ਪੁਲਸ ਨੇ ਦੋ ਚੋਰੀ ਦੇ ਮੋਟਰਸਾਈਕਲਾਂ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ

Friday, Nov 03, 2017 - 05:43 PM (IST)

ਗੁਰਦਾਸਪੁਰ (ਦੀਪਕ) – ਸੀ. ਆਈ. ਏ. ਸਟਾਫ ਵੱਲੋਂ ਨਾਕੇ ਦੌਰਾਨ ਇਕ ਨੌਜਵਾਨ ਨੂੰ ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ।        
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ. ਆਈ. ਏ ਸਆਫ ਦੇ ਇੰਚਾਰਜ ਐੱਸ. ਆਈ. ਗੁਲਸ਼ਨ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਪ੍ਰਦੀਪ ਕੁਮਾਰ ਅਤੇ ਏ. ਐੱਸ. ਆਈ. ਲਖਬੀਰ ਸਿੰਘ ਨੇ ਪੁਲਸ ਪਾਰਟੀ ਨਾਲ ਐੱਸ. ਡੀ. ਕਾਲਜ ਕਾਹਨੂੰਵਾਨ ਰੋਡ ਗੁਰਦਾਸਪੁਰ 'ਚ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੌਰਾਨ ਉਥੋਂ ਲੰਘ ਰਹੇ ਵਾਹਨਾਂ ਦੀ ਗੰਭੀਰਤਾ ਨਾਲ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇਕ ਨੌਜਵਾਨ ਗੁਰਦਾਸਪੁਰ ਵਾਲੀ ਸਾਇਡ ਤੋਂ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਆ ਰਿਹਾ ਸੀ ਜਿਸ ਨੁੰ ਨਾਕੇ 'ਤੇ ਰੋਕ ਕੇ ਉਸ ਦਾ ਨਾਮ ਪਤਾ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਮ ਨਰਿੰਦਰ ਕੁਮਾਰ ਉਫਰ ਨੀਟਾ ਪੁੱਤਰ ਦਲੀਪ ਕੁਮਾਰ ਵਾਸੀ ਮੁਹੱਲਾ ਇਸਲਾਮਾਬਾਦ ਗੁਰਦਾਸਪੁਰ ਦੱਸਿਆ। ਮੋਟਰਸਾਈਕਲ ਦੇ ਕਾਗਜ਼ਾਤ ਬਾਰੇ ਪੁੱਛਣ 'ਤੇ ਉਹ ਟਾਲ-ਮਟੋਲ ਕਰਨ ਲੱਗਾ। ਫਿਰ ਜਦ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਸ ਨੇ ਦੱਸਿਆ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ ਅਤੇ ਉਸ ਨੇ ਇਹ ਮੋਟਰਸਾਈਕਲ ਸਿਟੀ ਬਟਾਲਾ 'ਚੋਂ ਚੋਰੀ ਕੀਤਾ ਸੀ। ਜਦ ਪੁਲਸ ਮੁਲਾਜ਼ਮਾਂ ਵੱਲੋਂ ਹੋਰ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੇ ਚਾਣਨ ਦੀਆਂ ਮੜੀਆਂ ਗੁਰਦਾਸਪੁਰ 'ਚ ਇਕ ਹੋਰ ਮੋਟਰਸਾਈਕਲ ਲੁਕਾ ਕੇ ਰੱਖਿਆ ਹੋਇਆ ਹੈ, ਜਿਸ ਤੋਂ ਬਾਅਦ ਪੁਲਸ ਨੇ ਉਸ ਦੀ ਨਿਸ਼ਾਨਦੇਹੀ 'ਤੇ ਉਹ ਮੋਟਰਸਾਈਕਲ ਵੀ ਬਰਾਮਦ ਕਰ ਲਿਆ। ਪੁੱਛਗਿੱਛ ਦੌਰਾਨ ਇਸ ਨੇ ਦੱਸਿਆ ਕਿ ਇਹ ਦੋਵੇਂ ਮੋਟਰਸਾਈਕਲ ਉਸ ਨੇ ਬਟਾਲਾ ਤੋਂ ਹੀ ਚੋਰੀ ਕੀਤੇ ਸੀ। ਦੋਵੇਂ ਮੋਟਰਸਾਈਕਲਾਂ 'ਚੋਂ ਇਕ ਮੋਟਰਸਾਈਕਲ ਹੀਰੋ ਹਾਂਡਾ ਸਪਲੈਂਡਰ ਪਲੱਸ ਅਤੇ ਦੂਸਰਾ ਹੀਰੋ ਹਾਂਡਾ ਮੋਟਰਸਾਈਕਲ ਹੈ। ਐੱਸ. ਆਈ. ਗੁਲਸ਼ਨ ਕੁਮਾਰ ਨੇ ਦੱਸਿਆ ਕਿ ਦੋਸ਼ੀ ਨਰਿੰਦਰ ਕੁਮਾਰ ਦੇ ਖਿਲਾਫ ਥਾਣਾ ਸਿਟੀ 'ਚ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਨੂੰ ਹਿਰਾਸਤ 'ਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।


Related News