ਪੁਲਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਮੁਲਜ਼ਮ ਗ੍ਰਿਫਤਾਰ

Sunday, Oct 22, 2017 - 06:19 AM (IST)

ਪੱਟੀ,   (ਸੌਰਭ, ਬੇਅੰਤ ਸਿੰਘ)- ਪੁਲਸ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਚੀਮਾ ਕਲਾਂ ਵਿਖੇ 8-9 ਅਕਤੂਬਰ ਦੀ ਦਰਮਿਆਨੀ ਰਾਤ ਅਣਪਛਾਤੇ ਵਿਅਕਤੀ ਵੱਲੋਂ ਇਕ ਵਿਅਕਤੀ ਦਾ ਕਤਲ ਤੇ ਇਕ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ ਤੇ ਖੁਦ ਮੌਕੇ ਤੋਂ ਫਰਾਰ ਹੋ ਗਿਆ ਸੀ। ਪੁਲਸ ਨੇ ਡੂੰਘੀ ਤਫਤੀਸ਼ ਤੋਂ ਬਾਅਦ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। 
ਇਸ ਸਬੰਧੀ ਦੇਰ ਸ਼ਾਮ ਡੀ. ਐੱਸ. ਪੀ. ਸੋਹਣ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕੇ 8-9 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਦੋ ਨੌਜਵਾਨ, ਜਿਨ੍ਹਾਂ ਵਿਚ ਸਾਰਜ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਬਾਸਰਕੇ ਤੇ ਜਤਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਬਾਸਰਕੇ ਪਹਿਲਾਂ ਭਿੱਖੀਵਿੰਡ ਤੇ ਫਿਰ ਦੇਰ ਰਾਤ ਤੱਕ ਪੱਟੀ ਵਿਖੇ ਸ਼ਰਾਬ ਪੀਂਦੇ ਰਹੇ, ਬਾਅਦ 'ਚ ਉਹ ਆਪਣੇ ਰਿਸ਼ਤੇਦਾਰਾਂ ਕੋਲ ਪਿੰਡ ਚੀਮਾ ਕਲਾਂ ਵਿਖੇ ਚਲੇ ਗਏ। ਦੇਰ ਰਾਤ ਉਹ ਉਥੋਂ ਵਾਪਸ ਪੱਟੀ ਨੂੰ ਆ ਰਹੇ ਸਨ ਕਿ ਰਸਤੇ ਵਿਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਲੁੱਟਣ ਦੀ ਨੀਅਤ ਨਾਲ ਤੇਜ਼ ਹਥਿਆਰਾਂ ਨਾਲ ਹਮਲਾ ਕਰ ਕੇ ਜਤਿੰਦਰ ਸਿੰਘ ਦਾ ਕਤਲ ਕਰ ਦਿੱਤਾ ਤੇ ਸਾਰਜ ਸਿੰਘ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਮ੍ਰਿਤਕ ਜਤਿੰਦਰ ਦੇ ਪਰਿਵਾਰ ਵਾਲਿਆਂ ਨੇ ਸਾਰਜ ਸਿੰਘ 'ਤੇ ਹੀ ਸ਼ੱਕ ਕਰ ਕੇ ਮੁਕੱਦਮਾ ਦਰਜ ਕਰਵਾ ਦਿੱਤਾ।
 ਉਨ੍ਹਾਂ ਦੱਸਿਆ ਕਿ ਪੁਲਸ ਥਾਣਾ ਸਦਰ ਪੱਟੀ ਦੇ ਮੁਖੀ ਇੰਸਪੈਕਟਰ ਰਾਜੇਸ਼ ਕੁਮਾਰ ਕੱਕੜ ਵੱਲੋਂ ਇਸ ਕੇਸ ਸਬੰਧੀ ਕੀਤੀ ਤਫਤੀਸ਼ 'ਚ ਸਾਹਮਣੇ ਆਇਆ ਕਿ ਉਸ ਰਾਤ ਨੂੰ ਜਤਿੰਦਰ ਸਿੰਘ ਅਤੇ ਸਾਰਜ ਸਿੰਘ ਨੂੰ ਲੁੱਟਣ ਦੀ ਨੀਅਤ ਨਾਲ ਪਿੰਡ ਚੀਮਾ ਕਲਾਂ ਦੇ ਹੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਗੱਜਣ ਸਿੰਘ ਨੇ ਡਾਂਗ ਨਾਲ ਵਾਰ ਕਰ ਦਿੱਤਾ ਸੀ, ਜਿਸ ਕਾਰਨ ਜਤਿੰਦਰ ਸਿੰਘ ਦੀ ਜ਼ਿਆਦਾ ਸੱਟ ਲੱਗਣ ਕਾਰਨ ਮੌਤ ਹੋ ਗਈ ਸੀ, ਜਦਕਿ ਸਾਰਜ ਸਿੰਘ ਘਬਰਾਇਆ ਹੋਇਆ ਥੱਲੇ ਡਿੱਗ ਪਿਆ ਸੀ, ਜਿਸ 'ਤੇ ਗੋਪੀ ਨੇ ਉਸ ਕੋਲੋਂ ਮੋਬਾਇਲ ਖੋਹ ਲਿਆ। ਪੁਲਸ ਨੇ ਪੁੱਛਗਿੱਛ ਦੌਰਾਨ ਗੋਪੀ ਕੋਲੋਂ ਘਟਨਾ 'ਚ ਵਰਤੀ ਡਾਂਗ, ਮੋਬਾਇਲ, ਟਾਰਚ ਤੇ ਸਾਈਕਲ ਬਰਾਮਦ ਕੀਤਾ ਹੈ। 


Related News