ਪੁਲਸ ਨੇ ਨਾਕੇ 'ਤੇ ਰੋਕਿਆ ਤਾਂ ਵਿਅਕਤੀ ਨੇ ਚਲਾ ਦਿੱਤੀ ਗੋਲ਼ੀ, ਪੁਲਸ ਨੇ ਜਵਾਬੀ ਫਾਇਰਿੰਗ ਕਰ ਕੀਤਾ ਗ੍ਰਿਫ਼ਤਾਰ
Saturday, Jan 28, 2023 - 08:32 PM (IST)
ਲੋਹੀਆਂ ਖ਼ਾਸ (ਮਨਜੀਤ): ਥਾਣਾ ਲੋਹੀਆਂ ਦੀ ਪੁਲਸ ਵੱਲੋਂ ਨਾਕੇਬੰਦੀ ਦੌਰਾਨ ਇਕ ਵਿਅਕਤੀ ਨੂੰ ਰੋਕਿਆ ਗਿਆ ਤਾਂ ਵਿਅਕਤੀ ਨੇ ਡੱਬ 'ਚੋਂ ਪਿਸਤੌਲ ਕੱਢ ਕੇ ਪਹਿਲਾਂ ਹਵਾਈ ਫ਼ਾਇਰ ਕੀਤਾ ਤੇ ਫ਼ਿਰ ਪੁਲਸ ਪਾਰਟੀ ਉੱਪਰ ਗੋਲ਼ੀ ਚਲਾ ਦਿੱਤੀ। ਇਸ ਦੌਰਾਨ ਥਾਣਾ ਮੁਖੀ ਅਤੇ ਸਿਪਾਹੀ ਨੂੰ ਫਿਸਲਣ ਕਾਰਨ ਮਾਮੂਲੀ ਸੱਟਾਂ ਲੱਗੀਆਂ। ਪੁਲਸ ਵੱਲੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਉਕਤ ਵਿਅਕਤੀ ਦੇ ਪੈਰ 'ਤੇ ਗੋਲ਼ੀ ਮਾਰ ਕੇ ਉਸ ਨੂੰ ਕਾਬੂ ਕਰ ਲਿਆ ਗਿਆ।
ਇਹ ਖ਼ਬਰ ਵੀ ਪੜ੍ਹੋ - ਪਤੰਗ ਉਡਾ ਰਹੇ ਬੱਚੇ ਲਈ ਕਾਲ ਬਣ ਕੇ ਆਈ ਤੇਜ਼ ਰਫ਼ਤਾਰ ਕਾਰ, ਹੋਈ ਦਰਦਨਾਕ ਮੌਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਜਲੰਧਰ ਦਿਹਾਤੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਥਾਣਾ ਲੋਹੀਆਂ ਦੀ ਪੁਲਸ ਵੱਲੋਂ ਥਾਣਾ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਦੀ ਅਗਵਾਈ ਵਿਚ ਸਤਲੁਜ ਦਰਿਆ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਸ ਪਾਰਟੀ ਨੂੰ ਪਿੰਡ ਫਤਿਹਪੁਰ ਭੰਗਵਾ ਤੋਂ ਬੰਨ੍ਹ ਦਰਿਆ ਸਤਲੁਜ ਵਿਖੇ ਇਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ। ਜਦ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਕਤ ਵਿਅਕਤੀ ਨੇ ਪਹਿਲਾਂ ਹਵਾ ਵਿਚ ਇਕ ਫਾਇਰ ਕੀਤਾ ਤੇ ਫਿਰ ਦੂਜਾ ਫਾਇਰ ਪੁਲਸ ਪਾਰਟੀ 'ਤੇ ਕਰ ਦਿੱਤਾ ਅਤੇ ਭੱਜਣ ਦੀ ਕੋਸ਼ਿਸ਼ ਕਰ ਕੀਤੀ। ਇਸ ਦੌਰਾਨ ਥਾਣਾ ਮੁਖੀ ਅਤੇ ਸਿਪਾਹੀ ਨੂੰ ਫਿਸਲਣ ਕਾਰਨ ਮਾਮੂਲੀ ਸੱਟਾਂ ਲੱਗੀਆਂ।
ਇਹ ਖ਼ਬਰ ਵੀ ਪੜ੍ਹੋ - ਟਰੈਕਟਰ ਚੋਰਾਂ ਨੇ ਮਾਲਕ 'ਤੇ ਚਲਾਈ ਗੋਲ਼ੀ, ਜਵਾਬੀ ਫਾਇਰਿੰਗ ਵਿਚ 1 ਦੀ ਮੌਤ, 2 ਗ੍ਰਿਫ਼ਤਾਰ
ਥਾਣਾ ਮੁਖੀ ਲੋਹੀਆਂ ਨੇ ਆਪਣਾ ਸਰਕਾਰੀ ਪਿਸਟਲ ਕੱਢ ਕੇ ਜਵਾਬੀ ਫਾਇਰ ਭੱਜਣ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ਦੇ ਪੈਰਾਂ ਵਿਚ ਕੀਤਾ ਜੋ ਉਸ ਦੀ ਲੱਤ ਦੇ ਗਿੱਟੇ ਉੱਪਰ ਲੱਗਾ ਤੇ ਉਸ ਨੂੰ ਕਾਬੂ ਕਰ ਲਿਆ। ਮੁਲਜ਼ਮ ਕੋਲੋਂ ਇਕ ਪਿਸਤੌਲ 32 ਬੋਰ, 17 ਰੋਂਦ ਜਿੰਦਾ 32 ਬੋਰ , ਇਕ ਦੇਸੀ ਪਿਸਤੌਲ 315 ਬੋਰ, 3 ਰੋਂਦ ਜਿੰਦਾ 315 ਬੋਰ ਦੇ ਬਰਾਮਦ ਕੀਤੇ ਗਏ। ਫਾਇਰ ਕਰਨ ਵਾਲੇ ਵਿਅਕਤੀ ਦੀ ਪਛਾਣ ਲਵਪ੍ਰੀਤ ਸਿੰਘ ਉਹਫ ਲੱਭਾ ਪੁੱਤਰ ਜੀਵਨ ਸਿੰਘ ਵਾਸੀ ਅਸਮੈਲਪੁਰ ਥਾਣਾ ਲੋਹੀਆ ਵਜੋਂ ਹੋਈ। ਜਿਸ 'ਤੇ ਧਾਰਾ 307, 353,186 ਆਈ. ਪੀ. ਸੀ. , 25-54-59 A , ACT ਤਹਿਤ ਮਾਮਲਾ ਦਰਜ ਕਰ ਤਫਤੀਸ਼ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਸਿਰਫ਼ਿਰੇ ਨੌਜਵਾਨ ਦਾ ਕਾਰਾ, ਕੁੜੀ ਨੇ ਤੰਗ ਕਰਨ ਤੋਂ ਰੋਕਿਆ ਤਾਂ ਘਰ ਜਾ ਕੇ ਮਾਰ 'ਤੀ ਗੋਲ਼ੀ
ਜ਼ਖ਼ਮੀ ਮੁਲਜ਼ਮ ਲਵਪ੍ਰੀਤ ਸਿੰਘ ਉਰਫ ਲੱਭਾ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਇਲਾਜ ਤੋਂ ਬਾਅਦ ਉਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਅਸਲਾ ਉਹ ਕਿਸ ਪਾਸੋਂ ਅਤੇ ਕਿਸ ਇਰਾਦੇ ਲਈ ਲੈ ਕੇ ਆਇਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।