ਡਿਸਚਾਰਜ ਤੋਂ ਐਨ ਪਹਿਲਾਂ ਮਰੀਜ਼ ਨੇ ਹਸਪਤਾਲ ਦੀ 5ਵੀਂ ਮੰਜ਼ਿਲ ਤੋਂ ਮਾਰੀ ਛਾਲ
Monday, Jul 27, 2026 - 11:29 AM (IST)
ਚੰਡੀਗੜ੍ਹ (ਸ਼ੀਨਾ) : ਪੀ. ਜੀ. ਆਈ. ਦੇ ਐਡਵਾਂਸਡ ਟਰਾਮਾ ਸੈਂਟਰ (ਏ. ਟੀ. ਸੀ.) ’ਚ ਐਤਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਨਿਊਰੋਸਰਜਰੀ ਵਾਰਡ ’ਚ ਦਾਖ਼ਲ ਮਰੀਜ਼ ਨੇ 5ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਘਟਨਾ ’ਚ ਮਰੀਜ਼ ਨੂੰ ਗੰਭੀਰ ਸੱਟਾਂ ਲੱਗੀਆਂ। ਹਸਪਤਾਲ ਦੀ ਸੁਰੱਖਿਆ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਮਰੀਜ਼ ਨੂੰ ਬਚਾਇਆ ਤੇ ਟਰਾਮਾ ਸੈਂਟਰ ਦੇ ਟ੍ਰਾਈਏਜ ਏਰੀਆ ’ਚ ਪਹੁੰਚਾਇਆ, ਜਿੱਥੇ ਮੁੱਢਲਾ ਇਲਾਜ ਦੇਣ ਤੋਂ ਬਾਅਦ ਉਸ ਨੂੰ ਟਰਾਮਾ ਆਈ. ਸੀ. ਯੂ. ’ਚ ਦਾਖ਼ਲ ਕਰ ਦਿੱਤਾ ਗਿਆ। ਡਾਕਟਰਾਂ ਦੀ ਟੀਮ ਉਸ ਦੀ ਹਾਲਤ ’ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਪੀ. ਜੀ. ਆਈ. ਦੇ ਅਧਿਕਾਰਤ ਬੁਲਾਰੇ ਮੁਤਾਬਕ 58 ਸਾਲਾ ਮੇਜਰ ਸਿੰਘ ਨੂੰ 23 ਜੁਲਾਈ ਨੂੰ ਦਿਮਾਗ ’ਚ ਖ਼ੂਨ ਜੰਮਣ ਦੀ ਬੀਮਾਰੀ ਕ੍ਰੋਨਿਕ ਸਬਡਿਊਰਲ ਹੈਮਰੇਜ ਕਾਰਨ ਐਡਵਾਂਸਡ ਟਰਾਮਾ ਸੈਂਟਰ ਦੇ ਨਿਊਰੋਸਰਜਰੀ ਵਾਰਡ ’ਚ ਦਾਖ਼ਲ ਕਰਵਾਇਆ ਗਿਆ ਸੀ। ਉਸੇ ਦਿਨ ਉਸ ਦੀ ਸਰਜਰੀ ਕੀਤੀ ਗਈ ਸੀ। ਆਪਰੇਸ਼ਨ ਤੋਂ ਬਾਅਦ ਉਹ 5ਵੀਂ ਮੰਜ਼ਿਲ ਸਥਿਤ ਨਿਊਰੋਸਰਜਰੀ ਵਾਰਡ ’ਚ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਅਧੀਨ ਸੀ ਅਤੇ ਉਸ ਦੀ ਸਿਹਤ ’ਚ ਸੁਧਾਰ ਨੂੰ ਦੇਖਦਿਆਂ ਐਤਵਾਰ ਨੂੰ ਹਸਪਤਾਲ ਤੋਂ ਛੁੱਟੀ ਦੀ ਪ੍ਰਕਿਰਿਆ ਚੱਲ ਰਹੀ ਸੀ।
ਡਿਸਚਾਰਜ ਦੌਰਾਨ ਹੋਇਆ ਵਿਵਾਦ, ਫਿਰ ਚੁੱਕਿਆ ਖ਼ੌਫ਼ਨਾਕ ਕਦਮ
ਹਸਪਤਾਲ ਪ੍ਰਸ਼ਾਸਨ ਮੁਤਾਬਕ ਡਿਸਚਾਰਜ ਦੌਰਾਨ ਮਰੀਜ਼ ਦੀ ਆਪਣੇ ਰਿਸ਼ਤੇਦਾਰ ਨਾਲ ਤਕਰਾਰ ਹੋ ਗਈ। ਕੁੱਝ ਹੀ ਸਮੇਂ ਬਾਅਦ ਉਹ ਵਾਰਡ ਦੇ ਵਾਸ਼ਰੂਮ ’ਚ ਗਿਆ ਅਤੇ ਉੱਥੇ ਮੌਜੂਦ ਖਿੜਕੀ ਰਾਹੀਂ 5ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਹਾਦਸੇ ਦੀ ਆਵਾਜ਼ ਸੁਣਦੇ ਹੀ ਸੁਰੱਖਿਆ ਮੁਲਾਜ਼ਮ ਤੇ ਹਸਪਤਾਲ ਸਟਾਫ਼ ਮੌਕੇ ’ਤੇ ਪਹੁੰਚਿਆ ਤੇ ਗੰਭੀਰ ਜ਼ਖ਼ਮੀ ਮਰੀਜ਼ ਨੂੰ ਤੁਰੰਤ ਐਮਰਜੈਂਸੀ ਇਲਾਜ ਲਈ ਟ੍ਰਾਈਏਜ ਏਰੀਆ ’ਚ ਲਿਜਾਇਆ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਟਰਾਮਾ ਆਈ. ਸੀ. ਯੂ. ’ਚ ਸ਼ਿਫਟ ਕਰ ਦਿੱਤਾ ਗਿਆ।
ਖ਼ੁਦਕੁਸ਼ੀ ਦੀ ਕੋਸ਼ਿਸ਼ ਪਿੱਛੇ ਅਸਲ ਕਾਰਨ ਅਜੇ ਸਪੱਸ਼ਟ ਨਹੀਂ
ਹਸਪਤਾਲ ਪ੍ਰਸ਼ਾਸਨ ਕੋਲ ਮਰੀਜ਼ ਦੇ ਦਾਖਲੇ, ਸਰਜਰੀ ਤੇ ਡਿਸਚਾਰਜ ਨਾਲ ਸਬੰਧਿਤ ਸਾਰੀ ਜਾਣਕਾਰੀ ਮੌਜੂਦ ਹੈ ਪਰ ਮਰੀਜ਼ ਵੱਲੋਂ ਇਹ ਸਖ਼ਤ ਕਦਮ ਚੁੱਕਣ ਦਾ ਅਸਲ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ। ਹਾਲਾਂਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਰਿਸ਼ਤੇਦਾਰ ਨਾਲ ਹੋਈ ਤਕਰਾਰ ਨੂੰ ਇਸ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਅਧਿਕਾਰਤ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ।
ਘਟਨਾ ਨੇ ਹਸਪਤਾਲਾਂ ’ਚ ਮਰੀਜ਼ਾਂ ਦੀ ਮਾਨਸਿਕ ਸਿਹਤ ’ਤੇ ਚੁੱਕੇ ਸਵਾਲ
ਇਸ ਘਟਨਾ ਨੇ ਇਕ ਵਾਰ ਫਿਰ ਹਸਪਤਾਲਾਂ ’ਚ ਦਾਖ਼ਲ ਮਰੀਜ਼ਾਂ ਦੀ ਮਾਨਸਿਕ ਸਿਹਤ ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਦਿਮਾਗ ਦੀ ਸਰਜਰੀ ਕਰਵਾ ਚੁੱਕੇ ਜਾਂ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ ਲੰਬੇ ਇਲਾਜ, ਦਰਦ, ਮਾਨਸਿਕ ਦਬਾਅ ਤੇ ਪਰਿਵਾਰਕ ਹਾਲਾਤਾਂ ਕਾਰਨ ਭਾਵਨਾਤਮਕ ਤਣਾਅ ’ਚ ਆ ਸਕਦੇ ਹਨ। ਅਜਿਹੇ ਮਰੀਜ਼ਾਂ ਨੂੰ ਡਿਸਚਾਰਜ ਸਮੇਂ ਵੀ ਲਗਾਤਾਰ ਨਿਗਰਾਨੀ, ਮਨੋਵਿਗਿਆਨਕ ਸਹਾਇਤਾ ਤੇ ਪਰਿਵਾਰ ਨਾਲ ਬਿਹਤਰ ਤਾਲਮੇਲ ਦੀ ਲੋੜ ਹੁੰਦੀ ਹੈ, ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਨੂੰ ਸਮੇਂ ਸਿਰ ਰੋਕਿਆ ਜਾ ਸਕੇ। ਫਿਲਹਾਲ ਪੀ. ਜੀ. ਆਈ. ਦੇ ਡਾਕਟਰ ਮਰੀਜ਼ ਦੀ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਜਦਕਿ ਹਸਪਤਾਲ ਪ੍ਰਸ਼ਾਸਨ ਘਟਨਾ ਦੇ ਸਾਰੇ ਪਹਿਲੂਆਂ ਦੀ ਜਾਂਚ ’ਚ ਜੁੱਟਿਆ ਹੋਇਆ ਹੈ।
