ਫਗਵਾੜਾ ਦੇ ਕਈ ਬਿਊਟੀ ਪਾਰਲਰਾਂ ਅਤੇ ਹੋਟਲਾਂ ''ਚ ਚੱਲ ਰਿਹਾ ਦੇਹ ਵਪਾਰ ਦਾ ਧੰਦਾ

04/06/2018 4:33:41 AM

ਫਗਵਾੜਾ, (ਰੁਪਿੰਦਰ ਕੌਰ)— ਫਗਵਾੜਾ ਸ਼ਹਿਰ ਦੇ ਕੁਝ ਬਿਊਟੀ ਪਾਰਲਰ, ਮਸਾਜ ਸੈਂਟਰ, ਹੋਟਲ ਅਤੇ ਗੈਸਟ ਹਾਊਸਾਂ ਵਿਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਪੁਲਸ ਨੇ ਕਈ ਵਾਰ ਦੇਹ ਵਪਾਰ ਦੇ ਮਾਮਲੇ ਵੀ ਫੜੇ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸ਼ਹਿਰ ਦੇ ਇਕ ਮਸਾਜ ਪਾਰਲਰ ਕਹਾਉਣ ਵਾਲੀ ਜਗ੍ਹਾ 'ਤੇ ਕੁਝ ਸਮਾਂ ਪਹਿਲਾਂ ਫਗਵਾੜਾ ਦੇ ਬਾਹਰੋਂ ਆਈ  ਪੁਲਸ ਨੇ ਵੀ ਛਾਪਾ ਮਾਰਿਆ ਸੀ ਪਰ ਹੁਣ ਪੁਲਸ ਵਲੋਂ ਲੰਮੇ ਸਮੇਂ ਤੋਂ ਦੇਹ ਵਪਾਰ ਦਾ ਕੰਮ ਕਰ ਰਹੇ ਅਨਸਰਾਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਕਾਰਨ ਇਨ੍ਹਾਂ ਸਥਾਨਾਂ ਦੇ ਮਾਲਕਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਉਹ ਆਪਣੇ ਕਾਰੋਬਾਰ ਦੀ ਆੜ 'ਚ ਲੱਖਾਂ ਰੁਪਏ ਵਸੂਲ ਕੇ ਆਪਣੇ ਕਮਰੇ ਦੇਹ ਵਪਾਰ ਲਈ ਦੇ ਰਹੇ ਹਨ। ਇਸ ਦੇਹ ਵਪਾਰ ਦੀ ਲੱਖਾਂ ਦੀ ਕਮਾਈ ਵਿਚ ਕਈ ਹਿੱਸੇਦਾਰ ਵੀ ਹਨ। 
ਸਕੂਲਾਂ-ਕਾਲਜਾਂ ਦੇ  ਨੌਜਵਾਨ ਵੀ ਧਸਦੇ ਜਾ ਰਹੇ ਹਨ ਗੰਦਗੀ 'ਚ 
ਫਗਵਾੜਾ ਸ਼ਹਿਰ ਇੰਡਸਟਰੀ ਵਜੋਂ ਮੰਨਿਆ ਜਾਂਦਾ ਹੈ ਤੇ ਨਾਲ ਰਸੂਖਦਾਰਾਂ ਦਾ ਘਰ ਵੀ ਕਿਹਾ ਜਾਂਦਾ ਹੈ ਅਤੇ ਇਥੋਂ ਦੇ ਅਮੀਰਜ਼ਾਦਿਆਂ ਦੇ ਸ਼ੌਕਾਂ ਕਾਰਨ ਹੀ ਇਥੇ ਅਜਿਹਾ ਵਪਾਰ ਸ਼ਹਿਰ ਵਿਚ ਖੰਭ ਫੈਲਾ ਰਿਹਾ ਹੈ। ਇਥੋਂ ਤਕ ਕਿ ਸਕੂਲਾਂ-ਕਾਲਜਾਂ ਦੇ ਨੌਜਵਾਨ  ਵੀ ਇਸ ਵਿਚ ਧਸਦੇ ਜਾ ਰਹੇ ਹਨ, ਜਿਸ 'ਤੇ ਲਗਾਮ ਲਗਾਉਣੀ ਬਹੁਤ ਜ਼ਰੂਰੀ ਹੋ ਗਈ ਹੈ। 
ਗਲੀ-ਮੁਹੱਲਿਆਂ 'ਚ ਵੀ ਪਣਪ ਰਿਹਾ ਹੈ ਵਪਾਰ 
ਪੁਲਸ ਪਹਿਲਾਂ ਵੱਡੇ ਪੱਧਰ 'ਤੇ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰ ਚੁੱਕੀ ਹੈ, ਜਿਸ ਵਿਚ ਕਈ ਸਫੇਦਪੋਸ਼ ਲੋਕ ਵੀ ਬੇਨਕਾਬ ਹੋ ਚੁੱਕੇ ਹਨ ਪਰ ਪਿਛਲੇ ਕਾਫੀ ਸਮੇਂ ਤੋਂ ਦੇਹ ਵਪਾਰ ਦੇ ਧੰਦੇ ਵਿਚ ਸ਼ਾਮਿਲ ਲੋਕਾਂ ਵਿਰੁੱਧ ਕੋਈ ਸਖ਼ਤ ਕਾਰਵਾਈ ਨਾ ਹੋਣ ਕਾਰਨ ਇਹ ਧੰਦਾ ਕਾਫੀ ਜ਼ੋਰਾਂ 'ਤੇ ਚੱਲਣ ਲੱਗ ਪਿਆ ਹੈ। ਹੁਣ ਇਨ੍ਹਾਂ ਧੰਦਿਆਂ ਦੇ ਲੋਕ ਸ਼ਹਿਰ 'ਚ ਕਈ ਪਾਸ਼ ਇਲਾਕਿਆਂ ਅਤੇ ਗਲੀ-ਮੁਹੱਲਿਆਂ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾ ਚੁੱਕੇ ਹਨ। ਇਸ ਧੰਦੇ ਵਿਚ ਲੱਗੇ ਪਾਰਲਰ, ਮਸਾਜ ਸੈਂਟਰ, ਹੋਟਲ ਅਤੇ ਗੈਸਟ ਹਾਊਸ ਦੇ ਮਾਲਕ ਦੂਜੇ ਸ਼ਹਿਰਾਂ ਤੋਂ ਆਈਆਂ ਕਾਲ ਗਰਲਜ਼ ਦੀ ਸਪਲਾਈ ਕਰਦੇ ਹਨ ਅਤੇ ਇਸ ਧੰਦੇ ਵਿਚ ਮੋਟੀ ਰਕਮ ਕਮਾ ਰਹੇ ਹਨ। ਇਨ੍ਹਾਂ 'ਚੋਂ ਕੁਝ ਹੋਟਲ, ਗੈਸਟ ਹਾਊਸ ਮਾਲਕਾਂ ਦਾ ਕਾਰੋਬਾਰ ਹੀ ਇਸ ਦੇਹ ਵਪਾਰ ਦੇ ਗੈਰ-ਕਾਨੂੰਨੀ ਕਾਰਵਾਈ ਨਾਲ ਜੁੜਿਆ ਹੋਇਆ ਹੈ।
ਦੇਹ ਵਪਾਰ ਲਾਹਨਤ ਹੈ, ਜਿਸ 'ਤੇ ਜਲਦੀ ਹੋਵੇਗੀ ਕਾਰਵਾਈ : ਐੱਸ. ਐੱਸ. ਪੀ.
ਇਸ ਸਬੰਧੀ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕਿਸੇ ਵੀ ਗੈਰ-ਕਾਨੂੰਨੀ ਧੰਦੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਿਥੋਂ ਤਕ ਸਵਾਲ ਹੈ ਦੇਹ ਵਪਾਰ ਦੇ ਧੰਦੇ ਦਾ, ਇਹ ਇਕ ਲਾਹਨਤ ਹੈ ਸਾਡੇ ਸਮਾਜ 'ਤੇ ਅਤੇ ਸਾਡੀ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਅਸੀਂ ਇਸ ਕੋਹੜ ਨੂੰ ਜੜ੍ਹੋਂ ਖਤਮ ਕਰੀਏ। ਇਸ, ਸਬੰਧੀ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਛੇਤੀ ਹੀ ਛਾਪੇਮਾਰੀ ਹੋਵੇਗੀ।


Related News