ਰਾਜਿੰਦਰਾ ਹਸਪਤਾਲ ’ਚੋਂ ਸਿਹਤਯਾਬ ਹੋਣ ਵਾਲੇ ਡਾਕਟਰ ਨੇ ਕੀਤਾ ਪਲਾਜ਼ਮਾ ਦਾਨ

Sunday, Sep 27, 2020 - 01:42 PM (IST)

ਰਾਜਿੰਦਰਾ ਹਸਪਤਾਲ ’ਚੋਂ ਸਿਹਤਯਾਬ ਹੋਣ ਵਾਲੇ ਡਾਕਟਰ ਨੇ ਕੀਤਾ ਪਲਾਜ਼ਮਾ ਦਾਨ

ਪਟਿਆਲਾ (ਪਰਮੀਤ) : ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਕੋਵਿਡ ਵਾਰਡ ’ਚੋਂ ਸਿਹਤਯਾਬ ਹੋਣ ਵਾਲੇ ਬਾਇਓਲੋਜੀ ਦੇ ਪ੍ਰੋਫੈਸਰ ਡਾ. ਕੇ. ਸੀ. ਗੋਇਲ ਨੇ ਵੀ ਆਪਣਾ ਪਲਾਜ਼ਮਾ ਦਾਨ ਕੀਤਾ ਹੈ। ਇਸ ਦੇ ਨਾਲ ਹੀ ਰਾਜਿੰਦਰਾ ਹਸਪਤਾਲ ਦੇ ਹੀ 2 ਹੋਰ ਜੂਨੀਅਰ ਰੈਜ਼ੀਡੈਂਟ ਡਾਕਟਰਾਂ ਨੇ ਵੀ ਕੋਵਿਡ ਦੀ ਬੀਮਾਰੀ ਖ਼ਿਲਾਫ਼ ਜੰਗ ਜਿੱਤਣ ਮਗਰੋਂ ਆਪਣਾ ਪਲਾਜ਼ਮਾ ਦਾਨ ਕਰਨ ਲਈ ਲੋੜੀਂਦੇ ਟੈਸਟ ਕਰਵਾਏ ਹਨ।

ਆਪਣਾ ਪਲਾਜ਼ਮਾ ਦਾਨ ਕਰਨ ਮਗਰੋਂ ਡਾ. ਕੇ. ਸੀ. ਗੋਇਲ ਨੇ ਕਿਹਾ ਕਿ ਪਲਾਜ਼ਮਾ ਦਾਨ ਕਰਨ ਨਾਲ ਸਰੀਰ ’ਚ ਕੋਈ ਵੀ ਕਮਜ਼ੋਰੀ ਨਹੀਂ ਆਉਂਦੀ, ਸਗੋਂ ਪਲਾਜ਼ਮਾ ਦਾਨ ਕਰ ਕੇ ਆਪਣੇ ਮਨ ਨੂੰ ਇਕ ਤਸੱਲੀ ਮਿਲਦੀ ਹੈ ਕਿ ਉਨ੍ਹਾਂ ਦੇ ਖੂਨ ਦਾ ਪਲਾਜ਼ਮਾ ਕਿਸੇ ਹੋਰ ਵਿਅਕਤੀ ਨੂੰ ਸਿਹਤਯਾਬ ਕਰਨ ਦੇ ਕੰਮ ਆਉਂਦਾ ਹੈ। ਉਨ੍ਹਾਂ ਨੇ ਹੋਰ ਵੀ ਕੋਵਿਡ ਪੀੜਤਾਂ ਨੂੰ ਅਪੀਲ ਕੀਤੀ ਕਿ ਉਹ ਸਿਹਤਯਾਬ ਹੋਣ ਉਪਰੰਤ ਡਾਕਟਰਾਂ ਦੀ ਸਲਾਹ ਦੇ ਨਾਲ ਆਪਣਾ ਪਲਾਜ਼ਮਾ ਦਾਨ ਕਰਨ ਲਈ ਰਾਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਨਾਲ ਸੰਪਰਕ ਕਰਨ।

ਇਸ ਮੌਕੇ ਡਾ. ਕੇ. ਸੀ. ਗੋਇਲ ਦੀ ਸ਼ਲਾਘਾ ਕਰਦੇ ਹੋਏ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਅਤੇ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐੱਚ. ਐੱਸ. ਰੇਖੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲ ਕਦਮੀ ਹੇਠ ਆਰੰਭੇ ਮਿਸ਼ਨ ਫਤਿਹ ਤਹਿਤ ਰਾਜਿੰਦਰਾ ਹਪਸਤਾਲ ਵਿਖੇ ਸਥਾਪਤ ਇਸ ਪਲਾਜ਼ਮਾ ਬੈਂਕ ’ਚ ਪਲਾਜ਼ਮਾ ਦਾਨ ਕਰਨ ਲਈ ਆਉਣ ਵਾਲਿਆਂ ਦਾ ਸਵਾਗਤ ਹੈ।


author

Babita

Content Editor

Related News