ਥਾਣੇ ''ਚ ਭਜਾ-ਭਜਾ ਕੁੱਟੇ ਪੁਲਸ ਵਾਲੇ, ਸੀ. ਸੀ. ਟੀ. ਵੀ. ''ਚ ਕੈਦ ਹੋਈ ਘਟਨਾ (ਵੀਡੀਓ)

Saturday, Sep 07, 2019 - 06:49 PM (IST)

ਫਾਜ਼ਿਲਕਾ (ਸੁਨੀਲ ਨਾਗਪਾਲ) : ਜ਼ਿਲਾ ਫਾਜ਼ਿਲਕਾ ਦੇ ਥਾਣਾ ਅਰਨੀਵਾਲਾ 'ਚ ਕੁਝ ਮੁਲਜ਼ਮਾਂ ਵਲੋਂ ਥਾਣੇ ਅੰਦਰ ਦਾਖਲ ਹੋ ਕੇ ਪੁਲਸ ਮੁਲਾਜ਼ਮਾਂ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣੇ 'ਚ ਹੋਈ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ। ਦਰਅਸਲ ਸੱਟਾ ਲਗਾਉਣ ਵਾਲੀ ਇਕ ਔਰਤ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਸੀ, ਜਿਸ ਨੂੰ ਫਿਰੋਜ਼ਪੁਰ ਦੀ ਕੇਂਦਰੀ ਜੇਲ 'ਚ ਭੇਜ ਦਿੱਤਾ ਗਿਆ ਪਰ ਇਸ ਤੋਂ ਨਾਰਾਜ਼ ਮਹਿਲਾ ਦਾ ਪਤੀ ਅਤੇ ਦਿਓਰ ਆਪਣੇ ਭਤੀਜਿਆਂ ਨਾਲ ਥਾਣੇ ਆਇਆ ਅਤੇ ਪੁਲਸ 'ਤੇ ਹਮਲਾ ਕਰ ਦਿੱਤਾ। 

ਇਸ ਹਮਲੇ ਦੌਰਾਨ ਦੋ ਪੁਲਸ ਮੁਲਾਜ਼ਮ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸੀ. ਸੀ. ਟੀ. ਵੀ. ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੇਖੌਫ ਮੁਲਜ਼ਮ ਪੁਲਸ ਮੁਲਾਜ਼ਮਾਂ ਨੂੰ ਥਾਣੇ ਵਿਚ ਭਜਾ-ਭਜਾ ਕੇ ਡਾਂਗਾਂ ਨਾਲ ਕੁੱਟ ਰਹੇ ਹਨ ਅਤੇ ਪੁਲਸ ਮੁਲਾਜ਼ਮ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜ ਰਹੇ ਹਨ। ਹਸਪਤਾਲ ਵਿਚ ਦਾਖ਼ਲ ਹੋਮ ਗਾਰਡ ਦੇ ਪੁਲਸ ਮੁਲਾਜ਼ਮ ਸਲਵਿੰਦਰ ਸਿੰਘ ਅਤੇ ਜੋਮਿਲ ਮਸੀਹ ਨੇ ਦੱਸਿਆ ਕਿ ਉਹ ਥਾਣਾ ਅਰਨੀਵਾਲਾ ਦੇ ਗੇਟ 'ਤੇ ਤਾਇਨਾਤ ਸੀ। ਇਸ ਦੌਰਾਨ ਕੁਝ ਲੋਕ ਜ਼ਬਰਦਸਤੀ ਥਾਣੇ ਵਿਚ ਵੜਨ ਦੀ ਕੋਸ਼ਿਸ਼ ਕਰਨ ਲੱਗੇ ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਮੁਲਜ਼ਮਾਂ ਨੇ ਉਨ੍ਹਾਂ ਦੀਆਂ ਬੰਦੂਕਾਂ ਖੋਹ ਲਈਆਂ ਤੇ ਡਾਂਗਾਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਜਿਸ ਵਿਚ ਉਹ ਦੋਵੇਂ ਜ਼ਖ਼ਮੀ ਹੋ ਗਏ।

ਇਸ ਸਬੰਧੀ ਜਦੋਂ ਥਾਣਾ ਅਰਨੀਵਾਲਾ ਦੇ ਐੱਸ. ਐੱਚ. ਓ. ਕੌਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 5 ਲੋਕਾਂ 'ਤੇ ਸਾਜ਼ਿਸ਼ ਕਰਕੇ ਥਾਣੇ ਅੰਦਰ ਦਾਖ਼ਲ ਹੋਣ ਅਤੇ ਪੁਲਸ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਕੌਰ ਸਿੰਘ ਨੇ ਦੱਸਿਆ ਕਿ ਫਿਲਹਾਲ ਪੰਜੇ ਮੁਲਜ਼ਮ ਫਰਾਰ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Gurminder Singh

Content Editor

Related News