ਥਾਣਾ ਇੰਚਾਰਜ ਵਲੋਂ ਗਲਤ ਵਿਵਹਾਰ, ਲੋਕਾਂ ਕੀਤਾ ਥਾਣੇ ਦਾ ਘਿਰਾਓ

Wednesday, Nov 01, 2017 - 07:31 AM (IST)

ਥਾਣਾ ਇੰਚਾਰਜ ਵਲੋਂ ਗਲਤ ਵਿਵਹਾਰ, ਲੋਕਾਂ ਕੀਤਾ ਥਾਣੇ ਦਾ ਘਿਰਾਓ

ਚੰਡੀਗੜ੍ਹ, (ਸੁਸ਼ੀਲ)- ਮਨੀਮਾਜਰਾ ਥਾਣਾ ਇੰਚਾਰਜ ਕਰਮਚੰਦ ਵਲੋਂ ਲੋਕਾਂ ਨਾਲ ਗਲਤ ਵਿਵਹਾਰ ਕਰਨ ਦੇ ਰੋਸ 'ਚ ਲੋਕਾਂ ਨੇ ਥਾਣੇ ਦਾ ਘਿਰਾਓ ਕਰਕੇ ਇੰਚਾਰਜ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਸਥਾਨਕ ਲੋਕਾਂ ਨੇ ਆਲ੍ਹਾ ਅਫਸਰਾਂ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਥਾਣਾ ਇੰਚਾਰਜ ਕਰਮਚੰਦ ਦਾ ਤਬਾਦਲਾ ਕੀਤਾ ਜਾਵੇ , ਕਿਉਂਕਿ ਉਸਨੂੰ ਪਬਲਿਕ ਡੀਲਿੰਗ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹੈਰਾਨੀ ਇਹ ਹੈ ਕਿ ਥਾਣਾ ਇੰਚਾਰਜ ਦੇ ਗਲਤ ਵਿਵਹਾਰ ਤੋਂ ਨਾਰਾਜ਼ ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਹਰਮੋਹਨ ਧਵਨ ਖੁਦ ਮਨੀਮਾਜਰਾ ਥਾਣੇ ਵਿਚ ਪਹੁੰਚ ਗਏ। ਉਹ ਲੋਕਾਂ ਨਾਲ ਸੜਕ 'ਤੇ ਬੈਠ ਗਏ ਤੇ ਥਾਣਾ ਇੰਚਾਰਜ ਖਿਲਾਫ ਨਾਅਰੇਬਾਜ਼ੀ ਕੀਤੀ। ਮਾਮਲਾ ਵਿਗੜਦਾ ਵੇਖ ਕੇ ਮੌਲੀਜਾਗਰਾਂ ਥਾਣਾ ਇੰਚਾਰਜ ਬਲਦੇਵ ਕੁਮਾਰ ਮੌਕੇ 'ਤੇ ਪਹੁੰਚੇ ਤੇ ਹਰਮੋਹਨ ਧਵਨ ਤੇ ਲੋਕਾਂ ਨੂੰ ਸ਼ਾਂਤ ਕੀਤਾ। ਕੇਂਦਰੀ ਮੰਤਰੀ ਦੇ ਨਾਲ ਰਾਜੇਸ਼ ਪਹਿਲਵਾਨ, ਮੁਰਾਰੀ ਲਾਲ, ਰਾਕੇਸ਼ ਵਰਮਾ ਤੇ ਬਲਜੀਤ ਸਮੇਤ ਹੋਰ ਲੋਕ ਵੀ ਮੌਜੂਦ ਸਨ।
ਲੋਕਾਂ ਕਿਹਾ-ਥਾਣਾ ਇੰਚਾਰਜ ਨਹੀਂ ਸੁਣਦਾ ਉਨ੍ਹਾਂ ਦੀ ਸਮੱਸਿਆ : ਮਨੀਮਾਜਰਾ ਦੇ ਲੋਕ ਨਵੇਂ ਥਾਣਾ ਇੰਚਾਰਜ ਇੰਸਪੈਕਟਰ ਕਰਮਚੰਦ ਤੋਂ ਕਾਫੀ ਪ੍ਰੇਸ਼ਾਨ ਹੋ ਚੁੱਕੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਥਾਣਾ ਇੰਚਾਰਜ ਕੋਲ ਉਹ ਆਪਣੀ ਸਮੱਸਿਆ ਲੈ ਕੇ ਜਾਂਦੇ ਹਨ ਤਾਂ ਉਹ ਸਮੱਸਿਆ ਸੁਣਨ ਦੀ ਬਜਾਏ ਉਨ੍ਹਾਂ ਨਾਲ ਗਲਤ ਵਿਵਹਾਰ ਕਰਦੇ ਹਨ। ਬਲਜੀਤ ਸਿੰਘ ਨੇ ਕਿਹਾ ਕਿ ਪੁਲਸ ਅਫਸਰਾਂ ਨੇ ਅਜਿਹੇ ਇੰਸਪੈਕਟਰ ਨੂੰ ਥਾਣਾ ਇੰਚਾਰਜ ਲਾ ਦਿੱਤਾ ਹੈ, ਜਿਸ ਨੂੰ ਆਪਣੀ ਜ਼ਿੰਮੇਵਾਰੀ ਬਾਰੇ ਕੁਝ ਪਤਾ ਹੀ ਨਹੀਂ।


Related News