੀ ਘਟਨਾ
ਦੱਸਣਯੋਗ ਹੈ ਕਿ 2 ਜੂਨ 2026 ਨੂੰ ਵੀ ਜੀ.ਐੱਮ.ਸੀ.ਐੱਚ.-32 ’ਚ ਇਕ ਹੋਰ ਰੈਜ਼ੀਡੈਂਟ ਡਾਕਟਰ ਦੀ ਖ਼ੁਦਕੁਸ਼ੀ ਨੇ ਸਵਾਲ ਖੜ੍ਹੇ ਕੀਤੇ ਸਨ। ਉਸ ਸਮੇਂ 25 ਸਾਲਾ ਡਾ. ਯੋਗੇਸ਼ ਬੰਗਾ, ਜੋ ਜਨਰਲ ਮੈਡੀਸਿਨ ਵਿਭਾਗ ’ਚ ਐੱਮ.ਡੀ. ਪਹਿਲੇ ਸਾਲ ਦਾ ਵਿਦਿਆਰਥੀ ਅਤੇ ਪੀ. ਜੀ. ਜੂਨੀਅਰ ਰੈਜ਼ੀਡੈਂਟ ਸੀ, ਨੇ ਟਰਾਮਾ ਸੈਂਟਰ ਦੇ ਬਾਥਰੂਮ ’ਚ ਖ਼ੁਦਕੁਸ਼ੀ ਕਰ ਲਈ ਸੀ। ਡਾ. ਯੋਗੇਸ਼ ਨੇ ਘਟਨਾ ਤੋਂ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਜੀ.ਐੱਮ.ਸੀ.ਐੱਚ.-32 ’ਚ ਜੁਆਇਨ ਕੀਤਾ ਸੀ। ਪੋਸਟਮਾਰਟਮ ਦੌਰਾਨ ਉਸ ਦੇ ਸਰੀਰ ’ਚ ਪੋਟੈਸ਼ੀਅਮ ਸਾਇਨਾਈਡ ਮਿਲਿਆ ਸੀ। ਉਹ ਮੂਲ ਰੂਪ ’ਚ ਜਲੰਧਰ ਦੇ ਕੰਗਣੀਵਾਲ ਪਿੰਡ ਦਾ ਰਹਿਣ ਵਾਲਾ ਸੀ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News